ਨਵੀਂ ਦਿੱਲੀ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਕਾਰਨ ਅਪ੍ਰੈਲ ਮਹੀਨੇ ਦੇਸ਼ ਵਿੱਚ ਐਮਰਜੈਂਸੀ ਐਲਾਨੀ ਜਾ ਸਕਦੀ ਹੈ, ਇੱਕ ਵਾਇਰਲ ਸੰਦੇਸ਼ ਰਾਹੀਂ ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਫੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸੰਦੇਸ਼ ਪੂਰੀ ਤਰ੍ਹਾਂ ਫ਼ਰਜ਼ੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ ਮਹੀਨੇ ਦੇਸ਼ ਵਿੱਚ ਐਮਰਜੈਂਸੀ ਆਵੇਗੀ ਅਤੇ ਭਾਰਤੀ ਫੌਜ ਤਾਇਨਾਤ ਕੀਤੀ ਜਾਵੇਗੀ। ਸਾਬਕਾ ਸੈਨਿਕ, ਐਨਸੀਸੀ ਅਤੇ ਐਨਐਸਐਸ ਦੇ ਵਿਅਕਤੀ ਪ੍ਰਸ਼ਾਸਨ ਦੀ ਸਹਾਇਤਾ ਕਰਨਗੇ। ਅੱਜ ਇਸ ਸੰਦੇਸ਼ ਬਾਰੇ ਜ਼ਿਕਰ ਕਰਦਿਆਂ ਭਾਰਤੀ ਫੌਜ ਨੇ ਕਿਹਾ ਕਿ ਐਮਰਜੈਂਸੀ ਦੇ ਐਲਾਨ ਬਾਰੇ ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਅਤੇ ਗ਼ਲਤ ਸੰਦੇਸ਼ ਘੁੰਮ ਰਹੇ ਹਨ। ਇਹ ਪੂਰੀ ਤਰ੍ਹਾਂ ਫਰਜੀ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀ 21 ਦਿਨਾਂ ਦੇ ਲੌਕਡਾਊਨ ਦੇ ਵਾਧੇ ਬਾਰੇ ਗ਼ਲਤ ਖ਼ਬਰਾਂ ‘ਤੇ ਸਥਿਤੀ ਨੂੰ ਸਾਫ਼ ਕਰ ਦਿੱਤਾ ਹੈ। ਅਜਿਹੀਆਂ ਅਫਵਾਹਾਂ ਅਤੇ ਮੀਡੀਆ ਰਿਪੋਰਟਾਂ ਆ ਰਹੀਆਂ ਹਨ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਸਰਕਾਰ ਇਸ ਨੂੰ ਵਧਾਏਗੀ। ਕੈਬਨਿਟ ਸਕੱਤਰ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਬੇਬੁਨਿਆਦ ਹਨ ਅਤੇ ਲੌਕਡਾਊਨ ਨੂੰ ਅੱਗੇ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।