ਸਰਹੱਦ ‘ਤੇ ਹਰਕਤਾਂ ਮੁੜ ਤੇਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦੀਆਂ ਫੌਜਾਂ ‘ਚ ਜਾਰੀ ਤਣਾਅ ਨੂੰ ਘੱਟ ਕਰਨ ਦੇ ਲਈ ਕੂਟਨੀਤਕ ਅਤੇ ਫੌਜੀ ਪੱਧਰ ‘ਤੇ ਗੱਲਬਾਤ ਕੀਤੀ ਜਾ ਰਹੀ ਹੈ। ਦੋਵੇਂ ਫੌਜਾਂ ਦੇ ਕਮਾਂਡਰਾਂ ਦਰਮਿਆਨ ਗੱਲਬਾਤ ਦੇ ਮਹਿਜ ਦੋ ਦਿਨ ਬਾਅਦ ਅੱਜ ਲਾਈਨ ਆਫ਼ ਕੰਟਰੋਲ ਦੇ ਕੋਲ ਚੀਨ ਦੇ ਹੈਲੀਕਾਪਟਰ ਨਜ਼ਰ ਆਏ। ਇਹ ਘਟਨਾ ਦੋਵੇਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੀ 6 ਜੂਨ ਨੂੰ ਹੋਈ ਮੁਲਾਕਾਤ ਦੇ ਮਹਿਜ਼ ਦੋ ਦਿਨਾਂ ਬਾਅਦ ਹੋਈ ਹੈ। ਫੌਜੀ ਕਮਾਂਡਰਾਂ ਵੱਲੋਂ ਪੂਰਬੀ ਲੱਦਾਖ ‘ਚ ਜਾਰੀ ਤਣਾਅ ਨੂੰ ਘੱਟ ਕਰਨ ਦੇ ਲਈ ਗੱਲਬਾਤ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਪੂਰਬੀ ਲੱਦਾਖ ‘ਚ ਦੋਵੇਂ ਸੈਨਾਵਾਂ ਦਰਮਿਆਨ ਟਕਰਾਅ ਅਤੇ ਤਣਾਅ ਦੀ ਸਥਿਤੀ ਦੇ ਚਲਦਿਆਂ ਚੀਨ ਦੇ ਹੈਲੀਕਾਪਟਰ ਕਈ ਵਾਰ ਭਾਰਤੀ ਇਲਾਕਿਆਂ ‘ਚ ਵੀ ਨਜ਼ਰ ਆਏ ਹਨ। ਇਹ ਗਲਵਾਨ ਘਾਟੀ ‘ਚ ਭਾਰਤੀ ਕੰਸਟਰਕਸ਼ਨ ਸਾਈਟ ਦੇ ਉਪਰ ਵੀ ਉਡਦੇ ਦੇਖੇ ਗਏ ਸਨ।