ਹਫਤੇ ‘ਚ ਵਧੇ 30 ਫੀਸਦੀ ਵਧੇ ਕਰੋਨਾ ਪੀੜਤ ਮਰੀਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਢਾਈ ਮਹੀਨਿਆਂ ਦੇ ਲੌਕਡਾਊਨ ਮਗਰੋਂ ਦੇਸ਼ ਅੱਜ ਅਨਲੌਕ-1 ਦੇ ਦੂਜੇ ਗੇੜ ‘ਚ ਦਾਖ਼ਲ ਹੋ ਗਿਆ ਹੈ। ਇਸ ਦੇ ਨਾਲ ਹੀ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਰੈਸਟੋਰੈਂਟ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਲੰਘੇ ਇਕ ਹਫ਼ਤੇ ਦੌਰਾਨ ਜਿੰਨੀ ਤੇਜ਼ੀ ਨਾਲ ਕਰੋਨਾ ਦੇ ਕੇਸ ਵਧੇ ਹਨ ਪਹਿਲਾਂ ਕਦੇ ਵੀ ਨਹੀਂ ਵਧੇ ਤੇ ਹੁਣ ਜਦੋਂ ਜਨਤਕ ਇਕੱਠ ਵਾਲੀਆਂ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਤਾਂ ਵਾਇਰਸ ਦੇ ਫੈਲਣ ਦਾ ਖਤਰਾ ਵੀ ਨਾਲ ਹੀ ਵਧ ਗਿਆ ਹੈ। ਪੂਰੇ ਦੇਸ਼ ਲਈ ਇਹ ਫਿਕਰ ਵਾਲੀ ਗੱਲ ਹੈ। ਇਨ੍ਹਾਂ ਦਿਨਾਂ ‘ਚ ਰੋਜ਼ਾਨਾ 8000 ਤੋਂ 10,000 ਕਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਦਿੱਲੀ ‘ਚ ਹਰ ਰੋਜ਼ ਲਗਭਗ ਇਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ ਪੂਰੇ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ 58 ਹਜ਼ਾਰ ਤੋਂ ਪਾਰ ਚਲੀ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ ਵੀ 7 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਦੂਜੇ ਪਾਸੇ ਵਿਸ਼ਵ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 71 ਲੱਖ 22 ਹਜ਼ਾਰ ਤੋਂ ਪਾਰ ਚਲਾ ਗਿਆ ਜਦਕਿ ਵਿਸ਼ਵ ਭਰ ‘ਚ 4 ਲੱਖ 6 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।