2 ਕਰੋਨਾ ਪੀੜਤ ਵਿਅਕਤੀਆਂ ਦੀ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ। ਰੋਜ਼ਾਨਾ ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪੀੜਤ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ਅੰਦਰ ਕਰੋਨਾ ਵਾਇਰਸ ਤੋਂ ਪੀੜਤ 28 ਨਵੇਂ ਮਰੀਜ਼ ਸਾਹਮਣੇ ਆਏ। ਇਨ੍ਹਾਂ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਪੰਜਾਬ ‘ਚ ਕਰੋਨਾ ਪੀੜੜ ਮਰੀਜ਼ਾਂ ਦੀ ਗਿਣਤੀ 2636 ਹੋ ਗਈ ਹੈ ਜਿਨ੍ਹਾਂ ਵਿਚੋਂ 2106 ਵਿਅਕਤੀ ਕਰੋਨਾ ਨਾਮੀ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਅੱਜ ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਕਰੋਨਾ ਵਾਇਰਸ ਤੋਂ ਪੀੜਤ 15 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਜਲੰਧਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਲੰਧਰ ਜ਼ਿਲ੍ਹੇ ਕਰੋਨਾ ਤੋਂ ਪੀੜਤ ਪਾਏ ਗਏ ਨਵੇਂ ਕੇਸਾਂ ‘ਚ 5 ਔਰਤਾਂ ਅਤੇ 10 ਮਰਦ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਲੁਧਿਆਣਾ ‘ਚ 7, ਫਰੀਦਕੋਟ ਅਤੇ ਮੋਹਾਲੀ ‘ਚ 2-2, ਬਰਨਾਲਾ, ਫਾਜ਼ਿਲਕਾ ਅਤੇ ਗੁਰਦਾਸਪੁਰ ਜ਼ਿਲ੍ਹੇ 1-1 ਕਰੋਨਾ ਪੀੜਤ ਸਾਹਮਣੇ ਆਇਆ। ਇਸ ਇਲਾਵਾ ਅੱਜ ਪੰਜਾਬ ਅੰਦਰ ਦੋ ਕਰੋਨਾ ਪੀੜਤਾਂ ਦੀ ਮੌਤ ਵੀ ਹੋ ਗਈ।