ਕਿਸਾਨਾਂ ਤੇ ਆੜ੍ਹਤੀਆਂ ਸਾਹਮਣੇ ਖੜ੍ਹੀ ਹੋਈ ਵੱਡੀ ਸਮੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀਆਂ ਮੰਡੀਆਂ ‘ਚ 22 ਅਪ੍ਰੈਲ ਤਕ 23.56 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਦਕਿ ਲੰਘੇ ਸਾਲ ਇਸ ਦੇ ਮੁਕਾਬਲੇ 6.43 ਲੱਖ ਮੀਟ੍ਰਿਕ ਟਨ ਕਣਕ ਆਈ ਸੀ। ਪੰਜਾਬ ਸਰਕਾਰ ਵੱਲੋਂ ਕਣਕ ਲਿਆਉਣ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕੂਪਨ ਦੀ ਗਿਣਤੀ ਵਧਾਉਣ ਕਾਰਨ ਮੰਡੀਆਂ ‘ਚ ਹੁਣ ਕਣਕ ਦੀ ਫ਼ਸਲ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਜਦਕਿ ਫ਼ਸਲ ਦੀ ਅਦਾਇਗੀ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਮੰਡੀਆਂ ‘ਚ ਫ਼ਸਲ ਦੀ ਲਗਾਤਾਰ ਆਮਦ ਤੇ ਲੇਬਰ ਦੀ ਘਾਟ ਵੀ ਇਕ ਵੱਡੀ ਸਮੱਸਿਆ ਹੈ। ਸਰਕਾਰ ਨੇ ਅਜੇ ਤਕ ਕੁੱਲ ਖਰੀਦ ਦਾ 2300 ਕਰੋੜ ਰੁਪਏ ਰਿਲੀਜ਼ ਕਰਨ ਦਾ ਦਾਅਵਾ ਕੀਤਾ ਹੈ ਪਰ ਜ਼ਿਆਦਾਤਰ ਆੜ੍ਹਤੀਆਂ ਕੋਲ ਪੇਮੈਂਟ ਪਹੁੰਚੀ ਹੀ ਨਹੀਂ। ਆੜ੍ਹਤੀਆਂ ਮੁਤਾਬਕ ਜਿੰਨੇ ਕੂਪਨ ਦਿੱਤੇ ਜਾ ਰਹੇ ਹਨ ਓਨੀ ਹੀ ਫ਼ਸਲ ਮੰਗਵਾਈ ਜਾ ਰਹੀ ਹੈ ਪਰ ਲੇਬਰ ਦੀ ਕਮੀ ਹੋਣ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ।