Breaking News
Home / ਦੁਨੀਆ / ਸਿੱਖਾਂ ਨੇ ਦਸ ਲੱਖ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ

ਸਿੱਖਾਂ ਨੇ ਦਸ ਲੱਖ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਅਧਾਰਿਤ ਮੁਨਾਫ਼ਾ ਰਹਿਤ ਸਿੱਖ ਸੰਗਠਨ ‘ਯੂਨਾਈਟਿਡ ਸਿੱਖਸ’ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਉਪਜੇ ਇਸ ਸੰਕਟ ਦੇ ਸਮੇਂ ਦੌਰਾਨ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਹੁਣ ਤੱਕ ਦਸ ਲੱਖ ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਹੈ। ਇਸ ਮੁਸ਼ਕਲ ਸਮੇਂ ਵਿਚ ਗਰੀਬ ਪਰਿਵਾਰਾਂ ਨੂੰ ਖਿਲਾਉਣ ਲਈ ਆਪਣੀਆਂ ਹੰਗਾਮੀ ਸਹਾਇਤਾ ਟੀਮਾਂ ਦੇ ਨਾਲ ਅੱਗੇ ਆ ਕੇ ਮਦਦ ਕਰਨ ਵਾਲੇ ਸੰਗਠਨ ਨੇ ਕਿਹਾ ਕਿ ਉਨ੍ਹਾਂ ਭਾਰਤ, ਬਰਤਾਨੀਆ, ਮਲੇਸ਼ੀਆ, ਆਸਟਰੇਲੀਆ, ਅਮਰੀਕਾ ਤੇ ਕੈਨੇਡਾ ਸਣੇ ਹੋਰ ਦੇਸ਼ਾਂ ਵਿਚ ਦਸ ਲੱਖ ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਹੈ। ਅਮਰੀਕਾ ਵਿਚ ‘ਯੂਨਾਈਟਿਡ ਸਿੱਖਸ’ ਕੈਲੀਫੋਰਨੀਆ, ਵਾਸ਼ਿੰਗਟਨ, ਯੂਟਾ, ਮੈਰੀਲੈਂਡ ਸੂਬੇ ‘ਚ ਸਰਗਰਮ ਹੈ। ਨਿਊ ਯਾਰਕ ਵਿਚ 30,000 ਲੋਕਾਂ ਲਈ ਭੋਜਨ ਤਿਆਰ ਕਰਨ ਤੇ ਉਸ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਨਿਊ ਯਾਰਕ ਦੇ ਐਮਰਜੈਂਸੀ ਪ੍ਰਬੰਧਨ ਦਫ਼ਤਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਸਿਆਟਲ ਵਿਚ ਸੰਗਠਨ ਨੇ ਸਿਹਤ ਕਰਮੀਆਂ ਦੀ ਮਦਦ ਨਾਲ ਨਾਗਰਿਕਾਂ ਦੇ ਵਾਇਰਸ ਲਈ ਟੈਸਟ ਕੀਤੇ ਹਨ ਤੇ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਹਿਊਸਟਨ (ਟੈਕਸਸ) ਵਿਚ ਕਈ ਪਰਿਵਾਰਾਂ ਨੇ ‘ਯੂਨਾਈਟਿਡ ਸਿੱਖਸ’ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੇ ਉਹ ਘਰੇਲੂ ਲੋੜ ਦਾ ਸਾਮਾਨ ਤੇ ਖ਼ੁਰਾਕੀ ਪਦਾਰਥ ਮੁਹੱਈਆ ਨਾ ਕਰਵਾਉਂਦੇ ਤਾਂ ਸ਼ਾਇਦ ਭੁੱਖੇ ਰਹਿਣਾ ਪੈਂਦਾ। ਬਰਤਾਨੀਆ ਵਿਚ ਵੀ ਲੋਕਾਂ ਨੇ ਇਸੇ ਤਰ੍ਹਾਂ ਸੰਗਠਨ ਦਾ ਸ਼ੁਕਰੀਆ ਅਦਾ ਕੀਤਾ। ਇੱਥੇ ਰਸਲਜ਼ ਹਾਲ ਹਸਪਤਾਲ ਵਿਚ ਬਰੈੱਡ ਮੁਹੱਈਆ ਕਰਵਾਈ ਗਈ। ਕੈਨੇਡਾ ਵਿਚ ਵੀ ਸੰਗਠਨ ਨੇ ‘ਫੂਡ ਬੈਂਕ’ ਕਾਇਮ ਕੀਤੇ ਹਨ। ਸਿੱਖ ਸੰਗਠਨ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …