0.3 C
Toronto
Wednesday, December 10, 2025
spot_img
Homeਪੰਜਾਬਪੱਕਣ 'ਤੇ ਆਈ ਹਾੜੀ ਦੀ ਫ਼ਸਲ ਤੇ ਭਾਰੀ ਕਰੋਨਾ ਦਾ ਖੌਫ਼

ਪੱਕਣ ‘ਤੇ ਆਈ ਹਾੜੀ ਦੀ ਫ਼ਸਲ ਤੇ ਭਾਰੀ ਕਰੋਨਾ ਦਾ ਖੌਫ਼

ਰਮਦਾਸ/ਬਿਊਰੋ ਨਿਊਜ਼
ਪੰਜਾਬ ਵਿੱਚ ਕਰਫਿਊ ਲੱਗਣ ਕਾਰਨ ਹੁਣ ਕਿਸਾਨਾਂ ਨੂੰ ਸਿਰੇ ‘ਤੇ ਆਈ ਹਾੜੀ ਦੀ ਫਸਲ ਡੁੱਬਣ ਦਾ ਵੀ ਡਰ ਸਤਾਉਣ ਲੱਗਾ ਹੈ। ਕਰਫਿਊ ਕਾਰਨ ਖੇਤੀ ਸੰਦ ਬਣਾਉਣ ਵਾਲੀਆਂ ਫੈਕਟਰੀਆਂ ਤੇ ਰਿਪੇਅਰ ਕਰਨ ਵਾਲੀਆਂ ਸਾਰੀਆਂ ਵਰਕਸ਼ਾਪਾਂ ਬੰਦ ਹਨ। ਕਈ ਕਿਸਾਨਾਂ ਨੇ ਨਵੇਂ ਸੰਦ ਖਰੀਦਣੇ ਹਨ ਅਤੇ ਕਈਆਂ ਨੇ ਪੁਰਾਣਿਆਂ ਦੀ ਮੁਰੰਮਤ ਕਰਵਾਉਣੀ ਹੈ। ਕੰਬਾਈਨਾਂ ਦੀ ਸਰਵਿਸ ਨੂੰ ਲੈ ਕੇ ਕਿਸਾਨ ਪਰੇਸ਼ਾਨ ਨਜ਼ਰ ਆ ਰਿਹਾ ਹੈ। ਚੜਦੇ ਅਪਰੈਲ ਵਿੱਚ ਪੰਜਾਬ ਦੇ ਮਾਲਵੇ ਖਿੱਤੇ ਵਿੱਚ ਹਾੜੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਅਤੇ ਕਿਸਾਨ ਇਨਾਂ ਦਿਨਾਂ ਵਿੱਚ ਆਪਣੇ ਸੰਦਾਂ ਦੀ ਖਰੀਦੋ-ਫਰੋਖਤ ਕਰਦਾ ਹੈ। ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨਾਂ ਨੂੰ ਖੇਤੀ ਸੰਦਾਂ ਦੀ ਰਿਪੇਅਰ ਕਰਵਾਉਣ ਤੇ ਖੇਤੀ ਸੰਦ ਬਣਾਉਣ ਵਾਲੀਆਂ ਵਰਕਸ਼ਾਪਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾਵੇ। ਕਿਸਾਨਾਂ ਨੂੰ ਇਸ ਵਾਰ ਹਾਲਾਤ ਖਰਾਬ ਹੋਣ ਕਾਰਨ ਦੂਸਰੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ ਦੇ ਨਾ ਆਉਣ ਦਾ ਡਰ ਵੀ ਸਤਾ ਰਿਹਾ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਕਰਫਿਊ ਦੌਰਾਨ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਦੇ ਦੁੱਧ ਦੀ ਸਪਲਾਈ, ਖੇਤੀ ਸੰਦਾ ਦੀ ਰਿਪੇਅਰ ਦੀਆਂ ਵਰਕਸ਼ਾਪਾਂ, ਦਵਾਈਆਂ ਦੀਆਂ ਦੁਕਾਨਾਂ ਅਤੇ ਕਰਿਆਨਾ ਸਟੋਰਾਂ ਨੂੰ ਛੋਟ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਫੈਲਣ ਵਾਲੀ ਬਿਮਾਰੀ ਕਾਰਨ ਪਹਿਲਾਂ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਊ ਕਰਨ ਤੇ ਹੁਣ ਮੋਦੀ ਸਰਕਾਰ ਵੱਲੋਂ ਇਸ ਨੂੰ 21 ਦਿਨਾਂ ਲਈ ਵਧਾਉਣ ਤੇ ਅਫਸਰਸ਼ਾਹੀ ਵੱਲੋਂ ਜਿਸ ਤਰਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਸ ਨਾਲ ਕਿਸਾਨਾਂ-ਮਜ਼ਦੂਰ ਤੇ ਹੋਰ ਮਿਹਨਤਕਸ਼ਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਜਾਣ ਦੀ ਸੰਭਾਵਨਾ ਬਣ ਗਈ ਹੈ। ਉਨਾਂ ਕਿਹਾ ਕਿ ਕਰਫਿਊ ਦੌਰਾਨ ਜ਼ਰੂਰੀ ਵਸਤਾਂ, ਮੈਡੀਕਲ ਸਟੋਰਾਂ, ਕਰਿਆਨਾ ਦੁਕਾਨਦਾਰਾਂ ਤੇ ਫ਼ਲ-ਸਬਜ਼ੀਆਂ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਣ ਦੇ ਜੋ ਗੈਰ-ਅਮਲੀ ਫ਼ਰਮਾਨ ਜਾਰੀ ਕੀਤੇ ਗਏ ਹਨ ਉਹ ਅਫਸਰਸ਼ਾਹੀ ਦੀ ਨਾਕਾਬਲੀਅਤ ਅਤੇ ਲੋਕ ਵਿਰੋਧੀ ਵਤੀਰੇ ਨੂੰ ਦਰਸਾਉਂਦਾ ਹੈ। ਉਨਾਂ ਪ੍ਰਸ਼ਾਸਨ ਨੂੰ ਸੁਆਲ ਕੀਤਾ ਕਿ ਕੀ ਉਪਰੋਕਤ ਦੁਕਾਨਦਾਰਾਂ ਕੋਲ ਦਵਾਈਆਂ, ਕਰਿਆਨੇ ਦਾ ਸਾਮਾਨ ਤੇ ਫ਼ਲ-ਸਬਜ਼ੀਆਂ ਘਰ-ਘਰ ਪਹੁੰਚਾਉਣ ਜੋਗੀ ਮਨੁੱਖੀ ਸ਼ਕਤੀ ਹੈ? ਕੀ ਦਵਾਈਆਂ ਦਾ ਸਮੱਚੇ ਜ਼ਿਲੇ ਵਿੱਚ ਜਾਰੀ ਚਾਰ ਮੋਬਾਈਲ ਨੰਬਰਾਂ ਨਾਲ ਬਿਮਾਰ ਵਿਅਕਤੀਆਂ ਲਈ ਸਮੇਂ ਸਿਰ ਪ੍ਰਬੰਧ ਹੋ ਜਾਵੇਗਾ? ਉਨਾਂ ਮੰਗ ਕੀਤੀ ਕਿ ਮੈਡੀਕਲ ਸਟੋਰ, ਕਰਿਆਨਾ ਸਟੋਰ ਅਤੇ ਫ਼ਲ-ਸਬਜ਼ੀਆਂ ਦੀਆਂ ਦੁਕਾਨਾਂ ਨੂੰ ਸਾਰਾ ਦਿਨ ਖੋਲਿਆ ਜਾਵੇ ਤੇ ਸਗੋਂ ਇਨਾਂ ਦੀ ਗਿਣਤੀ ਵਧਾਉਣ ਦਾ ਪ੍ਰਸ਼ਾਸਨ ਪ੍ਰਬੰਧ ਕਰੇ। ਦੁੱਧ ਦਾ ਰੇਟ 10 ਤੋਂ 12 ਰੁਪਏ ਪ੍ਰਤੀ ਕਿਲੋ ਡਿੱਗ ਗਿਆ ਹੈ ਤੇ ਵੱਡੀਆਂ ਪ੍ਰਾਈਵੇਟ ਡੇਅਰੀਆਂ ਨੇ ਕਰਫਿਊ ਕਰ ਕੇ ਕਿਸਾਨਾਂ ਤੋਂ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਵੇਰਕਾ ਮਿਲਕ ਪਲਾਂਟ ਤੇ ਅਮੁਲ ਵਰਗੀਆਂ ਕੰਪਨੀਆਂ ਨੇ ਵੀ ਕਿਸਾਨਾਂ ਕੋਲੋਂ ਦੁੱਧ ਦੀ ਖਰੀਦ ਘਟਾ ਦਿੱਤੀ ਹੈ। ਹਰ ਥਾਂ ਹਲਵਾਈਆਂ ਦੀ ਦੁਕਾਨਾਂ ਬੰਦ ਹੋਣ ਕਰ ਕੇ ਵੀ ਦੁੱਧ ਦੀ ਖਪਤ ਘੱਟ ਗਈ ਹੈ। ਉਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਦੁੱਧ ਉਤਪਾਦਨ ਦੀ ਯੋਗ ਵਰਤੋਂ ਲਈ ਵੱਡੀਆਂ ਫੈਕਟਰੀਆਂ ਨੂੰ ਚਲਾਇਆ ਜਾਵੇ ਤੇ ਦੁੱਧ ਦੀ ਢੋਆ-ਢੁਆਈ ਨੂੰ ਪਾਬੰਦੀਆਂ ਤੋਂ ਮੁਕਤ ਕੀਤਾ ਜਾਵੇ। ਪਿੰਡਾਂ ਵਿਚਲੇ ਸਿਹਤ ਢਾਂਚੇ ਨੂੰ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਨਾਂ ਤੇ ਪਰਚੇ ਕੀਤੇ ਜਾਣ। ਮੈਡੀਕਲ ਪ੍ਰੈਕਟੀਸ਼ਨਰਾਂ ‘ਤੇ ਕੀਤੇ ਪਰਚੇ ਰੱਦ ਕੀਤੇ ਜਾਣ। ਦਵਾਈਆਂ, ਕਰਿਆਨੇ ਤੇ ਫ਼ਲਾਂ ਸਬਜ਼ੀਆਂ ਦੀਆਂ ਦੁਕਾਨਾਂ ‘ਤੇ ਕੋਈ ਪਾਬੰਦੀ ਨਾ ਲਾਈ ਜਾਵੇ ਤੇ ਇਨਾਂ ਵਸਤਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਪ੍ਰਸਾਸ਼ਨ ਨੂੰ ਯਾਦ ਕਰਵਾਇਆ ਕਿ ਦੱਖਣੀ ਕੋਰੀਆ ਨੇ ਬਿਨਾ ਕਿਸੇ ਕਰਫਿਊ ਦੇ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਹੈ।
ਇਸ ਲਈ ਉਨਾਂ ਦੇ ਕੰਮ ਢੰਗ ਤੋਂ ਸਿੱਖ ਕੇ ਘੱਟ ਤੋਂ ਘੱਟ ਪਾਬੰਦੀਆਂ ਲਾ ਕੇ, ਲੋਕਾਂ ਦੇ ਸਹਿਯੋਗ ਨਾਲ ਇਸ ਹਾਲਤ ਦਾ ਮੁਕਾਬਲਾ ਕੀਤਾ ਜਾਵੇ ਨਾ ਕਿ ਲੋਕਾਂ ਨਾਲ ਦੋਸ਼ੀਆਂ ਵਾਂਗ ਵਿਹਾਰ ਕੀਤਾ ਜਾਵੇ।

RELATED ARTICLES
POPULAR POSTS