ਪੁਲਿਸ ਨੂੰ ਹੋਰ ਤਸਕਰਾਂ ਬਾਰੇ ਵੀ ਜਾਣਕਾਰੀ ਮਿਲਣ ਦੀ ਆਸ
ਅਜਨਾਲਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਅੰਮ੍ਰਿਤਸਰ ਨੇੜਿਓਂ 5 ਕਿੱਲੋ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ‘ਚੋਂ ਦੋ ਪਿਸਤੌਲ, ਦੋ ਮੈਗਜ਼ੀਨ ਤੇ 5 ਰਾਊਂਡ ਵੀ ਬਰਾਮਦ ਹੋਏ ਹਨ। ਭਗਵਾਨ ਸਿੰਘ ਨਾਂ ਦਾ ਮੁਲਜ਼ਮ ਫਿਰੋਜ਼ਪੁਰ ਸੈਕਟਰ ਤੋਂ ਅੰਮ੍ਰਿਤਸਰ ਨਸ਼ੇ ਦੀ ਖੇਪ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਿਸ ਆਰੋਪੀ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੂੰ ਹੈਰੋਇਨ ਕਿੱਥੋਂ ਮਿਲੀ ਤੇ ਉਸ ਨੇ ਇਸ ਦੀ ਸਪਲਾਈ ਕਿੱਥੇ ਦੇਣੀ ਸੀ। ਫੜੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੂੰ ਆਸ ਹੈ ਕਿ ਭਗਵਾਨ ਸਿੰਘ ਹੋਰ ਤਸਕਰਾਂ ਬਾਰੇ ਵੀ ਜਾਣਕਾਰੀ ਦੇਵੇਗਾ।