ਬੇਗੋਵਾਲ ਡੇਰੇ ਤੋਂ ਲੈਪਟਾਪ, ਮੋਬਾਇਲ ਫੋਨ ਅਤੇ ਜ਼ਮੀਨ ਸਬੰਧੀ ਕਾਗਜ਼ਾਤ ਲਏ ਕਬਜ਼ੇ ’ਚ
ਕਪੂਰਥਲਾ/ਬਿਊਰੋ ਨਿਊਜ਼ : ਪੰਜਾਬ ਮਾਰਕਫੈਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਤੋਂ ਬਾਅਦ ਹੁਣ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਮੰਤਰੀ ਬੀਬੀ ਜਗੀਰ ਕੌਰ ਪੰਜਾਬ ਵਿਜੀਲੈਂਸ ਦੀ ਰਾਡਾਰ ’ਤੇ ਹਨ। ਲੰਘੇ ਦਿਨੀਂ ਪੰਜਾਬ ਵਿਜੀਲੈਂਸ ਦੀ ਟੀਮ ਨੇ ਬੀਬੀ ਜਗੀਰ ਕੌਰ ਕੋਲੋਂ ਉਨ੍ਹਾਂ ਦੇ ਬੇਗੋਵਾਲ ਸਥਿਤ ਡੇਰੇ ’ਤੇ ਰੇਡ ਕੀਤੀ ਅਤੇ ਉਨ੍ਹਾਂ ਕੋਲੋਂ ਦੋ ਘੰਟੇ ਪੁੱਛਗਿੱਛ ਕੀਤੀ। ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਬੀਬੀ ਜਗੀਰ ਕੌਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਡੇਰੇ ਦੀ ਮੁੱਖ ਸੇਵਾਦਾਰ ਵੀ ਹਨ ਅਤੇ ਤਿੰਨ ਮਹੀਨੇ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਨਾਲੋਂ ਅਲੱਗ ਹੋਣ ਤੋਂ ਬਾਅਦ ਉਨ੍ਹਾਂ ਨੇ ਐਸ ਜੀ ਪੀ ਸੀ ਨੂੰ ਚੁਣੌਤੀ ਦੇਣ ਦੇ ਲਈ ਅਲੱਗ ਕਮੇਟੀ ਦਾ ਗਠਨ ਕੀਤਾ ਸੀ। ਬੇਗੋਵਾਲ ਡੇਰੇ ਪਹੁੰਚੀ ਵਿਜੀਲੈਂਸ ਦੀ ਟੀਮ ਨੇ ਲਗਭਗ ਦੋ ਘੰਟੇ ਨਗਰ ਪੰਚਾਇਤ ਦੀ ਸਰਕਾਰੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਪੁੱਛਗਿੱਛ ਕੀਤੀ। ਇਸ ਜ਼ਮੀਨ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਹੈ, ਜਿਸ ’ਤੇ ਉਨ੍ਹਾਂ ਪੰਚਾਇਤ ਬੇਗੋਵਾਲ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਆਰੋਪ ਅਤੇ ਇਸੇ ਮਾਮਲੇ ’ਚ ਪੰਜਾਬ ਵਿਜੀਲੈਂਸ ਵੱਲੋਂ ਇਥੇ ਰੇਡ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੀਬੀ ਜਗੀਰ ਕੌਰ ਦੇ ਡੇਰੇ ਤੋਂ ਲੈਪਟਾਪ, ਮੋਬਾਇਲ ਅਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਕਬਜ਼ੇ ’ਚ ਲੈ ਲਏ ਹਨ।