Breaking News
Home / ਮੁੱਖ ਲੇਖ / ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ

ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਖ਼ੁਆਬਾਂ ਦੀ ਦੁਨੀਆਂ ਵਿੱਚ ਜਿਉਂਦੇ ਸਨ। ਜ਼ਾਲਮ ਗਰੀਬਾਂ ਨੂੰ ਲੁੱਟਦੇ ਸਨ ਅਤੇ ਧੀਆਂ-ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਤੇ ਲੁੱਟੇ ਧੰਨ ਤੇ ਐਸ਼ ਪ੍ਰਸਤੀ ਕਰਦੇ ਸਨ। ਗਰੀਬ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਅਤੇ ਕਿਸਮਤ ਤੇ ਵਿਸ਼ਵਾਸ਼ ਕਰਕੇ ਬੈਠ ਜਾਂਦੇ ਸਨ।
ਹਿੰਦੂ ਸਮਾਜ ਖੁਦ ਵੀ ਜਾਤ ਪਾਤ ਦੇ ਵਹਿਮਾਂ ਭਰਮਾਂ ਵਿੱਚ ਬ੍ਰਾਹਮਣ,ਖੱਤਰੀ,ਵੈਸ਼ ਅਤੇ ਸ਼ੂਦਰ ਵਿੱਚ ਵੰਡੇ ਹੋਏ ਸਨ। ਇੱਕਲਾ ਇਨਸਾਨ ਹੀ ਨਹੀਂ ਸਗੋਂ ਰੁੱਖ ਅਤੇ ਪਸ਼ੂ ਪੰਛੀ ਤੱਕ ਵੀ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਸਨ। ਪਿੱਪਲ ਨੂੰ ਬ੍ਰਾਹਮਣ ਸਮਝ ਕੇ ਪੂਜਾ ਕੀਤੀ ਜਾਂਦੀ ਸੀ। ਬੋਹੜ ਖੱਤਰੀ, ਕਿੱਕਰ ਵੈਸ਼ ਅਤੇ ਅੱਕ ਸ਼ੂਦਰ ਮੰਨਿਆਂ ਜਾਂਦਾ ਸੀ। ਪ੍ਰਚੱਲਤ ਧਾਰਨਾ ਅਨੁਸਾਰ ਪੰਛੀ ਅਤੇ ਕੀੜੇ ਮਕੌੜਿਆਂ ਵਿੱਚ ਸੱਪ ਨੂੰ ਉੱਚੀ ਕੁਲ ਨਾਲ, ਇੱਲ ਘਟੀਆ ਕੁੱਲ ਨਾਲ ਅਤੇ ਕਾਂ ਨੂੰ ਸ਼ੂਦਰ ਸਮਝਿਆਂ ਜਾਂਦਾ ਸੀ। ਇਸ ਕਹਿਰ ਤੋਂ ਮਨੁੱਖੀ ਰੰਗ ਵੀ ਨਹੀਂ ਬਚ ਸਕੇ। ਗੋਰੇ ਰੰਗ ਵਾਲਾ ਮਨੁੱਖ ਉੱਚੀ ਜਾਤੀ ਵਾਲਾ, ਕਣਕ ਵੰਨਾਂ ਰੰਗ ਖੱਤਰੀ ਹੋਣ ਦਾ ਦਰਜਾ, ਪੀਲੇ ਰੰਗ ਵਾਲਾ ਵੈਸ਼ ਅਤੇ ਗੂੜ੍ਹੇ ਕਾਲੇ ਰੰਗ ਵਾਲੇ ਨੂੰ ਦਲਿਤ (ਸ਼ੂਦਰ) ਮੰਨਿਆਂ ਜਾਂਦਾ ਸੀ। ਗੁਰੂ ਸਾਹਿਬ ਨੂੰ ਇਹ ਵਿਤਕਰਾਂ ਬਿਲਕੁਲ ਪਸੰਦ ਨਾ ਆਇਆ। ਗੁਰੂ ਸਾਹਿਬ ਦੂਜੇ ਦੇ ਬੂਹੇ ਤੇ ਜਾ ਕੇ ਮੰਗ ਕੇ ਗੁਜਾਰਾ ਕਰਨ, ਵਹਿਮਾਂ ਭਰਮਾਂ ਵੱਸ ਰਸਮੀ ਬਲੀਆਂ ਦੇਣ ਅਤੇ ਘਰ ਬਾਹਰ ਦਾ ਤਿਆਗ ਕਰਨ, ਬੇਲੋੜੀਆਂ ਕਿਰਿਆਵਾਂ ਦੱਸਿਆ। ਗੁਰੂ ਸਾਹਿਬ ਨੇ ਆਪਣੀ ਵਿਵੇਕ ਬੁੱਧੀ ਅਤੇ ਪ੍ਰਬੀਨ ਸੋਚ, ਨਿਮਰਤਾ, ਨਿਰਮਾਨਤਾ, ਹਲੀਮੀ ਤੇ ਮਿਠਾਸ ਭਰੇ ਸ਼ਬਦਾ ਨਾਲ ਮਨੁੱਖਤਾ ਨੂੰ ਨੇਕ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਅਤੇ ਬਰਾਬਰੀ ਦਾ ਸਤਿਕਾਰ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ ਜਾਤਾਂ ਪਾਤਾਂ, ਵਹਿਮਾਂ ਭਰਮਾਂ ਅਤੇ ਫੋਕਟ ਕਰਮਾਂ ਨੂੰ ਨਿਕਾਰਿਆ। ਗੁਰੂ ਜੀ ਨੇ ਲੋਕਾਂ ਦਾ ਦਰਦ ਮਹਿਸੂਸ ਕੀਤਾ। ਕਈ ਦਿਨ ਗੁਰੂ ਜੀ ਇੱਕ ਕਮਰੇ ‘ਚ ਚੁੱਪ ਕਰਕੇ ਪਏ ਰਹੇ ਅਤੇ ਕੁੱਝ ਨਾ ਖਾਧਾ। ਚਿੰਤਤ ਹੋ ਕੇ ਮਹਿਤਾ ਕਾਲੂ ਜੀ ਨੇ ਘਰ ਵੈਦ ਬੁਲਾਇਆ। ਜਦ ਵੈਦ ਗੁਰੂ ਜੀ ਦੀ ਨਬਜ਼ ਦੇਖਣ ਲੱਗਾ ਤਾਂ ਗੁਰੂ ਜੀ ਨੇ ਹੱਥ ਛੁਡਾਉਂਦੇ ਹੋਏ ਕਿਹਾ ਕਿ ਮੇਰੇ ਅੰਦਰ ਲੋਕਾਂ ਦੇ ਦਰਦ ਦਾ ਰੋਗ ਹੈ। ਕੀ ਤੇਰੇ ਕੋਲ ਉਸ ਰੋਗ ਦੀ ਦਵਾਈ ਹੈ? ਗੁਰੂ ਜੀ ਨੇ ਫੁਰਮਾਇਆ :
ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ॥ ਭੋਲਾ ਵੈਦੁ ਨਾ ਜਾਣਈ, ਕਰਕ ਕਲੇਜੇ ਮਾਹਿ॥ (ਪੰਨਾ 1279)
ਜਾਹਿ ਵੈਦਾ ਘਰਿ ਆਪਣੇ ਜਾਣੇ ਕੋਇ ਮਕੋਇ॥ ਜਿਨਿ ਕਰਤੇ ਦੁਖੁ ਲਾਇਆ ਨਾਨਕ ਲਾਹੈ ਸੋਇ॥
ਅਖੀਰ ਵੈਦ ਇਹ ਕਹਿ ਕੇ ਚਲਾ ਗਿਆ ਕਿ ਤੁਸੀਂ ਕੋਈ ਚਿੰਤਾਂ ਨਾ ਕਰੋ। ਉਹਨਾਂ ਨੂੰ ਕੋਈ ਰੋਗ ਨਹੀਂ। ਉਹ ਤਾਂ ਆਪ ਦੁੱਖ ਭੰਜਨਹਾਰ ਹਨ।
ਗੁਰੂ ਜੀ ਜੀਵਨ ਭਰ ‘ਚ ਆਪਣੇ ਮਕਸਦ ਦੀ ਪੂਰਤੀ ਲਈ ਚੁੱਪ ਕਰਕੇ ਨਹੀਂ ਬੈਠੇ। ਗੁਰੂ ਜੀ ਗ੍ਰਹਿਸਤ ਜੀਵਨ ਦੇ ਹਰੇਕ ਰੰਗ ‘ਚੋਂ ਗੁਜਰੇ। ਸੰਸਾਰਕ ਫਰਜ਼ਾਂ ਨੂੰ ਬਾਖੂਬ ਨਿਭਾਉਂਦੇ ਹੋਏ ਗੁਰੂ ਜੀ ਨੇ ਮਾਨਵਤਾ ਦੀ ਭਲਾਈ ਦ ਰਾਹ ਚੁਣਿਆ। ਮੋਦੀ ਖਾਨੇ ਵਿੱਚ ਬੜੀ ਜ਼ਿੰਮੇਵਾਰੀ ਵਾਲੀ ਨੌਕਰੀ ਕੀਤੀ ਪਰ ਹਿਸਾਬ ਕਿਤਾਬ ਵਿੱਚ ਕਦੀ ਇੱਕ ਪੈਸੇ ਦਾ ਵੀ ਫਰਕ ਨਾ ਪੈਣ ਦਿੱਤਾ। ਆਪਣੀ ਜਿੰਦਗੀ ਦੇ ਲਗਭਗ ਅਠ੍ਹਾਰਾਂ ਸਾਲ ਆਪਣੇ ਹੱਥੀ ਖੇਤੀਬਾੜੀ ਕਰਕੇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾ ਦੀ ਮਦਦ ਕੀਤੀ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕੀੜ ਨਗਰ ਵਿੱਚ ਲਿਜਾ ਕੇ ਇਹ ਸਿੱਧ ਕੀਤਾ ਕਿ ਜਿਸ ਤੇ ਪ੍ਰਮਾਤਮਾਂ ਦੀ ਮਿਹਰ ਹੋਵੇ ਉਸ ਅੱਗੇ ਵੱਡੇ ਤੋਂ ਵੱਡੇ ਬਲਸ਼ਾਲੀ ਯੋਧੇ ਵੀ ਤੁਸ਼ ਹੋ ਜਾਂਦੇ ਨੇ ਭਾਵੇਂ ਉਹ ਇੱਕ ਨਿੱਕੀ ਜਿਹੀ ਕੀੜੀ ਹੀ ਕਿਉਂ ਨਾ ਹੋਵੇ। ਜਿੱਥੇ ਗੁਰੂ ਜੀ ਨੇ ਮੱਝਾਂ ਚਾਰੀਆਂ ਉਸ ਜਗ੍ਹਾਂ ਦੀ ਫਸਲ ਦੁੱਗਣੀ ਹੋ ਜਾਣੀ, ਸੱਪ ਨੇ ਛਾਂ ਕਰਨੀ ਅਜਿਹੇ ਅੱਖੀ ਦੇਖੇ ਕੌਤਕਾਂ ਨੇ ਰਾਏ ਬੁਲਾਰ ਦੇ ਜੀਵਨ ਤੇ ਡੂੰਘੀ ਛਾਪ ਛੱਡੀ। ਜਿਸ ਤੋਂ ਪ੍ਰਭਾਵਿਤ ਹੋ ਕੇ ਰਾਏ ਬੁਲਾਰ ਨੇ 750 ਮੁਰੱਬਾ ਜ਼ਮੀਨ ਗੁਰੂ ਜੀ ਦੇ ਨਾਮ ਕਰ ਦਿੱਤੀ। ਉਹ ਹਰ ਤਰ੍ਹਾਂ ਦੇ ਉੱਘੇ ਧਾਰਮਿਕ ਅਸਥਾਨਾਂ ਤੇ ਗਏ ਭਾਵੇਂ ਉਹ ਹਿੰਦੂ ਜਾਂ ਮੁਸਲਿਮ ਹੋਣ। ਉਹਨਾਂ ਦਾ ਮਕਸਦ ਸਮਸਤ ਲੁਕਾਈ ਨੂੰ ਸੱਚ ਨਾਲ ਜੋੜਨਾ ਸੀ। ਪਰਮਾਤਮਾ ਇੱਕ ਹੈ ਅਤੇ ਅਸੀਂ ਸਭ ਉਸਦੀ ਹੀ ਅੰਸ਼-ਵੰਸ਼ ਹਾਂ। ਫਿਰ ਜਾਤ ਪਾਤ ਦਾ ਇੰਨਾਂ ਵਿਤਕਰਾ ਕਿਉਂ।ਗੁਰੂ ਜੀ ਮਹਾਨ ਸੂਰਬੀਰ ਅਤੇ ਕ੍ਰਾਂਤੀਕਾਰੀ ਵੀ ਸਨ। ਸਦੀਆਂ ਤੋ ਚੱਲੀਆਂ ਆ ਰਹੀਆਂ ਪ੍ਰਵਾਨਿਤ ਝੂਠ, ਫਰੇਬ, ਧੋਖਾ ਅਤੇ ਅਨਿਆਂ ਤੇ ਟਿੱਪਣੀ ਕਰਨਾ ਅਤੇ ਉਹਨਾਂ ਦਾ ਖੰਡਨ ਕਰਨਾ ਬੜੀ ਹੀ ਜ਼ੁਰਅੱਤ ਦਾ ਕੰਮ ਸੀ। ਗੁਰੂ ਜੀ ਦੀ ਅਵਾਜ਼ ਹਮੇਸ਼ਾ ਕਿਰਤ ਕਰਨ ਵਾਲੇ ਅਤੇ ਆਮ ਲੋਕਾਂ ਦੇ ਹੱਕ ਵਿੱਚ ਰਹੀ ਹੈ। ਗੁਰੂ ਸਾਹਿਬ ਜੀ ਨੇ ਪਰਮਾਤਮਾ ਦੇ ਹੱਕ ‘ਚ ਨਾਹਰਾ ਮਾਰਦੇ ਹੋਏ ਕਿਹਾ ਕਿ ਈਸ਼ਵਰ ਇੱਕ ਹੈ। ਉਹ ਕਿਸੇ ਦਾ ਗੁਲਾਮ ਨਹੀਂ। ਉਸ ਦੀ ਨਜ਼ਰ ‘ਚ ਸਭ ਬਰਾਬਰ ਹਨ। ਉਹੀ ਸ਼੍ਰਿਸ਼ਟੀ ਦਾ ਰਚਨਹਾਰ ਅਤੇ ਪਾਲਣਹਾਰ ਹੈ। ਉਹ ਇੱਕ ਹੀ ਪਿਤਾ ਹੈ ਤੇ ਅਸੀਂ ਸਭ ਉਸਦੇ ਬੱਚੇ ਹੀ ਹਨ। ਕੋਈ ਵੀ ਜਾਤੀ ਉੱਚੀ ਨੀਵੀਂ ਨਹੀਂ। ਪੂਰਾ ਸੰਸਾਰ ਇੱਕ ਘਰ ਹੈ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕ ਪਰਿਵਾਰ ਹਨ। ਇਸ ਲਈ ਹਰੇਕ ਮੈਂਬਰ ਨੂੰ ਆਪਸ ਵਿੱਚ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਗੁਰੂ ਜੀ ਨੇ ਵੀਹ ਰੁਪਏ ਦਾ ਸੱਚਾ ਸੌਦਾ ਕਰਕੇ ਇੱਕ ਸੰਗਤ ਇੱਕ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ। ਊਚ ਨੀਚ ਦਾ ਭੇਦ ਭਾਵ ਖ਼ਤਮ ਕੀਤਾ। ਗੁਰੂ ਜੀ ਨੇ ਵਲੀ ਕੰਧਾਰੀ ਤੇ ਹਮਜ਼ਾ ਗੌਂਸ ਦਾ ਹੰਕਾਰ ਤੌੜ ਕੇ ਅਤੇ ਕੌਡੇ ਰਾਖ਼ਸ਼ ਤੇ ਸੱਜਣ ਠੱਗ ਜਿਹੇ ਇਨਸਾਨਾਂ ਨੂੰ ਸਿੱਧੇ ਰਾਹੇ ਪਾ ਕੇ ਇਹ ਸਾਬਤ ਕੀਤਾ ਕਿ ਕੋਈ ਵੀ ਇਨਸਾਨ ਬੁਰਾ ਨਹੀਂ ਹੁੰਦਾ। ਉਸ ਅੰਦਰ ਘਰ ਕਰ ਚੁੱਕੇ ਵਿਚਾਰ ਬੁਰੇ ਹੁੰਦੇ ਹਨ। ਜੇਕਰ ਬੰਦੇ ਦੇ ਅੰਦਰ ਦੀ ਬੁਰਾਈ ਖਤਮ ਹੋ ਜਾਵੇ ਤਾਂ ਇਨਸਾਨ ਆਪਣੇ ਆਪ ਚੰਗਾ ਹੋ ਜਾਵੇਗਾ। ਗੁਰੂ ਜੀ ਨੇ ਹਰੇਕ ਵਰਗ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਗਲ ਨਾਲ ਲਗਾਇਆ। ਗੁਰੂ ਜੀ ਦੇ ਵਿਸ਼ਾਲ ਹਿਰਦੇ ਨੂੰ ਦੇਖਦਿਆਂ ਕਿਸੇ ਨੇ ਠੀਕ ਹੀ ਲਿਖਿਆ ਹੈ : ਇੱਕ ਐਬ ਮੇਰਾ ਦੁਨੀਆਂ ਦੇਖੇ, ਲੱਖ ਲੱਖ ਲਾਹਨਤਾਂ ਪਾਵੇ। ਲੱਖਾਂ ਐਬ ਮੇਰਾ ਨਾਨਕ ਵੇਖੇ, ਫੇਰ ਵੀ ਗਲ ਨਾਲ ਲਾਵੇ।
ਗੁਰੂ ਜੀ ਨੇ ਇਸਤਰੀ ਜਾਤ ਨੂੰ ਬਰਾਬਰ ਹੱਕ ਦੇਣ ਲਈ ਅਵਾਜ਼ ਬੁਲੰਦ ਕੀਤੀ। ਉਸ ਸਮੇਂ ਇਸਤਰੀ ਨੂੰ ਕੋਈ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ ਸਗੋਂ ਮੁਕਤੀ ਦੇ ਰਾਹ ਵਿੱਚ ਰੋੜਾ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਇਸਤਰੀ ਦੀ ਇਸ ਦਸ਼ਾ ਤੇ ਸਮਾਜ ਨੂੰ ਵੰਗਾਰ ਕੇ ਆਖਿਆ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਗੁਰੂ ਸਾਹਿਬ ਨੇ ਕਿਹਾ ਕਿ ਮਨੱਖ ਨੂੰ ਹਮੇਸ਼ਾ ਹੱਥੀ ਮਿਹਨਤ ਤੇ ਇਮਾਨਦਾਰੀ ਨਾਲ ਧੰਨ ਕਮਾਉਣਾ ਚਾਹੀਦਾ ਹੈ। ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਸਾਨੂੰ ਆਪਣੀ ਕੀਤੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਜੀ ਫੁਰਮਾੳਂਦੇ ਹਨ : ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹ ਪਛਾਣਹਿ ਸੇਇ॥ (ਅੰਗ-1245)
ਹੱਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ 141)
ਦੂਜੇ ਪਾਸੇ ਝਾਤ ਮਾਰੀਏ ਤਾਂ ਅੱਜ ਫਿਰ ਮਨੁੱਖ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ ਗਵਾਚ ਰਿਹਾ ਹੈ। ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਅਜੇ ਵੀ ਮਨੁੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਨਹੀਂ ਮੰਨ ਰਿਹਾ। ਕਿਸੇ ਨੇ ਠੀਕ ਹੀ ਲਿਖਿਆ ਹੈ :
ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ। ਪਰ ਗੁਰੂ ਦੇ ਆਖੇ ਬਚਨਾਂ ਨੂੰ ਅਸਾਂ ਪੂਰੀ ਤਰ੍ਹਾਂ ਭੁਲਾ ਛੱਡਿਆ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਵਿਚਾਰ ਅਤੇ ਅਮਲ ਕੀਤੇ ਬਿਨ੍ਹਾਂ ਮਨਘੜਤ ਵਿਚਾਰ ਸਮਾਜ ਵਿੱਚ ਫੈਲਾਏ ਜਾ ਰਹੇ ਹਨ। ਜੇਕਰ ਗੁਰਬਾਣੀ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ਤਾਂ ਕੇਵਲ ਉਹੀ ਸਤਰਾਂ ਪੜ੍ਹੀਆਂ ਜਾਂਦੀਆਂ ਹਨ ਜਿਹਨਾਂ ਦਾ ਆਪ ਨੂੰ ਫਾਇਦਾ ਹੁੰਦਾ ਹੈ। ਬਾਕੀ ਛੱਡ ਦਿੱਤੀਆਂ ਜਾਂਦੀਆਂ ਹਨ। ਜਦਕਿ ਉਹਨਾਂ ਵਿੱਚ ਹੀ ਪ੍ਰਸ਼ਨ ਦਾ ਉਤਰ ਸਮੋਇਆ ਹੁੰਦਾ ਹੈ। ਬਹੁਤ ਸਾਰੇ ਲੋਕ ਹੁਕਮਨਾਮਾ ਵੱਖ-ਵੱਖ ਮੋਬਾਈਲਾਂ ਤੇ ਕਈ ਲੋਕਾਂ ਨੂੰ ਅੱਗੇ ਭੇਜਦੇ ਹਨ ਪਰ ਉਹਨਾਂ ਨੂੰ ਪੁੱਛਣ ਤੇ ਪਤਾ ਲੱਗਦਾ ਹੈ ਕਿ ਆਪ ਤਾਂ ਪੜ੍ਹਿਆ ਵੀ ਨਹੀਂ ਹੁੰਦਾ ਅਮਲ ਕੀ ਕਰਨਾ। ਸਿਰਫ ਫਾਰਵਰਡ ਹੀ ਕਰਦੇ ਹਨ। ਕਈ ਲੋਕ ਮੈਸੇਜ਼ ਭੇਜਦੇ ਹਨ ਕਿ ਗਿਆਰ੍ਹਾਂ ਜਾਂ ਇੱਕੀ ਲੋਕਾਂ ਨੂੰ ਭੇਜੋ ਤਾਂ ਕੋਈ ਸ਼ੁਭ ਸੰਦੇਸ਼ ਮਿਲੇਗਾ ਜੇਕਰ ਤੁਸੀਂ ਨਾ ਭੇਜਿਆ ਤਾਂ ਅਗਲੇ ਕਈ ਸਾਲਾ ਤੱਕ ਸਫਲਤਾ ਨਹੀਂ ਮਿਲੇਗੀ। ਕੀ ਇਹ ਗੁਰੂ ਨਾਨਕ ਦੇਵ ਜੀ ਦੀ ਮਰਿਆਦਾ ਹੈ? ਕੀ ਉਹਨਾਂ ਕਦੇ ਕਿਸੇ ਨੂੰ ਅਜਿਹਾ ਕਰਨ ਲਈ ਕਿਹਾ ਸੀ? ਫਿਰ ਉਹ ਕਿਉਂ ਗਿਆਰ੍ਹਾਂ ਜਾਂ ਇੱਕੀ ਲੋਕਾਂ ਤੱਕ ਸੀਮਤ ਨਹੀਂ ਰਹੇ। ਜੇ ਏਦਾਂ ਕੰਮ ਬਣ ਜਾਂਦੇ ਤਾਂ ਗੁਰੂ ਜੀ ਨੂੰ ਕੀ ਲੋੜ ਸੀ ਨੰਗੇ ਪੈਰੀ ਦੇਸ਼ ਵਿਦੇਸ਼ ਗਾਹੁਣ ਦੀ। ਅੱਜ ਇਹ ਗੱਲਾਂ ਸਟੇਜਾਂ ਉਪਰ ਤਾਂ ਬੜੇ ਜ਼ੋਰ ਸ਼ੋਰ ਨਾਲ ਸੁਣਾਈਆਂ ਜਾਂਦੀਆਂ ਹਨ ਪਰ ਅਸਲ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ ਤੇ ਵੱਡੇ ਘਰਾਣਿਆਂ ਦੀ ਸੁਣੀ ਜਾਂਦੀ ਹੈ। ਗਰੀਬ ਨੂੰ ਕੋਈ ਮਿਲ ਕੇ ਵੀ ਰਾਜ਼ੀ ਨਹੀਂ। ਉਸਦਾ ਖਾਣਾ ਤਾਂ ਬੜੇ ਦੂਰ ਦੀ ਹੱਲ ਹੈ। ਬਹੁਤ ਘਰਾਂ ਵਿੱਚ ਭਾਂਡੇ ਮਾਂਜਣ ਤੋਂ ਵੀ ਲੜਾਈ ਹੁੰਦੀ ਹੈ। ਜੇ ਕਿਤੇ ਉਹੀ ਭਾਂਡੇ ਕਿਸੇ ਧਾਰਮਿਕ ਸਥਾਨ ਤੇ ਰੱਖ ਦਿੱਤੇ ਜਾਣ ਤਾਂ ਇੱਕ ਦੂਜੇ ਕੋਲੋ ਖੋਹ ਕੇ ਵੀ ਮਾਂਜਣ ਨੂੰ ਤਿਆਰ ਹੋ ਜਾਂਦੇ ਤੇ ਇਸ ਕੰਮ ਨੂੰ ਸੇਵਾ ਸਮਝਿਆ ਜਾਂਦਾ। ਕਿਸੇ ਖਾਸ ਦਿਨ ਦੇ ਉੱਪਰ ਤਾਂ ਪਾਣੀ ਦੀ ਛਬੀਲ ਲਾਈ ਜਾਂਦੀ। ਚੰਗੀ ਗੱਲ ਹੈ ਪ੍ਰੰਤੂ ਕਿਸੇ ਨੂੰ ਨਾ ਵੀ ਤ੍ਰੇਹ ਲੱਗੀ ਹੋਵੇ ਤਾਂ ਬਦੋ-ਬਦੀ ਹੱਥ ‘ਚ ਗਿਲਾਸ ਫੜਾਇਆ ਜਾਂਦਾ ਹੈ। ਪਰ ਕੁਝ ਕੁ ਲੋਕ ਏਦਾਂ ਦੇ ਵੀ ਹੁੰਦੇ ਜਦੋਂ ਕਦੇ ਬਾਅਦ ‘ਚ ਪਾਣੀ ਮੰਗੋ ਤਾਂ ਕਹਿ ਦਿੰਦੇ ਕਿ ਸਾਡੇ ਕੋਲ ਤਾਂ ਥੋੜ੍ਹਾ ਈ ਆ। ਗਰਮੀ ਬੜੀ ਹੈ। ਤੁਸੀਂ ਕਿਤੋਂ ਅੱਗੋਂ ਪੁੱਛ ਲਵੋ। ਗੁਰੂ ਜੀ ਨੇ ਮਨੁੱਖਤਾ ਵਿੱਚ ਇਨਸਾਨੀਅਤ ਲਿਆਉਣ ਲਈ ਬੜੀ ਘਾਲਣਾ ਘਾਲੀ ਹੈ ਪਰ ਮਨੁੱਖ ਅਜੇ ਵੀ ਰਿਸ਼ਵਤਖੋਰੀ, ਘਪਲੇਬਾਜ਼ੀ, ਲਾਲਚ, ਊਚ ਨੀਚ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਧਾਰਮਿਕ ਗ੍ਰੰਥਾਂ ਦੀ ਸਹੁੰ ਖਾ ਕੇ ਲੋਕ ਆਰਾਮ ਨਾਲ ਹੀ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਜਾਂਦੇ ਹਨ। ਰੱਬ ਦਾ ਡਰ ਮਨ੍ਹਾਂ ਤੋਂ ਭੁੱਲ ਗਿਆ ਹੈ। ਗੁਰਦੁਆਰੇ ਵੰਡੇ ਹੋਏ ਹਨ। ਹੁਣ ਸ਼ਮਸ਼ਾਨ ਘਾਟ ਵੀ ਵੰਡੇ ਜਾਣਗੇ। ਜੇ ਏਸੇ ਤਰ੍ਹਾਂ ਰਿਹਾ ਤਾਂ ਜਨਮ ਮਰਨ ਅਤੇ ਸੁੱਖ-ਦੁੱਖ ਵੀ ਜਾਤਾਂ ਦੇ ਅਧਾਰ ਤੇ ਵੰਡੇ ਜਾਣਗੇ।
ਗਰੀਬ ਨੂੰ ਫਿਟਕਾਰਿਆ ‘ਤੇ ਮਾਰਿਆ ਜਾਂਦਾ ਹੈ ਅਤੇ ਜੇ ਕਿਤੇ ਥੋੜ੍ਹੇ ਪੈਸੇ ਦੀ ਵੀ ਲੋੜ ਪੈ ਜਾਵੇ ਤਾ ਪੰਜਾਹ ਗੱਲਾਂ ਕੀਤੀਆਂ ਜਾਂਦੀਆਂ ਹਨ। ਉਸਨੂੰ ਵਿਆਜ ਵੀ ਠੋਕ ਕੇ ਲਾਇਆ ਜਾਂਦਾ ਹੈ ਤਾਂ ਜੋ ਉਹ ਪੈਸੇ ਵੀ ਨਾਂਹ ਮੋੜ ਸਕੇ ਤੇ ਥੱਲੇ ਵੀ ਲੱਗਾ ਰਹੇ। ਗਰੀਬ ਅਤੇ ਲੋੜਵੰਦ ਦੀ ਮਦਦ ਕਰਨ ਦੀ ਬਜਾਏ ਧਾਰਮਿਕ ਸਥਾਨਾਂ ਤੇ ਵੱਧ ਚੜ੍ਹ ਕੇ ਦਾਨ ਕਰਨ ਨੂੰ ਚੰਗਾ ਸਮਝਿਆ ਜਾਂਦਾ ਹੈ। ਅਸਲ ‘ਚ ਜੋ ਸਾਰੀ ਦੁਨੀਆਂ ਦਾ ਦਾਨੀ ਹੈ। ਕੀ ਉਸ ਨੂੰ ਵੀ ਦਾਨ ਦੀ ਲੋੜ ਹੈ?
ਪਰ ਅਮੀਰ ਦੀਆਂ ਮੁੱਠੀਆਂ ਚਾਪੀਆਂ ਕੀਤੀਆਂ ਜਾਂਦੀਆਂ ਹਨ। ਖ਼ੁਸ਼ਾਮਦ ਕੀਤੀ ਜਾਂਦੀ ਹੈ। ਕੀ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਕਦੀ ਉਪਦੇਸ਼ ਦਿੱਤਾ ਸੀ? ਉਹਨਾਂ ਤਾਂ ਮਲਕ ਭਾਗੋ ਦੀ ਰੋਟੀ ਛੱਡ ਕੇ ਗਰੀਬ ਭਾਈ ਲਾਲੋ ਦੀ ਰੋਟੀ ਖਾਂਧੀ ਸੀ। ਮੁੱਕਦੀ ਗੱਲ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਇੱਕ ਵੀ ਨਹੀਂ ਮੰਨੀ। ਦੂਜੇ ਪਾਸੇ ਗਰੀਬ ਭਾਵੇਂ ਸੋ ਆਨੇ ਖਰੀਆ ਅਤੇ ਸੱਚੀਆਂ ਗੱਲਾਂ ਕਰੇ। ਕਿੰਨ੍ਹਾਂ ਵੀ ਵਿਦਵਾਨ ਕਿਉਂ ਨਾ ਹੋਵੇ ਪਰ ਉਸ ਕੋਲ ਬੈਠ ਕੇ ਕੋਈ ਵਿਚਾਰ ਸੁਣਨ ਨੂੰ ਤਿਆਰ ਨਹੀਂ ਅਤੇ ਤਕੜੇ ਬੰਦੇ ਦੀ ਭਾਵੇ ਇੱਕ ਵੀ ਗੱਲ ਕੰਮ ਦੀ ਨਾ ਹੋਵੇ। ਸਾਰੇ ਬੈਠੇ ਉਸ ਦੀਆਂ ਲੁੱਚ ਗੜੁਚੀਆਂ ਸੁਣ ਕੇ ਵੀ ਚੰਗਾ ਕਹਿ ਕੇ ਖ਼ੁਸ਼ਾਮਦ ਕਰਦੇ ਹਨ ਕਿਉਂਕਿ ਤਕੜੇ ਬੰਦੇ ਨਾਲ ਬੈਠ ਕੇ ਟੌਹਰ ਬਣਦੀ ਹੈ। ਕੁਝ ਵੱਡੇ ਅਤੇ ਸਿਆਸੀ ਲੋਕ ਕਤਾਰ ਵਿੱਚ ਖੜ੍ਹੇ ਹੋ ਕੇ ਮੱਥਾ ਟੇਕਣ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਗੁਰੂ ਘਰ ਆ ਕੇ ਵੀ ਮਨ ਵਿਚੋਂ ਹੈਂਕੜ ਤੇ ਹੰਕਾਰ ਨਹੀਂ ਜਾਂਦਾ। ਇਹ ਆਮ ਵੇਖਿਆ ਜਾ ਸਕਦਾ ਹੈ।
ਮਰਿਆਦਾ ਤਾਂ ਇਹ ਹੈ ਕਿ ਗੁਰੂ ਕਾ ਲੰਗਰ ਤਿਆਰ ਕਰਦੇ ਸਮੇਂ ਨਾਮ ਜਪਾਇਆ ਜਾਵੇ। ਤਾਂ ਜੋ ਲੰਗਰ ਦੀ ਸੇਵਾ ਕਰਨ ਵਾਲੇ ਦਾ ਵੀ ਭਲਾ ਹੋਵੇ ਅਤੇ ਉਸ ਨਾਮ ਦੀ ਬਰਕਤ ਨਾਲ ਛਕਣ ਵਾਲੇ ਦਾ ਵੀ ਭਲਾ ਹੋਵੇ। ਪ੍ਰੰਤੂ ਅੱਜਕੱਲ ਬਹੁਤੇ ਧਾਰਮਿਕ ਅਸਥਾਨਾਂ ਤੇ ਲੰਗਰ ਵਿਚ ਸਬਜ਼ੀ ਕੱਟਣ ਵੇਲੇ ਜਾ ਫਿਰ ਕੋਈ ਹੋਰ ਸੇਵਾ ਕਰਨ ਦੇ ਨਾਲ-ਨਾਲ ਚੁਗਲੀ ਨਿੰਦਿਆਂ ਕੀਤੀ ਜਾਂਦੀ ਹੈ ਜੋ ਕਿ ਗੁਰੂ ਮਰਿਆਦਾ ਦੇ ਬਿਲਕੁਲ ਉਲਟ ਹੈ।ਅਖੰਡਪਾਠ ਵੀ ਅੱਜਕੱਲ੍ਹ ਰੈਡੀਮੇਡ ਹੀ ਮਿਲਣ ਲੱਗ ਪਏ। ਪਹਿਲਾ ਹੀ ਕਰਕੇ ਰੱਖੇ ਹੁੰਦੇ ਹਨ। ਜਾਉ,ਪੈਸੇ ਦਿਉਂ ਤੇ ਪੰਜ ਮਿੰਟ ਵਿੱਚ ਅਰਦਾਸ ਕਰਕੇ ਕਿਹਾ ਜਾਂਦਾ ਹੈ ਕਿ ਅਖੰਡਪਾਠ ਤੁਹਾਡੇ ਨਾਮ ਤੇ ਹੋ ਗਿਆ। ਬਾਬੇ ਨਾਨਕ ਨੇ ਬਾਣੀ ਪੜ੍ਹ ਕੇ,ਵਿਚਾਰ ਕੇ ਉਸ ਉੱਤੇ ਅਮਲ ਕਰਨ ਨੂੰ ਕਿਹਾ ਸੀ। ਮੁੱਲ ਖ੍ਰੀਦਣ ਨੂੰ ਨਹੀਂ। ਜੇ ਇਸੇ ਤਰ੍ਹਾਂ ਅਗਿਆਨਤਾ ਰਹੀ ਤਾਂ ਛੇਤੀ ਹੀ ਕੀਤੇ ਕਰਾਏ ਅਖੰਡਪਾਠ ਦੀ ਪਰਚੀ ਦੁਕਾਨਾਂ ਤੋਂ ਮਿਲ ਜਾਇਆ ਕਰੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖੇ ਗਏ ਮਾਰਗਾਂ ਤੇ ਬਹੁਤ ਭੀੜ ਹੈ ਪਰ ਉਹਨਾਂ ਦੇ ਦੱਸੇ ਹੋਏ ਮਾਰਗ ਸੁੰਨ ਪਏ ਹਨ। ਕੋਈ ਟਾਵਾਂ-ਟਾਵਾਂ ਹੀ ਇਸ ਮਾਰਗ ਤੇ ਚੱਲ ਰਿਹਾ ਹੈ। ਇਸ ਮਾਰਗ ਤੇ ਚੱਲਣ ਲਈ ਬਹੁਤ ਲੋਕ ਦੱਸਦੇ ਹਨ ਪ੍ਰੰਤੂ ਉਹਨਾਂ ਵਿੱਚੋਂ ਵਿਰਲੇ ਹੀ ਇਸ ਰਾਹ ਤੇ ਚੱਲਦੇ ਹਨ ਅਤੇ ਸੁਣਨ ਵਾਲੇ ਵੀ ਬਹੁਤੇ ਪੱਲਾ ਹੀ ਝਾੜ ਕੇ ਇਸ ਮਾਰਗ ਤੋਂ ਪਾਸਾ ਵੱਟ ਕੇ ਤੁਰ ਪੈਂਦੇ ਹਨ।
ਆਓ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਮਨਾਂ ਨੂੰ ਦ੍ਰਿੜ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚਲਣ ਦਾ ਪ੍ਰਣ ਕਰੀਏ ਅਤੇ ਮਨ ਨੀਵਾਂ ਮਤ ਉੱਚੀ ਰੱਖਦੇ ਹੋਏ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦੇ ਉਪਦੇਸ਼ ‘ਤੇ ਅਮਲ ਕਰਕੇ ਫੋਕੇ ਵਿਖਾਵੇ, ਅਡੰਬਰ ਤੇ ਚੌਧਰ ਨੂੰ ਛੱਡ ਕੇ ਸਾਦਾ ਜੀਵਨ ਬਤੀਤ ਕਰੀਏ।
ਮੋਬਾਇਲ ਨੰ:-97816-93300

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …