Breaking News
Home / ਭਾਰਤ / ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ

ਮਹਾਰਾਸ਼ਟਰ ‘ਚ ਭਾਜਪਾ ਦਾ ਟੁੱਟਿਆ ਹੰਕਾਰ

ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦਿੱਤੇ ਅਸਤੀਫੇ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿੱਚ ਪਿਛਲੇ ਇਕ ਮਹੀਨੇ ਤੋਂ ਸਰਕਾਰ ਦੇ ਗਠਨ ਤੇ ਖਾਸ ਕਰਕੇ ਬਹੁਮਤ ਦੇ ਅੰਕੜੇ ਨੂੰ ਲੈ ਕੇ ਚੱਲ ਰਹੀ ਸਿਆਸੀ ਸ਼ਹਿ-ਮਾਤ ਦੀ ਖੇਡ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ।
ਭਾਜਪਾ ਨੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਕਥਿਤ ਛਿੱਕੇ ਟੰਗ ਕੇ ਪਹਿਲਾਂ ਸਰਕਾਰ ਬਣਾਉਣ ਤੇ ਮਗਰੋਂ ਬਚਾਉਣ ਦਾ ਹਰ ਹੀਲਾ ਕੀਤਾ, ਪਰ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਦੇ ‘ਮਹਾ ਵਿਕਾਸ ਅਗਾੜੀ’ ਗੱਠਜੋੜ ਵੱਲੋਂ ਵਿਖਾਏ ‘162 ਦੇ ਦਮ’ ਕਰਕੇ ਭਾਜਪਾ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਨਾਲ ਹਥਿਆਰ ਸੁੱਟਣੇ ਪੈ ਗਏ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਧਰ ਇਸ ਸਿਆਸੀ ਰੱਸਾਕਸ਼ੀ ਦਰਮਿਆਨ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਰਹੇ। ਗੱਠਜੋੜ ਨੇ ਊਧਵ ਨੂੰ ਆਪਣਾ ਆਗੂ ਚੁਣ ਲਿਆ। ਊਧਵ ਨੇ ਮਗਰੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਿੰਨ ਪਾਰਟੀਆਂ ਦੇ ਵਿਧਾਇਕ ਦਲ ਦੇ ਆਗੂ ਮੌਜੂਦ ਸਨ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਤਿੰਨੋਂ ਪਾਰਟੀਆਂ ਦੀ ਸਾਂਝੀ ਮੀਟਿੰਗ ਦੌਰਾਨ ਊਧਵ ਵੱਲੋਂ ਪਹਿਲੀ ਦਸੰਬਰ ਨੂੰ ਹਲਫ਼ ਲੈਣ ਦਾ ਐਲਾਨ ਕੀਤਾ ਸੀ। ਇਸ ਘਟਨਾਕ੍ਰਮ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਲੋਂ ਕਿਹਾ ਜਾ ਰਿਹਾ ਹੈ ਭਾਜਪਾ ਦਾ ਇਕ ਵਾਰ ਹੰਕਾਰ ਟੁੱਟ ਗਿਆ ਹੈ।
ਫੜਨਵੀਸ ਸਰਕਾਰ ਮੂਧੇ ਮੂੰਹ ਡਿੱਗਣ ਨਾਲ ਭਾਜਪਾ ਨੂੰ ਝਟਕਾ
ਮੁੰਬਈ : ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਕਿਹਾ ਕਿ ਫੜਨਵੀਸ ਸਰਕਾਰ ਦੇ ਮੂਧੇ ਮੂੰਹ ਡਿੱਗਣ ਨਾਲ ਭਾਜਪਾ ਦਾ ਹੰਕਾਰ ਟੁੱਟ ਗਿਆ ਹੈ। ਕਾਂਗਰਸ ਨੇ ਕਿਹਾ ਕਿ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ‘ਦਲ ਬਦਲੀ’ ਉੱਤੇ ਅਧਾਰਿਤ ਸੀ, ਜੋ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ ਹੈ। ਇਸ ਦੌਰਾਨ ਸਾਬਕਾ ਰੱਖਿਆ ਮੰਤਰੀ ਏ.ਕੇ.ਐਂਟਨੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਮਹਾਰਾਸ਼ਟਰ ਦੇ ਸਿਆਸੀ ਸਮੀਕਰਨਾਂ ਵਿੱਚ ਹੋਏ ਫੇਰਬਦਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੱਡਾ ਝਟਕਾ ਦੱਸਿਆ ਹੈ।
ਚਾਰ ਦਿਨ ਲਈ ਮੁੱਖ ਮੰਤਰੀ ਬਣਨ ਦਾ ਰਿਕਾਰਡ ਫੜਨਵੀਸ ਦੇ ਨਾਂ
ਮੁੰਬਈ : ਦੇਵੇਂਦਰ ਫੜਨਵੀਸ ਮਹਾਰਾਸ਼ਟਰ ਵਿੱਚ ਪੂਰੇ ਪੰਜ ਸਾਲ ਲਈ ਸਰਕਾਰ ਚਲਾਉਣ ਦਾ ਮੀਲ ਪੱਥਰ ਸਥਾਪਿਤ ਕਰਨ ਵਾਲੇ ਦੂਜੇ ਮੁੱਖ ਮੰਤਰੀ ਹਨ, ਪਰ ਹੁਣ ਉਨ੍ਹਾਂ ਦੇ ਨਾਂਅ ਨਾਲ ਇਕ ਹੋਰ ਵਿਲੱਖਣ ਪ੍ਰਾਪਤੀ ਜੁੜ ਗਈ ਹੈ। ਉਹ ਮਹਾਰਾਸ਼ਟਰ ਦੀ ਸਿਆਸਤ ਵਿੱਚ ਸਭ ਤੋਂ ਛੋਟੀ ਮਿਆਦ (ਚਾਰ ਦਿਨ) ਲਈ ਮੁੱਖ ਮੰਤਰੀ ਰਹੇ ਹਨ। ਦੇਵੇਂਦਰ ਗੰਗਾਧਰਰਾਓ ਫੜਨਵੀਸ (49) ਨੇ ਸ਼ਨਿਚਰਵਾਰ 23 ਨਵੰਬਰ ਨੂੰ ਰਾਜ ਭਵਨ ਵਿੱਚ ਸਵੇਰੇ ਅੱਠ ਵਜੇ ਦੇ ਕਰੀਬ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ ਤੇ 26 ਨਵੰਬਰ ਦਿਨ ਮੰਗਲਵਾਰ ਸ਼ਾਮ ਚਾਰ ਵਜੇ ਦੇ ਕਰੀਬ ਉਨ੍ਹਾਂ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਤੋਂ ਪਹਿਲਾਂ ਸਭ ਤੋਂ ਛੋਟੀ ਮਿਆਦ ਲਈ ਮੁੱਖ ਮੰਤਰੀ ਬਣਨ ਦਾ ਰਿਕਾਰਡ ਪੀ.ਕੇ.ਸਾਵੰਤ ਦੇ ਨਾਂਅ ਸੀ। ਸਾਵੰਤ ਨੂੰ ਮਾਰੋਤਰਾਓ ਕੰਨਮਵਾਰ ਦੇ ਅਕਾਲ ਚਲਾਣੇ ਮਗਰੋਂ 25 ਨਵੰਬਰ ਤੋਂ 4 ਦਸੰਬਰ 1963 ਤਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਮਹਾਰਾਸ਼ਟਰ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …