Breaking News
Home / ਪੰਜਾਬ / ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਦਾ ਵਿਦੇਸ਼ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਸਵਾਗਤ

ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਦਾ ਵਿਦੇਸ਼ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਸਵਾਗਤ

ਅੰਮ੍ਰਿਤਸਰ : ਏਅਰ ਇੰਡੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ ਤੋਂ ਲੰਡਨ ਦੇ ਸਟੈਨਸਟੇਡ ਏਅਰਪੋਰਟ ਲਈ ਹਫ਼ਤੇ ਵਿਚ ਤਿੰਨ ਦਿਨਾਂ ਲਈ ਸ਼ੁਰੂ ਕੀਤੀ ਗਈ ਸਿੱਧੀ ਉਡਾਣ ਦਾ ਵਿਦੇਸ਼ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੇ ਸਵਾਗਤ ਕੀਤਾ ਹੈ। ਅੰਮ੍ਰਿਤਸਰ ਤੋਂ ਇਹ ਉੜਾਣ ਸੋਮਵਾਰ, ਮੰਗਲ਼ਵਾਰ ਤੇ ਵੀਰਵਾਰ ਵਾਲੇ ਦਿਨ ਲੰਡਨ ਲਈ ਰਵਾਨਾ ਹੋਵੇਗੀ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਸੇਵਾ ਟਰੱਸਟ ਯੂ. ਕੇ. ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਭਾਰਤ ਸਰਕਾਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ, ਅਤੇ ਏਅਰ ਇੰਡੀਆਂ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਣੀ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਧੇਰੇ ਸੈਰ-ਸਪਾਟਾ, ਵਪਾਰ, ਆਰਥਿਕ ਵਾਧੇ ਨੂੰ ਉਤਸ਼ਾਹ ਮਿਲੇਗਾ ਅਤੇ ਨਾਲ ਹੀ ਯਾਤਰੀਆਂ ਲਈ ਸਮੇਂ ਅਤੇ ਕੀਮਤ ਦੀ ਬਚਤ ਹੋਵੇਗੀ। ਇਹ ਲੰਡਨ ਤੋਂ ਪੰਜਾਬ ਲਈ ਜਾਣ ਵਾਲੇ ਯਾਤਰੀਆਂ, ਖ਼ਾਸਕਰ ਅੰਮ੍ਰਿਤਸਰ ਖਿੱਤੇ ਲਈ ਸਭ ਤੋਂ ਖ਼ੁਸ਼ੀ ਦੀ ਖ਼ਬਰ ਹੈ ਜੋ ਕਿ 550 ਸਾਲਾਂ ਦੇ ਗੁਰਪੁਰਬ ਸਮਾਗਮਾਂ ਦਾ ਕੇਂਦਰ ਹੋਵੇਗਾ। ਉਹਨਾਂ ਕਿਹਾ ਕਿ 550 ਸਾਲਾ ਗੁਰਪੂਰਬ ਦੇ ਅਵਸਰ ਤੇ ਅੰਮ੍ਰਿਤਸਰ 9 ਸਾਲਾਂ ਬਾਦ ਮੁੜ ਤੋਂ ਲੰਡਨ ਨਾਲ ਜੁੜ ਜਾਵੇਗਾ। ਏਅਰ ਇੰਡੀਆ ਵਲ਼ੋਂ ਹਫ਼ਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਤੋਂ ਸਿੱਧੀ ਬਰਮਿੰਘਮ ਅਤੇ ਤਿੰਨ ਦਿਨ ਦਿੱਲੀ ਰਾਹੀਂ ਬਰਮਿੰਘਮ ਲਈ ਵੀ ਉਡਾਣ ਚਲਾਈ ਜਾਂਦੀ ਹੈ। ਇੱਥੇ ਵਰਨਣਯੋਗ ਹੈ ਕਿ ਅੰਮ੍ਰਿਤਸਰ ਦੇ ਜੰਮਪਲ ਤੇ ਹੁਣ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ, ਅੰਮ੍ਰਿਤਸਰ ਤੋਂ ਲੰਡਨ ਦੀ ਇਸ ਇਤਿਹਾਸਕ ਪਹਿਲੀ ਉਡਾਣ ਤੇ ਸਫਰ ਕਰਨ ਲਈ ਉਚੇਚੇ ਤੌਰ ਤੇ ਅਮਰੀਕਾ ਤੋਂ ਗੁਰੂ ਕੀ ਨਗਰੀ ਪਹੰਚੇ ਸਨ। ਜਹਾਜ਼ ਤੇ ੴ ਲਿਖੇ ਹੋਏ ਇਸ ਜਹਾਜ ਦੇ ਯਾਤਰੀਆਂ ਦਾ ਲੰਡਨ ਪਹੁੰਚਣ ਤੇ ਏਅਰ ਇੰਡੀਆ ਅਤੇ ਏਅਰਪੋਰਟ ਦੇ ਸਟਾਫ ਵਲੋਂ ਢੋਲ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਤੋਹਫਾ ਵੀ ਦਿੱਤਾ ਗਿਆ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …