14.3 C
Toronto
Wednesday, October 15, 2025
spot_img
Homeਭਾਰਤਰਵਿਦਾਸ ਮੰਦਰ ਢਾਹੁਣ ਖਿਲਾਫ ਦਿੱਲੀ 'ਚ ਵਿਰੋਧ ਪ੍ਰਦਰਸ਼ਨ

ਰਵਿਦਾਸ ਮੰਦਰ ਢਾਹੁਣ ਖਿਲਾਫ ਦਿੱਲੀ ‘ਚ ਵਿਰੋਧ ਪ੍ਰਦਰਸ਼ਨ

ਬੇਕਾਬੂ ਹੋਏ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਤੁਗ਼ਲਕਾਬਾਦ ਵਿਚ ਰਵਿਦਾਸ ਮੰਦਰ ਢਾਹੇ ਜਾਣ ਖ਼ਿਲਾਫ਼ 21 ਅਗਸਤ ਬੁੱਧਵਾਰ ਨੂੰ ਪੂਰੇ ਭਾਰਤ ਵਿਚੋਂ ਕੌਮੀ ਰਾਜਧਾਨੀ ਪੁੱਜੇ ਦਲਿਤ ਭਾਈਚਾਰੇ ਨੇ ਰੋਸ ਮਾਰਚ ਕੀਤਾ। ਕੇਂਦਰੀ ਦਿੱਲੀ ਦੇ ਝੰਡੇਵਾਲਾ ਤੇ ਰਾਮ ਲੀਲਾ ਮੈਦਾਨ ਵਿਚਾਲੇ ਰਸਤਾ ਨੀਲੇ ਰੰਗ ਵਿਚ ਰੰਗਿਆ ਗਿਆ। ਬੇਕਾਬੂ ਹੋਏ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਅਤੇ ਫਿਰ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ। ਦੱਸਣਯੋਗ ਹੈ ਕਿ ਦਿੱਲੀ ਵਿਕਾਸ ਅਥਾਰਿਟੀ ਨੇ 10 ਅਗਸਤ ਨੂੰ ਮੰਦਰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਢਾਹ ਦਿੱਤਾ ਸੀ। ਨੀਲੀਆਂ ਟੋਪੀਆਂ ਪਾ ਕੇ ਤੇ ਹੱਥਾਂ ਵਿਚ ਝੰਡੇ ਲੈ ਕੇ ਹਰ ਉਮਰ ਵਰਗ ਦੇ ਮੁਜ਼ਾਹਰਾਕਾਰੀ ਨੇ ਝੰਡੇਵਾਲਾ ਸਥਿਤ ਅੰਬੇਡਕਰ ਭਵਨ ਤੋਂ ਰਾਮਲੀਲਾ ਮੈਦਾਨ ਵੱਲ ਰੋਸ ਮਾਰਚ ਕੀਤਾ। ਇਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਈ ਹੋਰ ਸੂਬਿਆਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਦੇ ‘ਜੈ ਭੀਮ’ ਦੇ ਨਾਅਰੇ ਆਸਮਾਨ ਵਿਚ ਗੂੰਜ ਰਹੇ ਸਨ। ਦਲਿਤ ਭਾਈਚਾਰਾ ਮੰਦਰ ਵਾਲੀ ਜ਼ਮੀਨ ਸੌਂਪਣ ਤੇ ਮੰਦਰ ਦੀ ਦੁਬਾਰਾ ਉਸਾਰੀ ਦੀ ਮੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਦਲਿਤਾਂ ਵੱਲੋਂ 13 ਅਗਸਤ ਨੂੰ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ ਸਨ। ਇਸ ਤੋਂ ਬਾਅਦ ਮੁੱਦੇ ਨੇ ਸਿਆਸੀ ਰੰਗਤ ਫੜ ਲਈ ਤੇ ਕਈ ਪਾਰਟੀਆਂ ਨੇ ਮੰਦਰ ਨੂੰ ਮੁੜ ਉੱਥੇ ਹੀ ਉਸਾਰਨ ਜਾਂ ਬਦਲਵੀਂ ਥਾਂ ਉਸਾਰਨ ਦੀ ਮੰਗ ਕੀਤੀ। ਇਸ ਇਕੱਠ ਵਿਚ ਦਿੱਲੀ ਦੇ ਸਮਾਜ ਭਲਾਈ ਮੰਤਰੀ ਰਾਜੇਂਦਰ ਪਾਲ ਗੌਤਮ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਤੇ ਭਾਈਚਾਰੇ ਦੇ ਰੂਹਾਨੀ ਆਗੂ ਹਾਜ਼ਰ ਸਨ। ਗੌਤਮ ਨੇ ਕਿਹਾ ਕਿ ਇਹ ਰੋਸ ਸੁਪਰੀਮ ਕੋਰਟ ਦੇ ਹੁਕਮ ਖ਼ਿਲਾਫ਼ ਨਹੀਂ ਹੈ ਬਲਕਿ ਭਾਈਚਾਰੇ ਨਾਲ ਕੀਤੇ ਅਨਿਆ ਖ਼ਿਲਾਫ਼ ਹੈ। ਭਾਈਚਾਰਾ ‘ਅਖ਼ਿਲ ਭਾਰਤੀਆ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਸੰਯੁਕਤ ਸੰਰਕਸ਼ਣ ਸਮਿਤੀ’ ਦੇ ਬੈਨਰ ਥੱਲੇ ਇਕੱਠੇ ਹੋਇਆ ਸੀ। ਕੁਝ ਇਸ ਮੌਕੇ ਰਾਮਲੀਲਾ ਮੈਦਾਨ ਵਿਚ ਭੁੱਖ ਹੜਤਾਲ ‘ਤੇ ਬੈਠ ਗਏ। ਰਵਿਦਾਸ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨ ਪੰਜਾਬ ਕਾਂਗਰਸ ‘ਚ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਦੇ ਆਗੂ ਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਪਹੁੰਚੇ ਸਨ।

RELATED ARTICLES
POPULAR POSTS