ਲੋਕ ਸਭਾ ਚੋਣਾਂ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਰਿਸ਼ਤੇ ਸੁਧਰਨਗੇ : ਇਮਰਾਨ ਖਾਨ
ਪੇਈਚਿੰਗ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਮੁਲਕ ਦੇ ਭਾਰਤ ਨਾਲ ਰਿਸ਼ਤੇ ਹੀ ਖ਼ਿੱਤੇ ਵਿਚ ਸ਼ਾਂਤੀ ਅਤੇ ਸਥਿਰਤਾ ਲਈ ‘ਇਕਲੌਤੀ ਸਮੱਸਿਆ’ ਹੈ। ਉਨ੍ਹਾਂ ਆਸ ਜਤਾਈ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਮਗਰੋਂ ਦੋਵੇਂ ਮੁਲਕਾਂ ਵਿਚ ‘ਸੁਖਾਵੇਂ ਰਿਸ਼ਤੇ’ ਬਣਨਗੇ। ਦੂਜੀ ਪੱਟੀ ਅਤੇ ਸੜਕ ਫੋਰਮ (ਬੀਆਰਐਫ) ਵਿਚ ਹਿੱਸਾ ਲੈਣ ਲਈ ਚੀਨ ਆਏ ਹੋਏ ਇਮਰਾਨ ਖ਼ਾਨ ਨੇ ਇਥੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦੋਂ ਤਕ ਖ਼ਿੱਤੇ ‘ਚ ਸ਼ਾਂਤੀ ਅਤੇ ਸਥਿਰਤਾ ਨਹੀਂ ਆ ਜਾਂਦੀ, ਪਾਕਿਸਤਾਨ ਲਈ ਆਰਥਿਕ ਖੁਸ਼ਹਾਲੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ਵਿਚ ਸਿਆਸੀ ਹੱਲ ਨਿਕਲ ਆਏਗਾ ਅਤੇ ਜੰਗ ਦੀ ਮਾਰ ਹੇਠ ਆਏ ਮੁਲਕ ਵਿਚ ਸਥਿਰਤਾ ਕਾਇਮ ਹੋਵੇਗੀ। ਇਮਰਾਨ ਨੇ ਕਿਹਾ, ”ਅਫ਼ਗਾਨਿਸਤਾਨ ਵਿਚ ਜੋ ਕੁਝ ਵੀ ਵਾਪਰਦਾ ਹੈ, ਉਸ ਦਾ ਅਸਰ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ‘ਤੇ ਪੈਂਦਾ ਹੈ। ਅਸੀਂ ਖ਼ਿੱਤੇ ਵਿਚ ਸ਼ਾਂਤੀ ਕਾਇਮ ਕਰਨ ਲਈ ਕੰਮ ਕਰ ਰਹੇ ਹਾਂ। ਸਾਡੇ ਇਰਾਨ ਨਾਲ ਚੰਗੇ ਰਿਸ਼ਤੇ ਹਨ ਅਤੇ ਅਸੀਂ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।” ਜ਼ਿਕਰਯੋਗ ਹੈ ਕਿ ਜਦੋਂ ਤੋਂ ਇਮਰਾਨ ਖ਼ਾਨ ਚੀਨ ਆਇਆ ਹੈ ਤਾਂ ਉਸ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ‘ਤੇ ਬੋਲਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਦਾ ਜ਼ੋਰ ਚੀਨ-ਪਾਕਿਸਤਾਨ ਆਰਥਿਕ ਲਾਂਘੇ ਲਈ ਹੋਰ ਪ੍ਰਾਜੈਕਟਾਂ ‘ਤੇ ਰਿਹਾ। ਇਮਰਾਨ ਖ਼ਾਨ ਨੇ ਬੀਆਰਐਫ ਦੀ ਬੈਠਕ ਦੌਰਾਨ ਲਾਂਘੇ ਨੂੰ ਅਹਿਮ ਪ੍ਰਾਜੈਕਟ ਕਰਾਰ ਦਿੱਤਾ ਜੋ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਅਤੇ ਚੀਨ ਦੇ ਸ਼ਿਨਜਿਆਂਗ ਖ਼ਿੱਤੇ ਵਿਚਕਾਰ ਸੰਪਰਕ ਬਹਾਲੀ ਨੂੰ ਉਤਸ਼ਾਹਿਤ ਕਰੇਗਾ।
ਇਸ ਕਾਰਨ ਲੱਗੀ ਵੀਜ਼ਾ ਪਾਬੰਦੀ
ਪਾਕਿ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ‘ਤੇ ਅਮਰੀਕੀ ਕਾਨੂੰਨ ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ। ਅਮਰੀਕਾ ਇਸ ਸੂਚੀ ਉਨ੍ਹਾਂ ਦੇਸ਼ਾਂ ਨੂੰ ਪਾਉਂਦਾ ਹੈ ਜੋ ਡਿਪੋਰਟ ਕੀਤੇ ਗਏ ਅਤੇ ਵੀਜ਼ਾ ਮਿਆਦ ਖਤਮ ਹੋਣ ਪਿੱਛੋਂ ਵੀ ਅਮਰੀਕੀ ਧਰਤੀ ‘ਤੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਲੈਂਦੇ ਹਨ। ਇਸ ਸੂਚੀ ਵਿਚ ਪਾਕਿ ਤੇ ਘਾਨਾ ਨੂੰ ਪਾਇਆ ਗਿਆ ਹੈ। ਸੂਚੀ ਵਿਚ ਅੱਠ ਦੇਸ਼ ਗੁਆਨਾ, ਗਾਂਬੀਆ, ਕੰਬੋਡੀਆ, ਗਿਨੀ, ਇਰੀਟ੍ਰਿਆ, ਸੀਏਰਾ ਲਿਓਨ, ਮਿਆਂਮਾਰ ਅਤੇ ਲਾਓਸ ਪਹਿਲੇ ਤੋਂ ਸ਼ਾਮਲ ਹਨ। ਹੁਣ ਸੂਚੀ ਵਿਚ ਸ਼ਾਮਲ ਦੇਸ਼ਾਂ ਦੀ ਗਿਣਤੀ 10 ਹੋ ਗਈ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …