Breaking News
Home / ਭਾਰਤ / ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਆਪਣਾ ਚੋਣ ਮੈਨੀਫੈਸਟੋ

ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਆਪਣਾ ਚੋਣ ਮੈਨੀਫੈਸਟੋ

ਤਿੰਨ ਸਾਲਾਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਸੱਤਾ ‘ਤੇ ਵਾਪਸੀ ਲਈ ਨਜ਼ਰ ਟਿਕਾਈ ਬੈਠੀ ਭਾਜਪਾ ਨੇ ਚੋਣ ਵਾਅਦਿਆਂ ਦੇ ਅੰਬਾਰ ਵਾਲਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਨੀਫੈਸਟੋ ਵਿੱਚ ਰਾਮ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ, ਕੌਮੀ ਸੁਰੱਖਿਆ, ਅਗਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, 2030 ਤਕ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਤੇ ਜੰਮੂ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਜਿਹੇ ਵਾਅਦੇ ਪ੍ਰਮੁੱਖ ਹਨ। ਭਗਵੀਂ ਪਾਰਟੀ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐਨਆਰਸੀ) ਨੂੰ ਪੜਾਅਵਾਰ ਪੂਰੇ ਮੁਲਕ ਵਿੱਚ ਲਾਗੂ ਕਰਨ ਦਾ ਵੀ ਵਾਅਦਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸੰਕਲਪਿਤ ਭਾਰਤ, ਸਸ਼ਕਤ ਭਾਰਤ’ ਸਿਰਲੇਖ ਵਾਲਾ 45 ਸਫ਼ਿਆਂ ਦਾ ਚੋਣ ਮੈਨੀਫੈਸਟੋ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਤੇ ਅਰੁਣ ਜੇਤਲੀ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ। ਭਾਜਪਾ ਨੇ ਚੋਣ ਮੈਨੀਫੈਸਟੋ ਵਿੱਚ ਸੰਵਿਧਾਨ ਦੀ ਧਾਰਾ 35ਏ ਨੂੰ ਮਨਸੂਖ ਕਰਨ ਦੇ ਵਾਅਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਇਸ ਧਾਰਾ ਤਹਿਤ ਜੰਮੂ ਕਸ਼ਮੀਰ ਤੋਂ ਬਾਹਰਲੇ ਵਿਅਕਤੀਆਂ ਨੂੰ ਸੂਬੇ ਵਿੱਚ ਜ਼ਮੀਨ ਜਾਇਦਾਦ ਖਰੀਦਣ ਦੀ ਮਨਾਹੀ ਹੈ। ਆਰਥਿਕ ਮੰਚ ‘ਤੇ ਪਾਰਟੀ ਨੇ ਮੁਲਕ ਨੂੰ 2030 ਤਕ ਵਿਸ਼ਵ ਦਾ ਤੀਜਾ ਅਰਥਚਾਰਾ ਬਣਾਉਣ ਦਾ ਵਾਅਦਾ ਕੀਤਾ ਹੈ। ਭਾਜਪਾ ਨੇ ਕਿਹਾ ਕਿ ਉਹ ਜੀਐਸਟੀ ਦੇ ਅਮਲ ਨੂੰ ਸਾਰੇ ਸਬੰਧਤ ਭਾਈਵਾਲਾਂ ਨਾਲ ਸੰਵਾਦ ਮਗਰੋਂ ਵਧੇਰੇ ਸੁਖਾਲਾ ਬਣਾਉਣ ਦੇ ਯਤਨ ਜਾਰੀ ਰੱਖੇਗੀ।
ਮੈਨੀਫੈਸਟੋ ਵਿਚ ਹਥਿਆਰਬੰਦ ਫੌਜਾਂ ਲਈ ਰੱਖਿਆ ਸਾਜ਼ੋ-ਸਾਮਾਨ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਤੇ ਅੱਤਵਾਦ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖਣ ਤੇ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਲਈ ਖੁੱਲ੍ਹਾ ਹੱਥ ਦੇਣ ਦਾ ਅਹਿਦ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਭਾਜਪਾ ਦੇ ਮੈਨੀਫੈਸਟੋ ਦਾ ਮੁੱਖ ਨਿਸ਼ਾਨਾ ਭਾਰਤ ਨੂੰ 2047 (ਅਜ਼ਾਦੀ ਤੋਂ ਸੌ ਸਾਲਾਂ ਮਗਰੋਂ) ਤਕ ਵਿਕਸਤ ਮੁਲਕ ਬਣਾਉਣਾ ਹੈ।
ਮੈਨੀਫੈਸਟੋ ਦੇ ਮੁੱਖਬੰਧ ਵਿੱਚ ਮੋਦੀ ਨੇ ਲਿਖਿਆ, ‘ਆਓ ਮਜ਼ਬੂਤ ਤੇ ਇਕਮੁੱਠ ਭਾਰਤ ਬਣਾਉਣ ਦੀ ਦਿਸ਼ਾ ਵਿਚ ਕੰਮ ਕਰੀਏ। ਦੇਸ਼ ਦੇ ਨਾਗਰਿਕਾਂ ਨੂੰ ਮਾਣ ਸਤਿਕਾਰ, ਖੁਸ਼ਹਾਲੀ, ਸੁਰੱਖਿਆ ਤੇ ਮੌਕੇ ਮੁਹੱਈਆ ਕਰਵਾਉਣ ਦਾ ਯਕੀਨ ਦਿਵਾਉਂਦੇ ਹਾਂ।’ ਸ਼ਾਹ ਨੇ ਲਿਖਿਆ, ‘ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਅਜਿਹੇ ਫੈਸਲੇ ਲਏ ਹਨ ਜੋ ਇਤਿਹਾਸਕ ਸਨ ਤੇ ਜਿਨ੍ਹਾਂ ਕਰਕੇ ਦੇਸ਼ ਵਿੱਚ ਵਿਆਪਕ ਤੇ ਮੌਲਿਕ ਤਬਦੀਲੀ ਆਈ।’
ਪਾਰਟੀ ਪ੍ਰਧਾਨ ਨੇ ਆਪਣੇ ਲੇਖ ਵਿਚ ਸਰਕਾਰ ਸਕੀਮਾਂ ਤੇ ਹੋਰ ਕਈ ਫੈਸਲਿਆਂ ਜਿਵੇਂ ਨੋਟਬੰਦੀ ਤੇ ਸਰਜੀਕਲ ਸਟਰਾਈਕ ਤੇ ਹਵਾਈ ਹਮਲਿਆਂ ਦਾ ਵੀ ਹਵਾਲਾ ਦਿੱਤਾ। ਮੈਨੀਫੈਸਟੋ ਕਮੇਟੀ ਦੇ ਮੁਖੀ ਰਾਜਨਾਥ ਸਿੰਘ ਨੇ ਚੋਣ ਮੈਨੀਫੈਸਟੋ ਨੂੰ ‘ਵਿਜ਼ਨ ਦਸਤਾਵੇਜ਼’ ਕਰਾਰ ਦਿੱਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਜਿੱਥੇ ‘ਟੁਕੜੇ ਟੁਕੜੇ’ ਮਾਨਸਿਕਤਾ ਨਾਲ ਤਿਆਰ ਕੀਤਾ ਗਿਆ ਸੀ, ਉਥੇ ਭਾਜਪਾ ਦਾ ਮੈਨੀਫੈਸਟੋ ਮਜ਼ਬੂਤ ਕੌਮੀ ਨਜ਼ਰੀਏ ਦੀ ਤਰਜਮਾਨੀ ਕਰਦਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੋਰਨਾਂ ਪਾਰਟੀਆਂ ਨੇ ਜਿੱਥੇ ‘ਘੋਸ਼ਣਾ ਪੱਤਰ’ ਜਾਰੀ ਕੀਤਾ ਹੈ, ਉਥੇ ਭਾਜਪਾ ਇਕੋ ਇਕ ਪਾਰਟੀ ਹੈ ਜਿਹੜੀ ‘ਸੰਕਲਪ ਪੱਤਰ’ ਲੈ ਕੇ ਆਈ ਹੈ।

ਭਾਜਪਾ ਦਾ ਚੋਣ ਮੈਨੀਫੈਸਟੋ ਦੇਸ਼ ਦੇ ਲੋਕਾਂ ਨਾਲ ਨਿਰਾ ਧੋਖਾ : ਪੰਜਾਬ ਕਾਂਗਰਸ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਭਾਜਪਾ ਦੇ ਸਿਆਸੀ ਜੁਮਲਿਆਂ ਦਾ ਅਗਲਾ ਅੰਕ ਅਤੇ ਦੇਸ਼ ਦੇ ਲੋਕਾਂ ਲਈ ਧੋਖਾ ਪੱਤਰ ਦੱਸਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਦੇਸ਼ ਵਾਸੀਆਂ ਨਾਲ ਕੋਝਾ ਮਜ਼ਾਕ ਦੱਸਦਿਆਂ ਆਖਿਆ ਕਿ ਇਸ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਾਇਆ। ਇਸ ਦੇ ‘ਸੰਕਲਪ ਪੱਤਰ’ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕੈਪਟਨ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾਉਣ ਦੀ ਕੀਤੀ ਗਈ ਕੋਸ਼ਿਸ਼ ਇਨ੍ਹਾਂ ਚੋਣਾਂ ਵਿੱਚ ਬਹੁਤ ਮਹਿੰਗੀ ਸਾਬਤ ਹੋਵੇਗੀ। ਚੋਣ ਮਨੋਰਥ ਪੱਤਰ ਨਾ ਤਾਂ ਨੌਕਰੀਆਂ ਦੀ ਗੱਲ ਕਰਦਾ ਹੈ ਅਤੇ ਨਾ ਹੀ ਹਰ ਨਾਗਰਿਕ ਨੂੰ 15 ਲੱਖ ਰੁਪਏ ਮਿਲਣ ਬਾਰੇ ਪਹਿਲਾਂ ਕੀਤਾ ਵਾਅਦਾ ਨਾ ਪੁਗਾਉਣ ਦਾ ਜ਼ਿਕਰ ਕਰਦਾ ਹੈ। ਚੋਣ ਮਨੋਰਥ ਪੱਤਰ ਵਿੱਚ ਨਰਿੰਦਰ ਮੋਦੀ ਦੀ ਜੁਮਲਾ ਸਰਕਾਰ ਦੇ ਜੁਮਲਿਆਂ ਦੀ ਲੰਮੀ-ਚੌੜੀ ਸੂਚੀ ਤੋਂ ਵੱਧ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਤੇ ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕਰਨਾ ਵੀ ਵਾਜਬ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ‘ਨਿਆਏ’ ਸਕੀਮ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਕੀਮ ਦਾ ਵਿਸਤਾਰ ਕਰਨ ਦਾ ਵਾਅਦਾ ਕਰਨਾ ਇਨ੍ਹਾਂ ਸੰਸਦੀ ਚੋਣਾਂ ਵਿੱਚ ਭਾਜਪਾ ਨੂੰ ਦਿਸਦੀ ਹਾਰ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਤੁਹਾਨੂੰ ਮੁਆਫ ਨਹੀਂ ਕਰੇਗਾ। ਦੇਸ਼ ਦੇ ਲੋਕ ਬਿਹਤਰ ਭਵਿੱਖ ਤੇ ਮਾਹੌਲ ਲਈ ਤਬਦੀਲੀ ਚਾਹੁੰਦੇ ਹਨ। ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 2014 ਵਿੱਚ ਵੀ ਅਜਿਹੇ ਹੀ ਵਾਅਦੇ ਕਰਕੇ ਸਰਕਾਰ ਬਣਾਈ ਸੀ ਪਰ ਨਰਿੰਦਰ ਮੋਦੀ ਸਰਕਾਰ ਪੰਜ ਸਾਲਾਂ ਦੌਰਾਨ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …