Breaking News
Home / ਮੁੱਖ ਲੇਖ / ਕੌਮਾਂਤਰੀ ਮਹਿਲਾ ਦਿਵਸ ‘ਤੇ : ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਕੌਮਾਂਤਰੀ ਮਹਿਲਾ ਦਿਵਸ ‘ਤੇ : ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਰਾਜਿੰਦਰ ਕੌਰ ਚੋਹਕਾ
”ਗੁਰੂ ਨਾਨਕ ਦੇਵ ਜੀ” ਨੇ ਅੱਜ ਤੋਂ! ਲੱਗਭਗ 550 ਸਾਲ ਪਹਿਲਾਂ ਮਨੁੱਖ ਦੀ ਜਨਨੀ ਅਤੇ ਸਮਾਜ ਦੀ ਸਿਰਜਕ ਇਸਤਰੀ ਦੀ 15ਵੀਂ ਸਦੀ ਦੌਰਾਨ ਸਾਮੰਤਵਾਦੀ ਰਾਜ ਦੌਰਾਨ ਜੋ ਦੁਰਗਤੀ ਦੇਖੀ ਸੀ, ਇਕ ਲੰਬੀ ਹੂਕ ਮਾਰਦੇ ਹੋਏ ਕਿਹਾ ਸੀ, ”ਸੋ ਕਿਓ ਮੰਦਾ ਆਖੀਐ”! ਉਹ ਸ਼ਬਦ ਅੱਜ! ਵੀ 21ਵੀਂ ਸਦੀ ਵਿੱਚ ਉਨੇ ਹੀ ਸਾਰਥਿਕ ਹਨ ! ਮਾਂ, ਭੈਣ, ਪਤਨੀ, ਪੁਤਰੀ ਦੇ ਸੱਚੇ-ਸੁੱਚੇ ਰਿਸ਼ਤਿਆਂ ਵਿੱਚ ਬੱਝੀ ਕੋਮਲਤਾ ਦੀ ਮੂਰਤ, ਸਦੀਆਂ ਤੋਂ ਹੀ ਇਸ ਸਮਾਜ ਵਿੱਚ ਪਿਸਦੀ ਆ ਰਹੀ ਹੈ! ਉਹ ਜੰਮਣ ਤੋਂ ਲੈ ਕੇ ਮਰਨ ਤੱਕ, ਜਿਸਮਾਨੀ ਅਤੇ ਸਰੀਰਕ ਤਸੀਹਿਆਂ ਅਤੇ ਮਾਨਸਿਕ ਪੀੜਾ ਦੀ ਸ਼ਿਕਾਰ ਰਹੀ ਹੈ! ਉਸ ਦੇ ਜੀਵਨ ਦੀ ਦਾਸਤਾਨ ਬਹੁਤ ਹੀ ਲੰਬੀ ਤੇ ਸੰਘਰਸ਼ਮਈ ਹੈ! ਟੱਬਰ-ਕਬੀਲੇ ਦੇ ਯੁੱਗ ਤੋਂ ਲੈ ਕੇ ਮਨੂੰਵਾਦੀ ਕਾਲ ਨੂੰ ਪਾਰ ਕਰਕੇ ਅੱਜ! ਅਤਿ ਪਿਛਾਕੜੀ ਪੂੰਜੀਵਾਦੀ ਯੁੱਗ ਵਿੱਚ ਉਸ ਨੇ ਪ੍ਰਵੇਸ਼ ਕੀਤਾ ਹੈ! ਉਸ ਦੇ ਸਬਰ ਦਾ ਇਤਿਹਾਸ ਬਹੁਤ ਹੀ ਲੰਬਾ ਅਤੇ ਸੰਘਰਸ਼ਾਂ ਵਾਲਾ ਹੈ। ‘ਦਾਰਸ਼ਨਿਕ’, ਐਫ.ਏਂਜ਼ਲਜ਼ ਮੁਤਾਬਿਕ,ਉਂਝ ਤਾਂ ਬਹੁਤ ਹੀ ਲੰਬੇ ਸਮੇਂ ਤੋਂ ‘ਕਿਰਤੀਆਂ ਤੇ ਇਸਤਰੀਆਂ’ ਤੇ ਅੱਤਿਆਚਾਰ ਹੁੰਦੇ ਆ ਰਹੇ ਹਨ, ਪਰ! ਸਭ ਤੋਂ ਵੱਧ ਅੱਤਿਆਚਾਰਾਂ ਦੀ ਸ਼ਿਕਾਰ ‘ਇਸਤਰੀ’ ਹੀ ਹੋਈ ਹੈ?ਭਾਵੇਂ ਅਮਨ ਦਾ ਯੁੱਗ ਹੋਵੇ ਜਾਂ ਜੰਗ ਦਾ, ਮਨੁੱਖੀ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਈ ਹੈ ਇਸਤਰੀ? 21ਵੀਂ ਸਦੀ ਵਿੱਚ ਅੱਜ! ਪ੍ਰਵੇਸ਼ ਕਰਨ ਤੋਂ ਬਾਦ ਵੀ ਉਸ ਦਾ ਲਿੰਗਕ ਸੋਸ਼ਣ ਜਾਰੀ ਹੈ? ਕਿਉਂਕਿ, ”ਉਸ ਨੂੰ ਅੱਜੇ ਤੱਕ ਇਕ ਇਨਸਾਨ ਵਜੋਂ ਮਾਨਤਾ ਨਹੀ ਹੈ! ‘ਸਗੋਂ ਤੇ ਇਕ ਇਸਤਰੀ ਲਿੰਗਕ ਵਜੋਂ ਹੀ ਦਿੱਤੀ ਜਾ ਰਹੀ ਹੈ?” ਅੱਜ! ਮਨੁੱਖ ਨੇ ਸਮਾਜ ਅੰਦਰ ਅਥਾਹ ਪ੍ਰਾਪਤੀਆਂ ਕੀਤੀਆ ਹਨ। ਪਰ! ਇਸਤਰੀ ਨੂੰ ਅੱਗੇ ਨਾਲੋਂ ਵੀ ਵੱਧ ਮੰਡੀ ਦੀ ਇਕ ਵਸਤੂ ਸਮਝ ਕੇ ਦੂਸਰੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ! ਉਹ ਅੱਜ, ”ਉਜਰਤੀ ਮੰਡੀ ਦਾ ਮਾਲ ਬਣਾ ਦਿੱਤੀ ਗਈ ਹੈ !”
ਸਮਾਜ ਦੇ ਵਿਕਾਸ ਵਿੱਚ ਮਰਦ ਦੇ ਬਰਾਬਰ ਦਾ ਹਿੱਸਾ ਪਾਉਣ ਵਾਲੀ, ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ, ਸੰਸਾਰ ਦੀ ਜਨਨੀ, ਦੋਹਰੀ ਲੁੱਟ ਦਾ ਸ਼ਿਕਾਰ ਹੋਣ ਵਾਲੀ ਇਸਤਰੀ ਹੀ ਹੈ? ਅੱਜੇ ਤੱਕ ਵੀ ਉਹ ਸਮਾਜ ਵਿੱਚ ਆਪਣੀ ‘ਹੋਂਦ’ ਤੇ ‘ਪਹਿਚਾਣ’ ਹੀ ਨਹੀ ਬਣਾ ਸਕੀ ਹੈ?ਜੰਮਣ ਤੋਂ ਲੈ ਕੇ ਮਰਨ ਤੱਕ ਉਸ ਨਾਲ ਵਿਤਕਰਾ ਇਕ ਇਨਸਾਨ ਵਜੋਂ ਨਹੀ? ਸਗੋਂ ਇਕ ਇਸਤਰੀ ਵਜੋਂ ਹੀ (ਲਿੰਗਕ ਤੌਰ ਤੇ) ਆ ਰਿਹਾ ਹੈ ! ਘਰ ਵਿੱਚ ਲੜਕੀ ਦਾ ਪੈਦਾ ਹੋਣਾ, ਵਿਧਵਾ ਵਿਆਹ ਤੇ ਰੋਕਾਂ, ਪਿਤਾ ਅਤੇ ਪਤੀ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮਿਲਣਾ ਅਤੇ ਹੁਣ ਉਸ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਭਰੂਣ ਹੱਤਿਆਵਾਂ ਹਰ ਪਾਸੇ ਵਾਪਰ ਰਹੀਆਂ ਹਨ! ਇਹ ਸਭ ਕੁਝ ਉਸ ਨਾਲ ਹੋ ਰਹੀ ਬੇ-ਇਨਸਾਫੀਆਂ ਦੀ ਗਵਾਹੀ ਭਰਦੀਆਂ ਹਨ! ਸਦੀਆਂ ਤੋਂ ਹੀ ਇਸਤਰੀਆਂ ਨਾਲ ਛੇੜ-ਛਾੜ, ਚੀਰ-ਹਰਨ, ਬਲਾਤਕਾਰ, ਕੁਟ-ਮਾਰ ਅਜਿਹੀਆਂ ਗੈਰ ਮਨੁੱਖੀ ਅਪਰਾਧਿਕ ਘਟਨਾਵਾਂ ਜਿਨ੍ਹਾਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ ! ਜਦ ਕਿ, ”ਸਮਾਜ ਦੀ ਹੋਂਦ ਇਸਤਰੀ ਤੋਂ ਬਿਨ੍ਹਾਂ ਸੰਭਵ ਨਹੀ ਹੈ?”
”8-ਮਾਰਚ ਕੌਮਾਂਤਰੀ ਇਸਤਰੀ ਦਿਵਸ” ਦੀ ਸ਼ੁਰੂਆਤ ਦਾ ਵੀ ਇੱਕ ਲੰਬਾ ਇਤਿਹਾਸ ਹੈ! ‘ਇਸਤਰੀ ਮਜ਼ਦੂਰਾਂ ਦੇ ਸੰਘਰਸ਼, ਉਜਰਤਾਂ ਵਿੱਚ ਵਾਧੇ ਦੀਆਂ ਮੰਗਾਂ, ਉਨ੍ਹਾਂ ਪ੍ਰਤੀ ਇਨਸਾਨੀ ਵਰਤਾਓ, ਮਰਦ ਬਰਾਬਰ ਮਜ਼ਦੂਰੀ ਤੇ ਵੋਟ ਦੇ ਹੱਕ ਦਾ ਆਰੰਭ ਸਭ ਤੋਂ ਪਹਿਲਾਂ ਯੂਰਪੀ ਦੇਸ਼ਾਂ, ਫਰਾਂਸ, ਜਰਮਨੀ, ਇੰਗਲੈਂਡ, ਆਸਟਰੀਆ, ਸਵਿਟਜ਼ਰਲੈਂਡ, ਡੈਨਮਾਰਕ ਅਤੇ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ। ਇਸਤਰੀਆਂ ਦੇ ਬਰਾਬਰ ਦੇ ਹੱਕਾਂ ਦੀ ਮੰਗ ਸਭ ਤੋਂ ਪਹਿਲਾਂ ਫਰਾਂਸ ਵਿੱਚ-1789 ਦੇ ਇਨਕਲਾਬ ਦੌਰਾਨ ਉਭਰੀ ਤੇ ‘1848 ਦੇ ਪੈਰਿਸ ਕਮਿਊਨ’ ਦੌਰਾਨ ਇਹ ਮੰਗ ਦੁਬਾਰਾ ਫਿਰ ਉਭਰੀ ਸੀ? ਪੈਰਿਸ ਵਿੱਚ ਪਹਿਲੀ ਸਰਵਹਾਰਾ ਕ੍ਰਾਂਤੀ ਨੇ ”ਇਸਤਰੀਆਂ ਨੂੰ ਰਾਜਨੀਤਿਕ ਅਤੇ ਨਾਗਰਿਕ ਅਧਿਕਾਰਾਂ” ਲਈ ਸੰਘਰਸ਼ ਕਰਨ ਲਈ ਲਾਮਬੰਦ ਕੀਤਾ ਸੀ! ਪੈਰਿਸ ਕਮਿਊਨ ਦੀਆਂ ਇਹਨਾਂ ਬਹਾਦਰ ਇਸਤਰੀਆਂ ਵਿਚੋਂ ”ਲੂਈਸ ਮਿਸ਼ੇਲ ਤੇ ਉਸ ਦੀ ਮਾਤਾ” ਨੇ ”ਸੁਸਾਇਟੀ ਫਾਰ ਦੀ ਰਿਕਲੇਸ਼ਨ ਆਫ ਵੂਮੈਨ ਰਾਈਟਸ ਅਤੇ ਔਰਤ” ਨਾਂ ਦੀ ਅਖਬਾਰ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। 1848 ਤੋਂ ਪਹਿਲਾਂ ਪੈਰਿਸ ਵਿੱਚ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਸੀ ਤੇ ਇਸੇ ਮੰਗ ਨੂੰ ਲੈ ਕੇ ਫਰਾਂਸ ਦੀਆਂ ਉੱਘੀਆਂ ਸਮਾਜਵਾਦੀ ਸੋਚ ਵਾਲੀਆਂ ਇਸਤਰੀਆਂ ਨੇ ਐਲਾਨ ਕੀਤਾ ਸੀ, ”ਕਿ ਜੇਕਰ ਇਸਤਰੀਆਂ ਨੂੰ ਹੱਕਾਂ ਲਈ ਫਾਂਸੀ ਦੇ ਫੰਦੇ ਤੇ ਚੜ੍ਹ ਕੇ ਮਰਨ ਦਾ ਹੱਕ ਹੈ? ਤਾਂ! ਉਸ ਨੂੰ ”ਬੋਲਣ ਤੇ ਵੋਟ” ਪਾਉਣ ਦਾ ਹੱਕ ਵੀ ਹੋਣਾ ਚਾਹੀਦਾ ਹੈ? ਉਸ ਸਾਲ ਹੀ ਕਈ ਇਸਤਰੀਆਂ ਨੂੰ ਫਰਾਂਸ ਦੀ ਮਜ਼ਦੂਰ ਜਮਾਤ ਲਈ ਲੜਦੇ ਹੋਏ ਫਾਂਸੀ ਤੇ ਚੜਨਾ ਪਿਆ ਸੀ! ਇਹਨਾਂ ਸ਼ਹਾਦਤਾਂ ਨੇ ਹੀ ਅਗੋਂ ਇਸਤਰੀ ਲਹਿਰ ਨੂੰ ਜਨਮ ਦਿੱਤਾ ਸੀ। ਵੋਟ ਪਾਉਣ ਦਾ ਅਧਿਕਾਰ ਇਸਤਰੀਆਂ ਨੂੰ ਨਿਊਜ਼ੀਲੈਂਡ ‘ਂਚ 1893, ਆਸਟਰੇਲੀਆ-1902, ਫਿਨਲੈਂਡ-1906, ਆਈਸਲੈਂਡ-1915, ਡੈਨਮਾਰਕ-1915, ਸੋਵੀਅਤ ਯੂਨੀਅਨ-1917, ਜਰਮਨੀ-1919, ਪੋਲੈਂਡ-1919, ਹੰਗਰੀ-1920, ਅਮਰੀਕਾ-1920, ਇੰਗਲੈਂਡ-1928, ਭਾਰਤ ‘ਚ 1935, ਫਰਾਂਸ-1944 ਅਤੇ ਇਟਲੀ ‘ਚ 1945 ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਸੀ?”
ਉਸ ਸਮੇਂ ਜਰਮਨੀ ਸਮਾਜਵਾਦੀ ਲਹਿਰ ਦਾ ਕੇਂਦਰ ਸੀ ਤੇ ਮਜ਼ਦੂਰ ਜਮਾਤ ਦੇ ”ਮਹਾਨ ਚਿੰਤਕ ਕਾਰਲ ਮਾਰਕਸ” ਜਿਸ ਨੇ ਪਹਿਲੀ ਅੰਤਰ-ਰਾਸ਼ਟਰੀ ਮਜ਼ਦੂਰ ਐਸ਼ੋਸ਼ੀਏਸ਼ਨ ਨੂੰ ਜਨਮ ਦਿੱਤਾ ਤੇ 1866 ਨੂੰ ਪਹਿਲੀ ਇੰਟਰਨੈਸ਼ਨਲ ਨੂੰ ਸੰਬੋਧਨ ਕਰਦਿਆ ‘ਇਸਤਰੀ ਕਿਰਤ’ ਬਾਰੇ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਅਤੇ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਵਲੋਂ ‘ਕਾਮਾ-ਇਸਤਰੀਆਂ’ ਦੀਆਂ ਮੰਗਾਂ ਨੂੰ ਸ਼ਾਮਲ ਕਰ ਲੈਣ ਨਾਲ ਕਾਮਾ ਇਸਤਰੀਆਂ ਨੂੰ ਜੱਥੇਬੰਦ ਹੋਣ ਲਈ ਉਤਸ਼ਾਹਿਤ ਕੀਤਾ।
”ਐਲਿਜਾਬੈਥ ਕੈਂਡੀ ਸਟੇਨਟਨ ਅਤੇ ਲੁਕੇਸ਼ੀਆ ਕਫ਼ਨ ਮੇਂਟ ਨੇ ਫਰਾਂਸ ਅਤੇ ‘ਸੇਨਕਾਂ ਫਾਲਸੇਨ ਨੇ ਨਿਯੂ-ਯਾਰਕ, ਅੰਦਰ ਇਸਤਰੀਆਂ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾ ਅਵਾਜ਼ ਉਠਾਈ! 1888 ਨੂੰ ‘ਕੌਮਾਂਤਰੀ ਇਸਤਰੀ ਕੌਂਸਲ’ ਦੀ ਸਥਾਪਨਾ ਕੀਤੀ ਗਈ ਅਤੇ 1904 ਨੂੰ ਪਹਿਲੀ ਵਾਰ ‘ਕੌਮਾਂਤਰੀ ਇਸਤਰੀ ਮਤ-ਅਧਿਕਾਰ’ ਗੱਠਜੋੜ ਬਣਾਇਆ। 1907 ਵਿੱਚ ”ਇਸਤਰੀਆਂ ਦੀ ਪਹਿਲੀ ਕਾਨਫਰੰਸ ਸਟਟਗਾਰਡ” ਵਿਖੇ ਕੀਤੀ ਗਈ ਤੇ ਇਸੇ ਕਾਨਫਰੰਸ ਵਿੱਚ ‘ਇਸਤਰੀ ਲਹਿਰ’ ਗਠਿਤ ਕਰਨ ਲਈ ਇੱਕ ਸਕੱਤਰੇਤ ਬਣਾਇਆ ਗਿਆ। ਮਹਾਨ ਇਸਤਰੀ ਆਗੂ ‘ਕਲਾਰਾ ਜੈਟਕਿਨ’ ਨੂੰ ਇਸ ਦਾ ਆਗੂ ਚੁਣਿਆ ਗਿਆ। ‘ਮਜ਼ਦੂਰ ਜਮਾਤ ਦੀ ਇੱਕ ਜੋਸ਼ੀਲੀ ਤੇ ਦ੍ਰਿੜ ਇਰਾਦੇ ਵਾਲੀ ਲੜਾਕੂ ਇਸਤਰੀ ਸੀ! ਇਤਿਹਾਸਕ ਪੱਖੋਂ, ‘ਇਸਤਰੀ ਦਿਵਸ’ ਦੀ ਸ਼ੁਰੂਆਤ 8 ਮਾਰਚ-1857 ਵਿੱਚ, ਅੱਜ! ਤੋਂ 162 ਸਾਲ ਪਹਿਲਾ ਅਮਰੀਕਾ ਵਿੱਚ ਸੂਤੀ ਮਿੱਲਾਂ ਦੀਆਂ ਕਿਰਤੀ ਇਸਤਰੀਆਂ ਦੀ ਆਪਣੇ ਕੰਮ ਦੀ ਦਿਹਾੜੀ 16 ਘੰਟੇ ਤੋਂ ਘਟਾ ਕੇ 10 ਘੰਟੇ ਕੰਮ ਕਰਨ ਲਈ ਸੰਘਰਸ਼ ਆਰੰਭਿਆ ਸੀ। ਮਨਹਟਨ (ਅਮਰੀਕਾ) ਵਿਖੇ ਸੂਈਆਂ ਬਣਾਉਣ ਦੇ ਇੱਕ ਕਾਰਖਾਨੇ ‘ਚ ਕੰਮ ਕਰਨ ਵਾਲੀਆਂ ਇਸਤਰੀਆਂ ਨੇ ਆਪਣਾ ਕੰਮ ਬੰਦ ਕਰਕੇ ਸੜਕਾਂ ਤੇ ਆ ਕੇ ਆਪਣੀਆਂ ਮੰਗਾਂ ਲਈ ਮੁਜ਼ਾਹਰੇ ਕੀਤੇ। ਪਹਿਲੀ-ਮਈ, 1886 ਦੀ ਇਤਿਹਾਸਿਕ ਹੜਤਾਲ ਅਤੇ ਸੰਘਰਸ਼ ਦੀ ਸ਼ੁਰੂਆਤ ਬਾਦ ਕਿਰਤੀ ਵਰਗ ਵੱਲੋਂ ਪਹਿਲੀ ਮਈ ਨੇ ਕਿਰਤੀਆਂ ਨੂੰ ਮਿਲ ਕੇ ਮੰਗਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਆ। ਇਨ੍ਹਾਂ ਇਤਿਹਾਸਿਕ ਘਟਨਾਵਾਂ ਦੀ ਯਾਦ ਵਿੱਚ ਇਹ ਦਿਨ ਦੁੱਨੀਆਂ ਭਰ ਵਿੱਚ ਇਸਤਰੀਆਂ ਨਾਲ ਇੱਕਮੁਠਤਾ ਵਜੋਂ ਮਨਾਇਆ ਜਾਂਦਾ ਹੈ! ਕੌਮਾਂਤਰੀ ਪੱਧਰ ਤੇ ਇਨ੍ਹਾਂ ਲਹਿਰਾਂ ਅੱਗੇ ਝੁੱਕਦੇ ਹੋਏ ‘ਸੰਯੁਕਤ-ਰਾਸ਼ਟਰ’ ਵਲੋਂ 1967 ਨੂੰ ਇਸਤਰੀਆਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ, ਜੋ ਬਰਾਬਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ, ਵਿਰੁੱਧ ਇੱਕ ਮਤਾ ਪਾਸ ਕਰਕੇ ”8 ਮਾਰਚ-1975 ਤੋਂ ਲੈ ਕੇ-1985 ਤੱਕ, ਸਾਰੇ ਮੈਂਬਰ ਦੇਸ਼ਾਂ ਨੂੰ ਇੱਕ ਦਹਾਕੇ ਤੱਕ, ਕੌਮਾਂਤਰੀ ਇਸਤਰੀ ਦਿਵਸ ਮਨਾਉਣ, ਇਸਤਰੀਆਂ ਲਈ ਬਰਾਬਰਤਾ, ਸਮਾਜਕ ਅਤੇ ਆਰਥਿਕ ਖੇਤਰ ਵਿੱਚ ਹੋ ਰਹੀਂ ਨਾ-ਬਰਾਬਰਤਾ ਅਤੇ ਲਿੰਗਕ ਸ਼ੋਸ਼ਣ ਦੇ ਖਿਲਾਫ ਉਨਤੀ ਅਤੇ ਅਮਨ ਦੇ ਨਾਅਰੇ ਹੇਠ ਮਨਾਉਣ ਦਾ ਸਦਾ ਦਿੱਤਾ ਗਿਆ ਸੀ !” ਪ੍ਰੰਤੂ ਅੱਜ! ਇਸ ਐਲਾਨ-ਨਾਮੇਂ ਦੇ 44 ਸਾਲ ਬੀਤਣ ਦੇ ਬਾਦ ਵੀ ਇਸਤਰੀਆਂ ਦੀ ਦਸ਼ਾ ਵਿੱਚ ਕੋਈ ਬਹੁਤਾ ਸੁਧਾਰ ਹੀ ਨਹੀਂ ਹੋਇਆ ਹੈ?
ਇਸਤਰੀਆਂ ਦੇ ਲਹਿਰ ਦੇ ਆਗਾਜ਼ ਦਾ ਮੁੱਢ 1910 ਵਿੱਚ ”ਕੋਪਨਹੈਗਨ” (ਡੈਨਮਾਰਕ) ਵਿਖੇ ਸਮਾਜਵਾਦੀ ਵਿਚਾਰਾਂ ਵਾਲੀਆਂ ਇਸਤਰੀਆਂ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਜਿਸ ਦੀ ਆਗੂ ”ਕਲਾਰਾ ਜੈਟਕਿਨ” ਸੀ, ਦੌਰਾਨ ਬੱਝਿਆ ਸੀ, ਜਿਸ ਵਿੱਚ 17 ਦੇਸ਼ਾਂ ਤੋਂ 100 ਤੋਂ ਵੱਧ ਇਸਤਰੀਆਂ ਨੇ ਭਾਗ ਲਿਆ ਸੀ ! ਕਾਨਫਰੰਸ ਵਲੋਂ 8 ਮਾਰਚ-1911 ਨੂੰ ਦੁਨੀਆਂ ਭਰ ਵਿੱਚ ”ਇਸਤਰੀ ਦਿਵਸ” ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ! ਇਸ ਕਾਨਫਰੰਸ ਵਿੱਚ ”ਰੂਸ ਦੀ ਪ੍ਰਤੀਨਿਧਤਾ ਸੇਂਟ ਪੀਟਰਜ਼ਬਰਗ ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਉੱਘੀ ਆਗੂ ਐਲੇਂਗਜੈਂਡਰਾ ਕੋਲਾਨਤਾਏ” ਨੇ ਕੀਤੀ ਤੇ ਇਸੇ ਹੀ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ‘ਕਾਮਾ ਇਸਤਰੀ ਦਿਵਸ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ!” ਉਸ ਸਮੇਂ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ?
ਇਸ ਕਾਨਫਰੰਸ ਦਾ ਮੁੱਖ ਅਜੰਡਾ ਸੀ ‘ਇਸਤਰੀਆਂ ਲਈ ਵੋਟ ਦਾ ਹੱਕ ਤੇ ਇਸਦੇ ਹੱਲ ਲਈ ਢੰਗ ਤਰੀਕੇ?’ ਕਲਾਰਾ ਜੈਟਕਿਨ ਨੇ ਕੌਮਾਂਤਰੀ ਕਾਮਾ ਇਸਤਰੀ ਦਿਵਸ ਕਾਇਮ ਕਰਨ ਲਈ ਮੱਤਾ ਪੇਸ਼ ਕੀਤਾ, ‘ਕਿ ਸਮਾਜਵਾਦੀ ਸੋਚ ਦੀਆਂ ਇਸਤਰੀਆਂ ਹਰ ਇੱਕ ਦੇਸ਼ ਵਿੱਚ ਰਾਜਸੀ ਪਾਰਟੀਆਂ ਅਤੇ ਟਰੇਡ ਯੂਨੀਅਨਾਂ ਨਾਲ ਮਿਲ ਕੇ ਇੱਕ ਖਾਸ ਦਿਨ ਇਸਤਰੀ ਦਿਵਸ ਜਥੇਬੰਦ ਕਰਨ। ਜਿਸ ਦਾ ਪਹਿਲਾ ਮੁੱਖ ਨਿਸ਼ਾਨਾ ਇਸਤਰੀਆਂ ਦੇ ਵੋਟ ਦੇ ਹੱਕ ਲਈ ਸੰਘਰਸ਼ ਕਰਨਾ ਹੋਵੇਗਾ?
(ਬਾਕੀ ਅਗਲੇ ਹਫਤੇ)

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …