ਅੰਮ੍ਰਿਤਸਰ ‘ਚ ਸਭ ਤੋਂ ਪਹਿਲਾਂ ਆਇਆ ਨਜ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੰਗਲਵਾਰ ਨੂੰ ਅੰਸ਼ਕ ਸੂਰਜ ਗ੍ਰਹਿਣ ਭਾਰਤ ਦੇ ਕਈ ਹਿੱਸਿਆਂ ‘ਚ ਦੇਖਿਆ ਗਿਆ। ਉੱਤਰ-ਪੂਰਬੀ ਖੇਤਰਾਂ ਨੂੰ ਛੱਡ ਕੇ ਸਾਲ ਦਾ ਇਹ ਆਖਰੀ ਸੂਰਜ ਗ੍ਰਹਿਣ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਵੱਖ-ਵੱਖ ਤਰ੍ਹਾਂ ਨਾਲ ਨਜ਼ਰ ਆਇਆ।
ਦੇਸ਼ ‘ਚ ਸਭ ਤੋਂ ਪਹਿਲਾਂ ਇਹ ਅੰਮ੍ਰਿਤਸਰ 4.19 ਵਜੇ ਸ਼ਾਮ ਨੂੰ ਨਜ਼ਰ ਆਇਆ, ਜਦਕਿ ਮੁੰਬਈ ‘ਚ ਸ਼ਾਮ 6.09 ਵਜੇ ਤੱਕ ਸੂਰਜ ਗ੍ਰਹਿਣ ਵਿਖਾਈ ਦਿੱਤਾ। ਇਹ ਸੂਰਜ ਗ੍ਰਹਿਣ ਕਰੀਬ 2 ਘੰਟਿਆਂ ਤੱਕ ਲੱਗਾ। ਭਾਰਤੀ ਸਮੇਂ ਅਨੁਸਾਰ ਭਾਰਤ ‘ਚ ਗ੍ਰਹਿਣ ਸ਼ਾਮ 4.29 ਵਜੇ ਲੱਗਾ। ਇਹ ਗ੍ਰਹਿਣ ਭਾਰਤ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ‘ਚ ਵੀ ਵਿਖਾਈ ਦਿੱਤਾ। 6 ਵਜੇ ਤੋਂ ਬਾਅਦ ਸੂਰਜ ਗ੍ਰਹਿਣ ਸਮਾਪਤ ਹੋ ਗਿਆ। ਭਾਰਤ ਤੋਂ ਪਹਿਲਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਸੂਰਜ ਗ੍ਰਹਿਣ ਵੇਖਿਆ ਗਿਆ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਿਕ ਇਹ ਸੂਰਜ ਗ੍ਰਹਿਣ ਯੂਰਪ, ਉੱਤਰ-ਪੂਰਬੀ ਅਮਰੀਕਾ, ਮੱਧ ਏਸ਼ੀਆ ਤੇ ਪੱਛਮੀ ਏਸ਼ੀਆ ‘ਚ ਵਿਖਾਈ ਦਿੱਤਾ ਹੈ। ਇਹ ਸੂਰਜ ਗ੍ਰਹਿਣ ਆਈਸਲੈਂਡ ਤੋਂ ਸ਼ੁਰੂ ਹੋ ਕੇ ਅਰਬ ਸਾਗਰ ‘ਚ ਸਮਾਪਤ ਹੋਇਆ।