-5.8 C
Toronto
Thursday, January 22, 2026
spot_img
Homeਭਾਰਤਨਾਨਾ ਅਤੇ ਹੋਰਾਂ ਖਿਲਾਫ ਐਫਆਈਆਰ, ਗਵਾਹਾਂ ਦੇ ਬਿਆਨ ਤੋਂ ਬਾਅਦ ਹੀ ਸੰਮਨ...

ਨਾਨਾ ਅਤੇ ਹੋਰਾਂ ਖਿਲਾਫ ਐਫਆਈਆਰ, ਗਵਾਹਾਂ ਦੇ ਬਿਆਨ ਤੋਂ ਬਾਅਦ ਹੀ ਸੰਮਨ ਜਾਰੀ ਕਰੇਗੀ ਪੁਲਿਸ

ਅਭਿਨੇਤਰੀ ਤਨੂਸ੍ਰੀ ਦੱਤਾ ਦੀ ਸ਼ਿਕਾਇਤ ‘ਤੇ ਮੁੰਬਈ ਦੀ ਓਸ਼ਿਵਰਾ ਪੁਲਿਸ ਨੇ ਅਭਿਨੇਤਾ ਨਾਨਾ ਪਾਟੇਕਰ ਅਤੇ ਤਿੰਨ ਹੋਰਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਇਸ ਸਬੰਧ ਵਿਚ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਆਰੋਪੀਆਂ ਕੋਲੋਂ ਪੁੱਛਗਿੱਛ ਲਈ ਸੰਮਣ ਜਾਰੀ ਕੀਤੇ ਜਾਣਗੇ। ਤਨੂਸ੍ਰੀ ਆਪਣੇ ਵਕੀਲ ਨਿਤਿਨ ਨਾਲ ਪਿਛਲੇ ਦਿਨੀਂ ਥਾਣੇ ਪਹੁੰਚੀ ਸੀ। ਉਸਦੀ ਸ਼ਿਕਾਇਤ ‘ਤੇ ਪੁਲਿਸ ਨੇ ਨਾਨਾ ਪਾਟੇਕਰ ਤੋਂ ਇਲਾਵਾ ਕੋਰਿਓਗ੍ਰਾਫਰ ਗਣੇਸ਼ ਅਚਾਰੀਆ, ਪ੍ਰੋਡਿਊਸਰ ਸ਼ਮੀ ਸਿਦੀਕੀ, ਡਾਇਰੈਕਟਰ ਰਾਕੇਸ਼ ਸਾਰੰਗ ਦੇ ਖਿਲਾਫ ਬਦਸਲੂਕੀ, ਛੇੜਖਾਨੀ ਅਤੇ ਮਹਿਲਾ ਦੀ ਨਿੱਜਤਾ ਵਿਚ ਦਖਲ ਦੇਣ ਦੇ ਆਰੋਪ ਸਬੰਧੀ ਐਫਆਈਆਰ ਦਰਜ ਕੀਤੀ ਹੈ। ਮੀਡੀਆ ਤੋਂ ਬਚਣ ਲਈ ਉਹ ਕਾਲਾ ਬੁਰਕਾ ਪਹਿਨ ਕੇ ਥਾਣੇ ਪਹੁੰਚੀ ਸੀ। ਤਨੂਸ੍ਰੀ ਨੇ ਮਨਸੇ ਕਾਰਜਕਰਤਾਵਾਂ ਖਿਲਾਫ ਵੀ ਸ਼ਿਕਾਇਤ ਕੀਤੀ ਹੈ, ਜਿਨ੍ਹਾਂ ਨੇ ਫਿਲਮ ਸ਼ੂਟਿੰਗ ਦੇ ਸੈਟ ਤੋਂ ਵਾਪਸ ਪਰਤਣ ਸਮੇਂ ਹਮਲਾ ਕੀਤਾ ਸੀ। ਤਨੂਸ੍ਰੀ ਨੇ ‘ਮੀ ਟੂ ਕੰਪੇਨ’ ੇ ਤਹਿਤ ਆਰੋਪ ਲਗਾਇਆ ਕਿ 2008 ਵਿਚ ਫਿਲਮ ‘ਹੌਰਨ ਓਕੇ ਪਲੀਜ਼’ ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਅਤੇ ਹੋਰਾਂ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਸੀ।
ਫਿਲਮਸਾਜ਼ ਸੁਭਾਸ਼ ਘਈ ਖ਼ਿਲਾਫ਼ ਸ਼ਿਕਾਇਤ ਦਰਜ
ਮੁੰਬਈ: ਅਦਾਕਾਰਾ-ਮਾਡਲ ਨੇ ਬੌਲੀਵੁੱਡ ਫਿਲਮਸਾਜ਼ ਸੁਭਾਸ਼ ਘਈ ਖ਼ਿਲਾਫ਼ ਵਰਸੋਵਾ ਦੇ ਪੁਲਿਸ ਸਟੇਸ਼ਨ ਵਿਚ ਸ਼ਰੀਰਕ ਛੇੜਖਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਡੀਸੀਪੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸ਼ਿਕਾਇਤ ਵਿਚ ਅਦਾਕਾਰਾ ਨੇ ਦੋਸ਼ ਲਾਇਆ ਹੈ ਕਿ ਸੁਭਾਸ਼ ਘਈ ਨੇ 6 ਅਗਸਤ ਨੂੰ ਆਪਣੇ ਘਰ ਸੱਦ ਕੇ ਉਸ ਨੂੰ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ। ਪੰਜ-ਛੇ ਵਿਅਕਤੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਸਿਰ ਤੇ ਪਿੱਠ ‘ਤੇ ਮਾਲਸ਼ ਕਰਨ ਲਈ ਕਿਹਾ। ਇਸ ਮਗਰੋਂ ਜਦੋਂ ਉਹ ਹੱਥ ਧੋਣ ਲਈ ਗੁਸਲਖਾਨੇ ਗਈ ਤਾਂ ਉਹ ਪਿੱਛੇ ਆ ਗਿਆ ਅਤੇ ਆਖਣ ਲੱਗਾ ਕਿ ਉਹ ਕਮਰੇ ਵਿਚ ਚੱਲੇ ਜਿਥੇ ਉਸ ਨੇ ਕੋਈ ਗੱਲ ਕਰਨੀ ਹੈ। ਸ਼ਿਕਾਇਤ ਮੁਤਾਬਕ ਘਈ ਨੇ ਉਥੇ ਉਸ ਨੂੰ ਜਬਰੀ ਚੁੰਮਣ ਦੀ ਕੋਸ਼ਿਸ਼ ਕੀਤੀ।
ਸ੍ਰੀਲੰਕਾ ਦੇ ਕ੍ਰਿਕਟਰ ਮਲਿੰਗਾ ਵੀ ਘੇਰੇ ‘ਚ
ਮੀ ਟੂ ਕੰਪੇਨ ਵਿਚ ਹੁਣ ਸ੍ਰੀਲੰਕਾ ਦੇ ਕ੍ਰਿਕਟਰ ਲਸਿਥ ਮਲਿੰਗਾ ‘ਤੇ ਵੀ ਯੌਨ ਸ਼ੋਸ਼ਣ ਕਰਨ ਦਾ ਆਰੋਪ ਲੱਗਾ ਹੈ। ਭਾਰਤੀ ਗਾਇਕਾ ਚਿਨਮਈ ਸ੍ਰੀਪਾਦ ਨੇ ਇਹ ਆਰੋਪ ਲਗਾਇਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਆਈਪੀਐਲ ਸੀਜ਼ਨ ਵਿਚ ਇਕ ਹੋਟਲ ਵਿਚ ਮਲਿੰਗਾ ਨੇ ਯੌਨ ਸ਼ੋਸ਼ਣ ਕੀਤਾ ਸੀ।
ਸੋਨਾ ਮਹਾਪਾਤਰਾ ਨੇ ਅਨੂ ਮਲਿਕ ‘ਤੇ ਲਗਾਇਆ ਆਰੋਪ
ਸੋਨਾ ਮਹਾਪਾਤਰਾ ਨੇ ਕੁਝ ਦਿਨ ਪਹਿਲਾਂ ਹੀ ਸਿੰਗਰ ਕੈਲਾਸ਼ ਖੇਰ ਅਤੇ ਅਨੂ ਮਲਿਕ ‘ਤੇ ਆਰੋਪ ਲਗਾਇਆ ਹੈ। ਸੋਨਾ ਨੇ ਟਵੀਟ ਕਰਕੇ ਲਿਖਿਆ ਸੀ, ਜੋ ਵੀ ਲੜਕੀਆਂ ਕੈਲਸ਼ ਖੇਰ ਨਾਲ ਜੁੜੇ ਆਪਣੇ ਐਕਸਪੀਰੀਐਂਸ ਸ਼ੇਅਰ ਕਰ ਰਹੀ ਹੈ ਉਹ ਇਕੱਲੀ ਨਹੀਂ ਹੈ। ਸਾਲਾਂ ਤੋਂ ਅਜਿਹਾ ਹੋ ਰਿਹਾ ਹੈ ਅਤੇ ਇਸ ਇੰਡਸਟਰੀ ਵਿਚ ਅਜਿਹੇ ਕਈ ਹਨ ਜਿਸ ਤਰ੍ਹਾਂ ਕਿ ਅਨੂ ਮਲਿਕ। ਸੋਨਾ ਨੇ ਇਹ ਵੀ ਕਿਹਾ ਕਿ ਇਕ ਵਾਰ ਅਨੂ ਮਲਿਕ ਨੇ ਉਨ੍ਹਾਂ ਦੇ ਪਤੀ ਦੇ ਸਾਹਮਣੇ ਉਸਦੇ ਲਈ ਇਕ ਗੰਦਾ ਕੁਮੈਂਟ ਕੀਤਾ ਸੀ।
ਯੌਨ ਸ਼ੋਸ਼ਣ ਕਾਨੂੰਨ ਲਾਗੂ ਕਰਨ ਵਿਚ ਭਾਰਤ ‘ਚ ਲਾਪਰਵਾਹੀ ਵਾਲਾ ਰਵੱਈਆ
ਆਈਟੀ ਸੈਕਟਰ ਦੇ ਦਿੱਗਜ਼ ਟੀਵੀ ਮੋਹਨਦਾਸ ਪਈ ਨੇ ਕਿਹਾ ਕਿ ਭਾਰਤ ਵਿਚ ਯੌਨ ਸ਼ੋਸ਼ਣ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਪੁਲਿਸ ਅਤੇ ਹੋਰ ਸਰਕਾਰੀ ਸੰਸਥਾਵਾਂ ਦਾ ਰਵੱਈਆ ‘ਲਾਪਰਵਾਹੀ’ ਵਾਲਾ ਹੈ। ਮੀ ਟੂ ਕੰਪੇਨ ਵਿਚ ਸਾਹਮਣੇ ਆ ਰਹੇ ਯੌਨ ਸ਼ੋਸ਼ਣ ਦੇ ਆਰੋਪਾਂ ਨੂੰ ਲੈ ਕੇ ਪਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜ਼ਿਆਦਾਤਰ ਮੀਡੀਆ ਸੋਚਦਾ ਹੈ ਕਿ ਉਹ ਕਾਨੂੰਨ ਤੋਂ ਉਪਰ ਅਤੇ ਸ਼ਕਤੀਸ਼ਾਲੀ ਹੈ। ਹੁਣ ਇਸ ਨਾਲ ਸਬੰਧਤ ਕਹਾਣੀਆਂ ਹੋਰ ਵੀ ਸਾਹਮਣੇ ਆਉਣਗੀਆਂ।
ਲੜਕੀਆਂ ਨੂੰ ਯੌਨ ਸ਼ੋਸ਼ਣ, ਬਦਸਲੂਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਰਿਪੋਰਟ
ਬਾਲ ਅਧਿਕਾਰ ਸੰਸਥਾ ‘ਪਲਾਨ ਇੰਟਰਨੈਸ਼ਨਲ’ ਦੀ ਰਿਪੋਰਟ ਦੇ ਅਨੁਸਾਰ ਭਾਰਤ ਸਮੇਤ ਦੁਨੀਆ ਭਰ ਵਿਚ ਲੜਕੀਆਂ ਨੂੰ ਕੰਮਕਾਜ ਅਤੇ ਹੋਰ ਸਥਾਨਾਂ ‘ਤੇ ਯੌਨ ਸ਼ੋਸ਼ਣ, ਬਦਸਲੂਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਹਜ਼ਾਰ ਲੜਕੀਆਂ ਅਤੇ ਮਹਿਲਾਵਾਂ ਕੋਲੋਂ ਪੁੱਛਗਿੱਛ ਦੇ ਅਧਾਰ ‘ਤੇ ਤਿਆਰ ਰਿਪੋਰਟ ਦੇ ਅਨੁਸਾਰ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹਾਲਾਤ ਅਜਿਹੇ ਹਨ। ਲੜਕੀਆਂ ਨੂੰ ਲੱਗਦਾ ਹੈ ਕਿ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨ ਦਾ ਕੋਈ ਲਾਭ ਨਹੀਂ, ਕਿਉਂਕਿ ਉਸ ‘ਤੇ ਕਾਰਵਾਈ ਨਹੀਂ ਹੋਵੇਗੀ। ਦਿੱਲੀ, ਕੰਪਾਲਾ, ਲੀਮਾ, ਮੈਡ੍ਰਿਡ ਅਤੇ ਸਿਡਨੀ ਵਿਚ ਰਹਿਣ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨਾਲ ਗੱਲਬਾਤ ਦੇ ਅਧਾਰ ‘ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
4 ਸੇਵਾ ਮੁਕਤ ਜੱਜ ਕਰਨਗੇ ‘ਮੀ-ਟੂ’ ਮਾਮਲਿਆਂ ਦੀ ਪੜਤਾਲ : ਮੇਨਕਾ ਗਾਂਧੀ
ਨਵੀਂ ਦਿੱਲੀ : ਜਿਨਸੀ ਸ਼ੋਸ਼ਣ ਖ਼ਿਲਾਫ਼ ਦੇਸ਼ ਵਿਚ ਚੱਲ ਰਹੀ ‘ਮੀ-ਟੂ’ ਮੁਹਿੰਮ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ 4 ਸੇਵਾ ਮੁਕਤ ਜੱਜਾਂ ਦੀ ਇਕ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜੋ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਪੜਤਾਲ ਕਰੇਗੀ। ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਪਹਿਲਾਂ ਇਹ ਵੀ ਕਿਹਾ ਕਿ ਜਿਨਸੀ ਸ਼ੋਸ਼ਣ ਬਾਰੇ ਸ਼ਿਕਾਇਤ ਕਰਨ ਲਈ ਸਮੇਂ ਦੀ ਕੋਈ ਨਿਸ਼ਚਿਤ ਹੱਦ ਨਹੀਂ ਹੋਣੀ ਚਾਹੀਦੀ। ਅਜਿਹੀਆਂ ਸ਼ਿਕਾਇਤਾਂ 10-15 ਸਾਲਾਂ ਬਾਅਦ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ। ਮੇਨਕਾ ਗਾਂਧੀ ਨੇ ਅਜਿਹੀਆਂ ਔਰਤਾਂ ਦੀ ਆਪ ਬੀਤੀ ‘ਤੇ ਯਕੀਨ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਔਰਤਾਂ ਨੂੰ ਅਜਿਹੀਆਂ ਸ਼ਿਕਾਇਤਾਂ ਦਰਜ ਜਾਂ ਦੱਸਣ ਲੱਗਿਆਂ ਬਹੁਤ ਹੀ ਹਿੰਮਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸ਼ਿਕਾਇਤ ਦੇ ਪਿਛੋਕੜ ਵਿਚ ਸਹੇ ਗਏ ਦਰਦ ‘ਚ ਯਕੀਨ ਕਰਦੇ ਹਨ। ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਨੇ ਕਿਹਾ ਕਿ ਉਹ ਇਕ ਕਮੇਟੀ ਦਾ ਗਠਨ ਕਰਨ ਬਾਰੇ ਤਜਵੀਜ਼ ਕਰ ਰਹੇ ਹਨ, ਜੋ ਇਨ੍ਹਾਂ ਦੀ ਜਾਂਚ ਕਰੇਗੀ।
ਕ੍ਰਿਕਟ ਬੋਰਡ ਦਾ ਸੀਈਓ ਰਾਹੁਲ ਜੌਹਰੀ ਵੀ ‘ਮੀ ਟੂ’ ਵਿਚ ਫਸਿਆ
ਕ੍ਰਿਕਟ ਵਿਚ ‘ਮੀ ਟੂ’ ਮੁਹਿੰਮ ਦੇ ਤਾਜ਼ਾ ਕੇਸ ਤਹਿਤ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀਸੀਸੀਆਈ) ਦਾ ਸੀਈਓ ਰਾਹੁਲ ਜੌਹਰੀ ਫਸ ਗਿਆ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸੀਓਏ ਨੇ ਜੌਹਰੀ ਨੂੰ ਹਫ਼ਤੇ ਦੇ ਅੰਦਰ ਅੰਦਰ ਸਫਾਈ ਦੇਣ ਲਈ ਕਿਹਾ ਹੈ। ਬੀਸੀਸੀਆਈ ਦਾ 2016 ਵਿਚ ਸੀਈਓ ਬਣਨ ਤੋਂ ਪਹਿਲਾਂ ਜੌਹਰੀ ਡਿਸਕਵਰੀ ਨੈੱਟਵਰਕ ਏਸ਼ੀਆ ਪੈਸਿਫਿਕ ਦਾ ਕਾਰਜਕਾਰੀ ਮੀਤ ਪ੍ਰਧਾਨ ਅਤੇ ਜਨਰਲ ਮੈਨੇਜਰ (ਦੱਖਣ ਏਸ਼ੀਆ) ਸੀ ਅਤੇ ਉਸ ‘ਤੇ ਦੋਸ਼ ਲੱਗੇ ਹਨ ਕਿ ਪੀੜਤਾ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਸ ਦਾ ਨਾਜਾਇਜ਼ ਫਾਇਦਾ ਉਠਾਇਆ।

RELATED ARTICLES
POPULAR POSTS