Breaking News
Home / ਭਾਰਤ / ਜੰਮੂ-ਕਸ਼ਮੀਰ ‘ਚ ਭਾਜਪਾ ਨੇ ਪੀਡੀਪੀ ਤੋਂ ਹਮਾਇਤ ਲਈ ਵਾਪਸ

ਜੰਮੂ-ਕਸ਼ਮੀਰ ‘ਚ ਭਾਜਪਾ ਨੇ ਪੀਡੀਪੀ ਤੋਂ ਹਮਾਇਤ ਲਈ ਵਾਪਸ

ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿੱਚ ਮੰਗਲਵਾਰ ਨੂੰ ਭਾਜਪਾ ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਤਿੰਨ ਸਾਲ ਪੁਰਾਣੀ ਪੀਡੀਪੀ-ਭਾਜਪਾ ਸਰਕਾਰ ਡਿੱਗ ਪਈ। ਲੰਘੇ ਦਿਨ ਜੰਮੂ ਕਸ਼ਮੀਰ ਵਿਚ ਸੱਤਾ ਧਿਰ ਪੀ.ਡੀ.ਪੀ. ਤੋਂ ਭਾਜਪਾ ਨੇ ਸਮਰਥਨ ਵਾਪਸ ਲੈ ਲਿਆ। ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਅਸਤੀਫਾ ਦੇ ਦਿੱਤਾ ਗਿਆ। ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੂਬੇ ਵਿਚ ਰਾਜਪਾਲ ਰਾਜ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਲੰਘੇ 10 ਸਾਲਾਂ ਵਿਚ ਚੌਥੀ ਵਾਰ ਜੰਮੂ ਕਸ਼ਮੀਰ ਵਿਚ ਰਾਜਪਾਲ ਦਾ ਰਾਜ ਲਾਗੂ ਹੋਇਆ ਹੈ।ਪਾਰਟੀ ਹਾਈ ਕਮਾਂਡ ਵੱਲੋਂ ਜੰਮੂ ਕਸ਼ਮੀਰ ਸਰਕਾਰ ਵਿੱਚ ਆਪਣੇ ਮੰਤਰੀਆਂ ਨੂੰ ਹੰਗਾਮੀ ਸਲਾਹ ਮਸ਼ਵਰੇ ਲਈ ਤਲਬ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਾਹਲੀ ਨਾਲ ਪ੍ਰੈਸ ਕਾਨਫਰੰਸ ਸੱਦ ਕੇ ਹਮਾਇਤ ਵਾਪਸ ਲੈਣ ਦਾ ਅਚਨਚੇਤ ਐਲਾਨ ਕਰ ਦਿੱਤਾ। ਕੁਝ ਘੰਟਿਆਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਰਾਜਪਾਲ ਐਨ ਐਨ ਵੋਹਰਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦਸੰਬਰ 2014 ਵਿੱਚ 87 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ 25 ਸੀਟਾਂ ਤੇ ਪੀਡੀਪੀ ਨੇ 28 ਸੀਟਾਂ ਜਿੱਤੀਆਂ ਸਨ। ਨੈਸ਼ਨਲ ਕਾਨਫਰੰਸ ਨੂੰ 15 ਤੇ ਕਾਂਗਰਸ ਨੂੰ 12 ਜਦਕਿ ਸੱਤ ਹੋਰਨਾਂ ਪਾਰਟੀਆਂ ਤੇ ਅਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਮਾਧਵ ਨੇ ਕਿਹਾ ”ਰਾਜ ਵਿੱਚ ਗੱਠਜੋੜ ਸਰਕਾਰ ਵਿੱਚ ਭਾਜਪਾ ਦਾ ਬਣੇ ਰਹਿਣਾ ਨਾਮੁਮਕਿਨ ਹੋ ਗਿਆ ਹੈ।” ਉਨ੍ਹਾਂ ਕਿਹਾ ਕਿ ਹਮਾਇਤ ਵਾਪਸ ਲੈਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਨਾ ਹੋ ਸਕਣ ਲਈ ਪੀਡੀਪੀ ਨੂੰ ਕਸੂਰਵਾਰ ਠਹਿਰਾਇਆ ਤੇ ਇਸ ਸਬੰਧ ਵਿੱਚ ਪਿਛਲੇ ਹਫ਼ਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ। ਨੈਸ਼ਨਲ ਕਾਨਫਰੰਸ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਰ ਫ਼ਾਰੂਕ ਨੇ ਕਿਹਾ ਕਿ ਉਨ੍ਹਾਂ ਦੀ ਖ਼ਾਹਸ਼ ਸੀ ਕਿ ਮਹਿਬੂਬਾ ਮੁਫ਼ਤੀ ਆਪ ਅਸਤੀਫ਼ਾ ਦਿੰਦੇ ਨਾ ਕਿ ਭਾਜਪਾ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਦੀ। ਭਾਜਪਾ ਦੀ ਜੇ ਕੇ ਇਕਾਈ ਦੇ ਮੁੱਖ ਬੁਲਾਰੇ ਸੁਨੀਲ ਸੇਠੀ ਨੇ ਕਿਹਾ ਕਿ ਪੀਡੀਪੀ ਗੋਲੀਬੰਦੀ ਦੀ ਮਿਆਦ ਵਿੱਚ ਵਾਧਾ ਕਰਾਉਣਾ ਚਾਹੁੰਦੀ ਸੀ ਤੇ ਅੱਤਵਾਦੀਆਂ, ਪਾਕਿਸਤਾਨ ਤੇ ਵੱਖਵਾਦੀਆਂ ਪ੍ਰਤੀ ਨਰਮ ਰੁਖ਼ ਰੱਖਦੀ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …