Breaking News
Home / ਭਾਰਤ / ਬਜਟ ਲੋਕ ਪੱਖੀ ਤੇ ਨਵੇਂ ਮੌਕਿਆਂ ਨਾਲ ਭਰਪੂਰ : ਨਰਿੰਦਰ ਮੋਦੀ

ਬਜਟ ਲੋਕ ਪੱਖੀ ਤੇ ਨਵੇਂ ਮੌਕਿਆਂ ਨਾਲ ਭਰਪੂਰ : ਨਰਿੰਦਰ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਲੋਕ ਪੱਖੀ, ਅਗਾਂਹਵਧੂ ਤੇ ਬੁਨਿਆਢੀ ਢਾਂਚੇ, ਨਿਵੇਸ਼, ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਦੀਆਂ ਸੰਭਾਵਨਾਵਾਂ ਭਰਿਆ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਦਾ ਅਹਿਮ ਪੱਖ ਗਰੀਬਾਂ ਦੀ ਭਲਾਈ ਹੈ। ਇਹ ਮੌਜੂਦਾ ਸਮੱਸਿਆਵਾਂ ਹੱਲ ਕਰਨ ਤੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨ ਵਾਲਾ ਬਜਟ ਹੈ। ਉਨ੍ਹਾਂ ਕਿਹਾ ਕਿ ਬਜਟ ਦਾ ਮਕਸਦ ਹਰ ਗਰੀਬ ਨੂੰ ਪੱਕਾ ਘਰ, ਪਖਾਨਾ, ਜਲ ਸਪਲਾਈ ਤੇ ਗੈਸ ਕੁਨੈਕਸ਼ਨ ਮੁਹੱਈਆ ਕਰਨਾ ਹੈ। ਨਾਲ ਹੀ ਇਹ ਬਜਟ ਆਧੁਨਿਕ ਇੰਟਰਨੈੱਟ ਨਾਲ ਜੋੜਨ ਵੱਲ ਵੀ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ‘ਚ ਇਸ ਸਾਲ ਦਾ ਇਹ ਬਜਟ ਨਵੇਂ ਭਰੋਸੇ ਨਾਲ ਭਰਪੂਰ ਹੈ। ਇਹ ਆਮ ਲੋਕਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਵਧੇਰੇ ਬੁਨਿਆਦੀ ਢਾਂਚੇ, ਵਧੇਰੇ ਨਿਵੇਸ਼, ਵਧੇਰੇ ਵਿਕਾਸ ਤੇ ਵਧੇਰੇ ਨੌਕਰੀਆਂ ਲਈ ਭਰਪੂਰ ਮੌਕੇ ਹਨ। ਉਨ੍ਹਾਂ ਕਿਹਾ ਕਿ ਇਹ ਬਜਟ ਨੌਕਰੀਆਂ ਦਾ ਇੱਕ ਹੋਰ ਖੇਤਰ ਖੋਲ੍ਹੇਗਾ।
ਬਜਟ ਕਿਸਾਨ ਅਤੇ ਗਰੀਬ ਵਿਰੋਧੀ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਕਿ 2022-23 ਦਾ ਬਜਟ ‘ਕੁਝ ਵੀ ਨਹੀਂ ਹੈ’, ਨਾ ਹੀ ਇਸ ਵਿਚ ਕਿਸਾਨਾਂ ਲਈ ਕੁਝ ਹੈ, ਤੇ ਨਾ ਹੀ ਨੌਜਵਾਨਾਂ ਤੇ ਗਰੀਬਾਂ ਲਈ ਕੋਈ ਤਜਵੀਜ਼ ਹੈ। ਕਾਂਗਰਸ ਨੇ ਨਾਲ ਹੀ ਆਰੋਪ ਲਾਇਆ ਕਿ ਸਰਕਾਰ ਨੇ ਤਨਖ਼ਾਹਸ਼ੁਦਾ ਤੇ ਮੱਧਵਰਗ ਲਈ ਕੁਝ ਵੀ ਨਾ ਐਲਾਨ ਕੇ ਉਨ੍ਹਾਂ ਨਾਲ ਵੀ ਧੋਖਾ ਕੀਤਾ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਉਤੇ ਸਿਆਸੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ‘ਲੌਲੀਪੌਪ ਬਜਟ’ ਪੇਸ਼ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਕਿਹਾ ਕਿ ਸਰਕਾਰ ਦਾ ‘ਕਿਸਾਨ ਤੇ ਗਰੀਬ ਵਿਰੋਧੀ’ ਚਿਹਰਾ ਬੇਨਕਾਬ ਹੋ ਗਿਆ ਹੈ। ਖਾਦਾਂ ਉਤੇ ਮਿਲਦੀ ਸਬਸਿਡੀ ਵਿਚ ਕਟੌਤੀ ਕੀਤੀ ਗਈ ਹੈ ਤੇ ਨਾਲ ਹੀ ਖੁਰਾਕ ਸਬਸਿਡੀ ਤੇ ਮਨਰੇਗਾ ਫੰਡ ਵੀ ਘਟਾ ਦਿੱਤੇ ਗਏ ਹਨ। ਗਾਂਧੀ ਨੇ ਟਵੀਟ ਕੀਤਾ, ‘ਮੋਦੀ ਸਰਕਾਰ ਦਾ ਕੁਲ ਮਿਲਾ ਕੇ ਜ਼ੀਰੋ ਬਜਟ’। ਕਾਂਗਰਸ ਦੇ ਜਨਰਲ ਸਕੱਤਰ ਦੇ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਤਨਖ਼ਾਹ ਲੈਣ ਵਾਲਾ ਅਤੇ ਮੱਧ ਵਰਗ ਪਹਿਲਾਂ ਹੀ ਤਨਖ਼ਾਹਾਂ ਵਿਚ ਕਟੌਤੀ ਤੇ ਸਿਖ਼ਰਾਂ ਛੂਹ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਹ ਵਰਗ ਮਹਾਮਾਰੀ ਦੇ ਇਸ ਸਮੇਂ ਰਾਹਤ ਦੀ ਉਮੀਦ ਕਰ ਰਿਹਾ ਸੀ। ਕਾਂਗਰਸ ਆਗੂ ਨੇ ਕਿਹਾ ਕਿ ਮਹਿੰਗਾਈ ਨੇ ਮੱਧਵਰਗ ਦਾ ਲੱਕ ਤੋੜ ਦਿੱਤਾ ਹੈ ਪਰ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਮੁੜ ਇਸ ਵਰਗ ਨੂੰ ਨਿਰਾਸ਼ ਕੀਤਾ ਹੈ।
ਕੇਂਦਰੀ ਬਜਟ ਦੇ ਮੁੱਖ ਪੱਖ
ਮੌਜੂਦਾ ਵਿੱਤੀ ਸਾਲ ‘ਚ ਵਿਕਾਸ ਦਰ 9.2 ਫੀਸਦ ਰਹਿਣ ਦਾ ਅਨੁਮਾਨ
ਵਿੱਤੀ ਸਾਲ 2022 ‘ਚ ਵਿੱਤੀ ਘਾਟਾ ਜੀਡੀਪੀ ਦਾ 6.9 ਫੀਸਦ ਰਹਿਣ ਦੀ ਪੇਸ਼ੀਨਗੋਈ ਨਵੇਂ ਵਿੱਤੀ ਸਾਲ ‘ਚ 25000 ਕਿਲੋਮੀਟਰ ਤੱਕ ਸ਼ਾਹਰਾਹਾਂ ਦਾ ਹੋਵੇਗਾ ਵਿਸਥਾਰ
ੲ ਕ੍ਰਿਪਟੋਕ੍ਰੰਸੀ ਦੇ ਟਾਕਰੇ ਲਈ ਆਰਬੀਆਈ ਜਾਰੀ ਕਰੇਗਾ ਡਿਜੀਟਲ ਰੁਪਿਆ
ੲ ਰਸਾਇਣ ਮੁਕਤ ਕੁਦਰਤੀ ਖੇਤੀ ਦੇ ਪ੍ਰਚਾਰ ਪਾਸਾਰ ‘ਤੇ ਜ਼ੋਰ
ੲ ਜ਼ਮੀਨ ਲਈ ‘ਇਕ ਦੇਸ਼ ਇਕ ਰਜਿਸਟਰੇਸ਼ਨ’ ਹੋਵੇਗੀ
ੲ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਲਈ ਐੱਨਪੀਐੱਸ ‘ਤੇ ਟੈਕਸ ਕਟੌਤੀ 10 ਫੀਸਦ ਤੋਂ ਵਧਾ ਕੇ 14 ਫੀਸਦ ਕਰਨ ਦੀ ਤਜਵੀਜ਼
ੲ ਦੋ ਸਾਲਾਂ ‘ਚ ਭਰੀਆਂ ਜਾ ਸਕਣਗੀਆਂ ਅਪਡੇਟ ਰਿਟਰਨਾਂ
ੲ ਅਗਲੇ ਵਿੱਤੀ ਸਾਲ ਤੋਂ ਜਾਰੀ ਹੋਣਗੇ ਈ-ਪਾਸਪੋਰਟ
ੲ ਡਿਜੀਟਲ ਅਸਾਸਿਆਂ ‘ਤੇ ਲੱਗੇਗਾ 30 ਫੀਸਦ ਟੈਕਸ
ੲ ਫ਼ਸਲਾਂ ਦੀ ਗਿਰਦਾਵਰੀ ਲਈ ਕਿਸਾਨ ਡਰੋਨ
ੲ ਕਰੈਡਿਟ ਲਿੰਕਡ ਗਾਰੰਟੀ ਸਕੀਮ ਮਾਰਚ 2023 ਤੱਕ ਵਧਾਈ
ੲ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ
ੲ ਨਿੱਜੀ ਟੈਲੀਕੌਮ ਕੰਪਨੀਆਂ ਨੂੰ ਮਿਲੇਗੀ 5ਜੀ ਸਪੈਕਟ੍ਰਮ ਸ਼ੁਰੂ ਕਰਨ ਦੀ ਖੁੱਲ
ੲ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਸਕੀਮ ਸ਼ੁਰੂ ਕਰਨ ਦਾ ਐਲਾਨ
ੲ ਦੋ ਲੱਖ ਆਂਗਣਵਾੜੀਆਂ ਨੂੰ ਕੀਤਾ ਜਾਵੇਗਾ ਅਪਗ੍ਰੇਡ
ੲ ਪੀਐੱਮ ਆਵਾਸ ਯੋਜਨਾ ਤਹਿਤ 80 ਲੱਖ ਘਰ ਕੀਤੇ ਜਾਣਗੇ ਮੁਕੰਮਲ
ੲ 3.8 ਕਰੋੜ ਲੋਕਾਂ ਨੂੰ ਘਰਾਂ ਨੂੰ ਟੂਟੀ ਦਾ ਪਾਣੀ ਦੇਣ ਲਈ 60,000 ਕਰੋੜ ਰੁਪਏ ਦੀ ਵਿਵਸਥਾ
ੲ ਉੱਤਰ-ਪੂਰਬ ਦੇ ਵਿਕਾਸ ਲਈ 1500 ਕਰੋੜ ਰੁਪਏ
ੲ ‘ਕਾਰੋਬਾਰ ਕਰਨ ਦੀ ਸੌਖ’ ਦਾ ਅਗਲਾ ਗੇੜ ਸ਼ੁਰੂ ਕਰਨ ਦਾ ਫੈਸਲਾ
ੲ ਬਿਜਲਈ ਵਾਹਨਾਂ ਲਈ ਬਣਨਗੀਆਂ ਵਿਸ਼ੇਸ਼ ਮੋਬਿਲਟੀ ਜ਼ੋਨਾਂ
ੲ ਕਾਰਪੋਰੇਟ ਸਰਚਾਰਜ ਨੂੰ 12 ਫੀਸਦ ਤੋਂ ਘਟਾ ਕੇ 7 ਫੀਸਦ ਕੀਤਾ
ੲ ਨਵੇਂ ਸਟਾਰਟਅੱਪਸ ਨੂੰ ਇਕ ਸਾਲ ਲਈ ਹੋਰ ਮਿਲੇਗਾ ਟੈਕਸ ਇਨਸੈਂਟਿਵ
ੲ ਨਵੀਂ ਵਿਵਸਥਾ ਲਏਗੀ ਵਿਸ਼ੇਸ਼ ਆਰਥਿਕ ਜ਼ੋਨ(ਸੇਜ਼) ਦੀ ਥਾਂ
ੲ ਸਾਰੀਆਂ ਸਰਕਾਰੀ ਖਰੀਦਾਂ ਲਈ ਆਨਲਾਈਨ ਈ-ਬਿੱਲ ਦੀ ਸਹੂਲਤ
ੲ ਬੱਚਿਆਂ ਲਈ ਇਕ ਜਮਾਤ ਇਕ ਟੀਵੀ ਚੈਨਲ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ
ੲ ਮਗਨਰੇਗਾ ਤਹਿਤ ਬਜਟ 25.51 ਫੀਸਦ ਘਟਾਇਆ
ੲ ਪੇਂਡੂ ਵਿਕਾਸ ਮੰਤਰਾਲੇ ਨੂੰ ਅਲਾਟ ਫੰਡਾਂ ਵਿੱਚ ਮਹਿਜ਼ 3.36 ਫੀਸਦ ਦਾ ਵਾਧਾ

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …