ਬਰੈਂਪਟਨ/ਗੁਰਜਿੰਦਰ ਸੰਘੇੜਾ
‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ 27 ਜਨਵਰੀ 2018 ਦਿਨ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿਚ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਭ ਤੋਂ ਪਹਿਲਾਂ ਇਸ ਮਹੀਨੇ ਸਾਥੋਂ ਸਦਾ ਲਈ ਵਿਛੜ ਗਏ ਲੇਖਕ ਗੁਰਦਿਆਲ ਕੰਵਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉੱਘੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਜਦੋਂ ਸਾਥੋਂ ਕੋਈ ਵਿਛੜ ਜਾਂਦਾ ਹੈ ਤਾਂ ਸਾਨੂੰ ਬਹੁਤ ਅਫਸੋਸ ਹੁੰਦਾ ਹੈ। ਪਹਿਲੋਂ ਇਕਬਾਲ ਤੁਰ ਗਿਆ ਤੇ ਹੁਣ ਕੰਵਲ। ਉਨ੍ਹਾਂ ਕਿਹਾ ਕਿ ਕੰਵਲ ਬਹੁਤ ਹੀ ਵੱਡੇ ਦਿਲ ਵਾਲਾ ਇਨਸਾਨ ਸੀ। ਲੇਖਕਾਂ ਨੂੰ ਹਾਲਾਂ ਵਿਚ ਜਾਂ ਘਰੇ ਸੱਦ ਕੇ ਸਨਮਾਨਤ ਕਰਦਾ ਸੀ ਤੇ ਸਾਰਾ ਖਰਚਾ ਵੀ ਆਪ ਹੀ ਕਰਦਾ ਸੀ। ਲੋਕਾਂ ਨੂੰ ਖੁਆ ਕੇ ਖੁਸ਼ ਹੋਣ ਵਾਲਾ ਇਨਸਾਨ ਸੀ। ਉਸਨੇ ਇੱਕ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਉਸਦੇ ਗੁਣਾਂ ਦੀ ਮਹਿਕ ਸਾਨੂੰ ਸਾਰੀ ਉਮਰ ਨਹੀਂ ਭੁੱਲਣੀ। ਕਾਫਲੇ ਵਲੋਂ ਬੜੇ ਮੋਹ ਮਮਤਾ ਨਾਲ ਵਿਛੜ ਗਏ ਸਾਥੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
ਬਰਜਿੰਦਰ ਗੁਲਾਟੀ ਨੇ ਅਜ਼ਾਦੀ ਤੇ ਸਾਹਿਤ ਦੇ ਰਿਸ਼ਤੇ ਦੀ ਗੱਲ ਤੋਰੀ। ਉਨ੍ਹਾਂ ਕਿਹਾ ਕਿ ਅਜ਼ਾਦੀ ਹਰ ਇਨਸਾਨ ਦਾ ਜਨਮ ਸਿੱਧ ਅਧਿਕਾਰ ਹੈ। ਬ੍ਰਿਟਿਸ਼ ਰਾਜ ਸਾਨੂੰ ਡੁਮੀਨੀਅਨ ਰਿਪਬਲਿਕ ਬਣਾਉਣਾ ਚਾਹੁੰਦਾ ਸੀ। ਇੰਡੀਅਨ ਨੈਸ਼ਨਲ ਕਾਂਗਰਸ ਵਲੋਂ 26 ਜਨਵਰੀ 1930 ਨੂੰ ਪੂਰਨ ਸਵਰਾਜ ਦਾ ਐਲਾਨ ਕੀਤਾ ਗਿਆ। ਅਜ਼ਾਦੀ ਮਿਲਣ ਤੇ 26 ਜਨਵਰੀ ਵਾਲੇ ਦਿਨ ਡਾ. ਅੰਬੇਦਕਰ ਦੇ ਬਣਾਏ ਗਏ ਸੰਵਿਧਾਨ ਨੂੰ ਲਾਗੂ ਕਰ ਦਿੱਤਾ। ਜਿਹੜੇ ਸੁਪਨੇ ਲੈ ਕੇ ਅਜ਼ਾਦੀ ਲਈ ਸੀ ਉਹ ਅੱਜ ਪੂਰੇ ਹੋਏ ਜਾਂ ਨਹੀਂ ਅਸੀਂ ਸਾਰੇ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਜ਼ਿਆਦਾ ਹੁੰਦੀ ਹੈ। ਜਿਸ ਨੂੰ ਦਰਸਾਉਣ ਲਈ ਅਕਬਰ ਇਲਾਹਾਬਾਦੀ ਦੀਆਂ ਇਹ ਸਤਰਾਂ ਦਾ ਜ਼ਿਕਰ ਕੀਤਾ, ‘ਖੀਂਚੋ ਨਾ ਕਮਾਨੋਂ ਕੋ, ਨਾ ਤਲਵਾਰ ਨਿਕਾਲੋ। ਜਬ ਤੋਪ ਮੁਕਾਬਲ ਹੋ, ਤੋ ਅਖਬਾਰ ਨਿਕਾਲੋ’। ਹਰ ਰਿਵੋਲੂਸ਼ਨ ਪਿੱਛੇ ਲਿਖਾਰੀਆਂ ਦਾ ਹੱਥ ਹੁੰਦਾ ਹੈ ਜਿਵੇਂ ਸ਼ਾਰਦਾ ਦੇਵੀ, ਸੁਭੱਦਰਾ ਕੁਮਾਰੀ ਚੌਹਾਨ, ਸੁਭਾਸ਼ ਚੰਦਰ ਬੋਸ, ਸਰੋਜਨੀ ਨਾਇਡੋ, ਸ਼ਹੀਦ ਭਗਤ ਸਿੰਘ, ਗਦਰੀ ਬਾਬੇ, ਇਲਾਮਾ ਇਕਬਾਲ ਤੇ ਰਾਮ ਪ੍ਰਸਾਦ ਆਦਿ ਦੀਆਂ ਲਿਖਤਾਂ ਨੇ ਲੋਕਾਂ ਨੂੰ ਬਹੁਤ ਪਰਭਾਵਿਤ ਕੀਤਾ। ਉੱਘੇ ਪੱਤਰਕਾਰ ਰਹਿ ਚੁੱਕੇ ਸੁਰਜਨ ਜੀਰਵੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਤ ਨੂੰ ਇਹ ਨਹੀਂ ਕਿ ਗੌਰਮਿੰਟ ਹੀ ਰੋਕ ਲਾਉਂਦੀ ਹੈ। ਅਸੀਂ ਹਰ ਰੋਜ ਕੋਈ ਨਾ ਕੋਈ ਕੰਟਰੋਵਰਸੀ ਦੇਖਦੇ ਹਾਂ। ਧਾਰਮਿਕ ਕੱਟੜਤਾ ਵਰਗੀਆਂ ਸਾਰੀਆਂ ਬਲਾਵਾਂ ਸਾਹਿਤ ਲਈ ਬਹੁਤ ਘਾਤਕ ਨੇ। ਸਾਹਿਤ ਦਾ ਗਲਾ ਘੁਟਣ ਵਾਲੀ ਗੱਲ ਹੈ। ਸਾਹਿਤ ਦੀ ਅਜ਼ਾਦੀ ਤੇ ਗੌਰਮਿੰਟ ਵੀ ਹਮਲਾ ਕਰਦੀ ਹੈ। ਉਸਦੇ ਖਿਲਾਫ ਲੜਾਈ ਔਖੀ ਹੁੰਦੀ ਹੈ। ਕੋਈ ਜਰਨਲਿਸਟ ਖੁੱਲ੍ਹ ਕੇ ਵੀ ਬੋਲ ਨਹੀਂ ਸਕਦਾ, ਜਿੰਨਾ ਚਿਰ ਉਹ ਜੋਖਮ ਨਹੀਂ ਲੈਂਦਾ। ਪਿੱਛੇ ਜਿਹੇ ਇੱਕ ਜਰਨਲਿਸਟ ਲੜਕੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਆਪਣੇ ਤਜਰਬੇ ਦੇ ਹਵਾਲੇ ਨਾਲ ਦੱਸਿਆ ਕਿੰਨੀਆਂ ਦੁਸ਼ਵਾਰੀਆਂ ਹੁੰਦੀਆਂ ਸਨ। ਹੁਣ ਵੀ ਓਹੀ ਕੁਝ ਹੋ ਰਿਹਾ। ਪੱਤਰਕਾਰਾਂ ਤੇ ਸਾਹਿਤਕਾਰਾਂ ਨੂੰ ਪੁਲਿਸ ਨੇ ਘੇਰ ਲੈਣਾ, ਘਰ ਬਾਰ ਸਾੜ ਦੇਣਾ। ਸਾਹਿਤ ਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ। ਗੌਰਮਿੰਟ ਵਲੋਂ ਹੀ ਨਹੀਂ ਹੋਰ ਵੀ ਨੇ। ਸਾਨੂੰ ਚੌਕਸ ਰਹਿਣਾ ਚਾਹੀਦਾ।
ਡਾ. ਰਾਮ ਸਿੰਘ ਨੇ ਕਿਹਾ ਕਿ ਅੱਜ ਦਾ ਵਿਸ਼ਾ ਬੜੇ ਵੱਡੇ ਸੁਆਲ ਖੜ੍ਹੇ ਕਰ ਰਿਹਾ। ਜੇ ਅਸੀਂ ਸਾਹਿਤਕਾਰ ਦੀ ਗੱਲ ਕਰਦੇ ਹਾਂ ਤਾਂ, ਸਾਹਿਤਕਾਰ ਨੂੰ ਕਿਹੋ ਜਿਹੀ ਅਜ਼ਾਦੀ ਦੀ ਲੋੜ ਹੈ। ਜਦ ਤੋਂ ਮਨੁਖਤਾ ਨੇ ਸੋਝੀ ਸੰਭਾਲੀ ਹੈ ਉਸ ਦਾ ਰੁਝਾਨ ਰਚਨਾਤਮਕ ਹੀ ਰਿਹਾ। ਉਹ ਭਾਵੇਂ ਰੰਗਾਂ ‘ਚ ਹੋਵੇ, ਸੁਰਾਂ ‘ਚ ਹੋਵੇ ਜਾਂ ਸ਼ਬਦਾਂ ਵਿਚ ਹੋਵੇ। ਇਹਨਾਂ ਸਾਰੀਆਂ ਵਿਧਾਵਾਂ ਵਿਚ ਵੀ ਮਨੁਖ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਉਜਾਗਰ ਕਰਨ ਦਾ ਹੀਲਾ ਕੀਤਾ। ਉਸ ਦਾ ਕਿੱਤਾ ਕੀ ਹੈ, ਉਸ ਨੇ ਰੋਟੀ ਕਿਸ ਤਰ੍ਹਾਂ ਹਾਸਲ ਕਰਨੀ ਹੈ। ਰੋਟੀ ਦਾ ਸਾਧਨ ਪੈਦਾ ਕਰਨਾ ਇੱਕ ਵਿਉਂਤ ਹੈ। ਇਕ ਜੁਗਤ ਹੈ। ਤੁਹਾਡਾ ਕੋਈ ਵੀ ਹਿੱਸਾ ਰੋਟੀ ਨਾਲ ਜਾਂ ਮਨੋਭਾਵਾਂ ਨਾਲ ਜਾਂ ਜ਼ਜ਼ਬਾਤ ਨਾਲ ਜੁੜਿਆ ਹੋਵੇ, ਉਹ ਰਚਨਾਤਮਕ ਕਿਰਿਆ ਨਾਲ ਜੁੜਿਆ ਹੈ। ਰਚਨਾਤਮਿਕਤਾ ਤੁਹਾਡੀ ਮਾਨਸਿਕਤਾ ਨਾਲ ਜੁੜੀ ਹੈ। ਸ਼ੁਰੂ ਤੋਂ ਹੀ ਇਕ ਸਵਾਲ ਜੋ ਅੱਜ ਤਾਈਂ ਬਰਕਰਾਰ ਹੈ ਕਿ ਤੁਹਾਡੀ ਰਚਨਾਤਮਕਤਾ ਦੀ ਜਿਹੜੀ ਮਾਨਸਿਕਤਾ ਹੈ, ਰਾਜ ਸੱਤਾ ਉਸ ਨੂੰ ਕਾਬੂ ਵਿਚ ਰੱਖਣਾ ਚਾਹੁੰਦੀ ਹੈ। ਉਸ ਨੂੰ ਅਜ਼ਾਦ ਨਹੀ ਕਰਨਾ ਚਾਹੁੰਦੀ। ਕਿਉਂਕਿ ਜਦੋਂ ਤੁਹਾਡੀ ਮਾਨਸਕਤਾ ਨੂੰ ਉਸ ਨੇ ਅਜ਼ਾਦ ਛੱਡ ਦਿੱਤਾ, ਉਸ ਦਿਨ ਉਸ ਨੂੰ ਖਤਰਾ ਖੜ੍ਹਾ ਹੋ ਗਿਆ। ਰਚਨਾ ਕਰਨ ਦੀ ਸਮਰੱਥਾ ਰੱਖਣ ਵਾਲੇ ਦੀ ਮਾਨਸਿਕਤਾ ਨੂੰ ਰਾਜ ਗੁਲਾਮ ਬਣਾ ਕੇ ਕਾਬੂ ਵਿਚ ਰੱਖਣ ਦੇ ਜੋ ਯਤਨ ਕਰਦੀ ਹੈ, ਉਹ ਯਤਨ ਬੰਦਸ਼ਾਂ ਨੂੰ ਜਨਮ ਦਿੰਦੇ ਨੇ। ਇਹਨਾਂ ਬੰਦਸ਼ਾਂ ਨੂੰ ਪਹਿਚਾਨਣ ਦੀ ਲੋੜ ਹੈ। ਡਾ: ਜਸਵਿੰਦਰ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਨ ਦੀ ਅਜ਼ਾਦੀ ਹਰ ਪਾਸੇ ਜ਼ਰੂਰੀ ਹੈ। ਏਸ ਮੁਲਕ ਵਿਚ ਲਿਖਣ ਬੋਲਣ ਦੀ ਨਹੀਂ ਸਾਨੂੰ ਹਰ ਤਰ੍ਹਾਂ ਦੀ ਅਜ਼ਾਦੀ ਹੈ। ਇਸ ਮੁਲਕ ਵਿਚ ਕੰਮ ਦੀ ਇਜ਼ਤ ਹੈ। ਬੰਦਸ਼ਾਂ ਵੀ ਨੇ। ਪਰ ਬਹੁਤ ਘੱਟ ਨੇ।ઠਅਮਰੀਕਾ ਤੋਂ ਉਚੇਚੇ ਤੌਰ ‘ਤੇ ਆਏ ਕਾਫਲੇ ਦੇ ਪੁਰਾਣੇ ਮੈਂਬਰ ਡਾ: ਗੁਰਬਖਸ਼ ਭੰਡਾਲ ਨੇ ਕਿਹਾ ਕਿ ਸਾਨੂੰ ਸੋਚਣਾ ਪਏਗਾ ਕਿ ਅਜ਼ਾਦੀ ਕੀ ਹੈ। ਸਾਨੂੰ ਕਿਸ ਤਰ੍ਹਾਂ ਦੀ ਅਜ਼ਾਦੀ ਚਾਹੀਦੀ ਹੈ। ਅਜ਼ਾਦੀ ਦਾ ਵੀ ਕੋਈ ਵਿਧੀ ਵਿਧਾਨ ਹੁੰਦਾ। ਉਸ ਦਾਇਰੇ ਵਿਚ ਰਹਿ ਕੇ ਹੀ ਅਸੀਂ ਅਜ਼ਾਦੀ ਨੂੰ ਮਾਣ ਸਕਦੇ ਹਾਂ। ਅਜ਼ਾਦੀ ਸਾਨੂੰ ਆਪਣੀ ਮਾਨਸਿਕਤਾ ਤੋਂ ਵੀ ਲੈਣੀ ਪੈਣੀ ਹੈ। ਅਸੀਂ ਮਾਨਸਿਕਤਾ ਦੇ ਗੁਲਾਮ ਹਾਂ। ਜੇ ਅਸੀਂ ਅਜ਼ਾਦੀ ਦਾ ਅਨੰਦ ਮਾਨਣੈ, ਸਾਨੂੰ ਉਸ ਤੋਂ ਬਾਹਰ ਨਿਕਲਣਾ ਪਵੇਗਾ।
ਉੱਘੇ ਵਾਰਤਾਕਾਰ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਜੇ ਤੁਹਾਡੇ ਕੋਲ ਕਲਾ ਹੈ ਤਾਂ ਬਾਹਰ ਜਰੂਰ ਨਿਕਲੂਗੀ। ਧਰਤੀ ਵਿਚ ਬੀਅ ਸੁੱਟ ਦੇਈਏ ਤਾਂ ਜ਼ਰੂਰ ਉਗੇਗਾ। ਇਸ ਤੋਂ ਇਲਾਵਾ ਗੁਰਦੇਵ ਮਾਨ ਅਤੇ ਗੁਰਦੀਪ ਸਿੰਘ ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਕ ਸਵਾਲ ਦੇ ਜਵਾਬ ਵਿਚ ਡਾ: ਰਾਮ ਸਿੰਘ ਨੇ ਕਿਹਾ ਕਿ ਸਾਰੀ ਦੁਨੀਆ ਵਿਚ ਰਾਜਾਂ ਨੂੰ ਕਾਰਪੋਰੇਸ਼ਨਾਂ ਹੀ ਆਪਣੇ ਢੰਗ ਨਾਲ ਚਲਾਉਂਦੀਆਂ ਹਨ। ਸਾਰਾ ਸਿਸਟਮ ਹੀ ਉਨ੍ਹਾਂ ਦੇ ਹੱਥ ਚਲਾ ਗਿਆ ਹੈ। ਇਹ ਵਕਤ ਬਹੁਤ ਹੀ ਖਤਰਨਾਕ ਹੈ। ਪਰ ਇਤਿਹਾਸ ਕਹਿੰਦਾ ਹੈ ਕਿ ਸਮੇਂ ਸਮੇਂ ਤੇ ਲੋਕਾਂ ਨੇ ਲੀਹਾਂ ਤੋੜੀਆਂ ਨੇ।ઠ
ਅਖੀਰ ਵਿੱਚ ਪ੍ਰਧਾਨਗੀ ਮੰਡਲ ਦੀ ਸੇਵਾ ਨਿਭਾ ਰਹੇ ਜਰਨੈਲ ਸਿੰਘ ਕਹਾਣੀਕਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜ਼ਾਦੀ ਮਨੁੱਖ ਦਾ ਜਮਾਂਦਰੂ ਅਧਿਕਾਰ ਹੈ, ਇੱਕ ਅਜਿਹੀ ਸ਼ਕਤੀ ਜਿਸ ਨਾਲ ਮਨੁਖ ਆਪਣੀ ਰੂਹ ਦੇ ਮੁਤਾਬਕ ਸੋਚ ਸਕਦਾ ਹੈ। ਲਿਖ ਤੇ ਬੋਲ ਸਕਦਾ ਹੈ। ਸਾਹਿਤ ਤੇ ਅਜ਼ਾਦੀ ਦੋਵੇਂ ਇੱਕ ਦੂਜੇ ਤੇ ਨਿਰਭਰ ਨੇ। ਸਾਹਿਤ ਦੀ ਉਤਪਤੀ ਲਈ ਅਜ਼ਾਦੀ ਜ਼ਰੂਰੀ ਹੈ। ਅਜ਼ਾਦੀ ਮਨੁੱਖ ਨੂੰ ਉਸਦੀ ਗੁਲਾਮੀ ਤੋਂ, ਧਾਰਮਿਕ ਕੱਟੜਤਾ ਤੋਂ ਮੁਕਤ ਕਰਦੀ ਹੈ। ਮਨੁੱਖ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਵੀ ਅਜ਼ਾਦ ਹੋਣ ਦੀ ਲੋੜ ਹੈ। ਔਰਤ ਦੀ ਅਜ਼ਾਦੀ ਦੀ ਗੱਲ ਕਰਦਿਆਂ ਉਨ੍ਹਾਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਸ਼ੇਰਨੀਆਂ’ ਦਾ ਜ਼ਿਕਰ ਕੀਤਾ। ਜਿਸ ਵਿਚ ਉਸ ਸਮੇਂ ਵਿੱਚ ਕੰਮ ਤੇ ਜਾ ਰਹੀਆਂ ਔਰਤਾਂ ਨੂੰ ਵਿਰਕ ਨੇ ਸ਼ੇਰਨੀਆਂ ਦਾ ਰੁਤਬਾ ਦਿਤਾ। ਕਿਉਂਕਿ ਉਸ ਸਮੇ ਔਰਤਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਏਥੇ ਉਨ੍ਹਾਂ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦਿਆਂ ਆਪਣੀ ਲਿਖੀ ਕਹਾਣੀ ‘ਪਰਛਾਵੇਂ’ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਅਸੂਲਾਂ ‘ਤੇ ਚੱਲਦੀ ਹੋਈ ਹੀਰੋਇਨ ਆਪਣੇ ਬੱਚੇ ਲੈ ਕੇ ਅਲੱਗ ਹੋ ਜਾਂਦੀ ਹੈ।
ਕਵਿਤਾ ਦੇ ਦੌਰ ਵਿਚ ਜਸਵਿੰਦਰ ਸੰਧੂ, ਗੁਰਦੀਪ ਸਿੰਘ ਰੰਧਾਵਾ, ਗੁਰਜਿੰਦਰ ਸੰਘੇੜਾ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟੀ। ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿਚ ‘ਦਿਲਾ ਠਹਿਰ ਜਾ ਯਾਰ ਦਾ ਨਜਾਰਾ ਲੈਣ ਦੇ’ ਗੀਤ ਸੁਣਾ ਕੇ ਸ੍ਰੋਤੇ ਝੂਮਣ ਲਾ ਦਿਤੇ। ਅਖੀਰ ਵਿਚ ਜਰਨੈਲ ਸਿੰਘ ਕਹਾਣੀਕਾਰ ਨੇ ਸਮਾਗਮ ਵਿਚ ਆਏ ਸਭ ਪ੍ਰੇਮੀਆਂ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …