ਅੰਮ੍ਰਿਤਸਰ : ਇਤਰਾਜ਼ਯੋਗ ਵੀਡੀਓ ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰੇ ਚਰਨਜੀਤ ਸਿੰਘ ਚੱਢਾ ਨੂੰ ਚੀਫ਼ ਖ਼ਾਲਸਾ ਦੀਵਾਨ ઠਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨਗੀ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਪੁਰਾਣੇ ਕੱਢੇ ਗਏ ਤਿੰਨ ਮੈਂਬਰਾਂ ਦੀ ਵਾਪਸੀ ਸਬੰਧੀ ਰੌਲਾ-ਰੱਪਾ ਪਿਆ ਅਤੇ ਚੱਲ ਰਹੇ ਗੁਰਬਾਣੀ ਦੇ ਪਾਠ ਦਾ ਨਿਰਾਦਰ ਵੀ ਹੋਇਆ। ਜਨਰਲ ਹਾਊਸ ਦੀ ਮੀਟਿੰਗ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ ਸਥਿਤ ਗੁਰਦੁਆਰੇ ਦੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ, ਜਿੱਥੇ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਦੀਵਾਨ ਦੇ ਕੁੱਲ 522 ਵਿੱਚੋਂ ਲਗਭਗ 200 ਮੈਂਬਰ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ઠ ਦੇ ਇੱਕ-ਨੁਕਾਤੀ ਏਜੰਡੇ ਤਹਿਤ ਚਰਨਜੀਤ ਸਿੰਘ ਚੱਢਾ ਵੱਲੋਂ ਦਿੱਤੇ ਅਸਤੀਫ਼ੇ ਦੀ ਪ੍ਰਵਾਨਗੀ ਅਤੇ ਦੀਵਾਨ ਵਿੱਚੋਂ ਉਸ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰਨ ਦੀ ਸਿਫ਼ਾਰਸ਼ ਸ਼ਾਮਲ ਸੀ। ਜਿਵੇਂ ਹੀ ਇਹ ਮਤਾ ਪੇਸ਼ ਕੀਤਾ ਗਿਆ, ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਦੌਰਾਨ, ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਜਿਸ ਨੇ ઠਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਸਬੰਧੀ ਸੋਗ ਮਤਾ ਪਾਸ ਕੀਤਾ ਗਿਆ। ਬਾਅਦ ਵਿੱਚ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਮੀਟਿੰਗ ਦੀ ਕਾਰਵਾਈ ਮੀਡੀਆ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਦੀਵਾਨ ਦੇ ਜਨਰਲ ਹਾਊਸ ਵੱਲੋਂ ਚਰਨਜੀਤ ਸਿੰਘ ਚੱਢਾ ਦੇ ਸਮੂਹ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਨੂੰ ਵਿਧਾਨਕ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੀ ਕਾਰਵਾਈ ਸਬੰਧੀ ਰਿਪੋਰਟ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤੀ ਜਾਵੇਗੀ। ਸੰਵਿਧਾਨ ਮੁਤਾਬਕ ਨਵੇਂ ਪ੍ਰਧਾਨ ਦੀ ਚੋਣ 60 ਦਿਨਾਂ ਵਿੱਚ ਕਰਾਉਣੀ ਲਾਜ਼ਮੀ ਹੈ। ਜਲਦੀ ਹੀ ਮੈਂਬਰਾਂ ਦੀ ਰਾਇ ਨਾਲ ਇਸ ਸਬੰਧੀ ਮੀਟਿੰਗ ਦੀ ਤਰੀਕ ਨਿਸ਼ਚਿਤ ਕੀਤੀ ਜਾਵੇਗੀ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …