ਰਾਹੁਲ ਗਾਂਧੀ ਤੇ ਭਗਵੰਤ ਮਾਨ ਨੂੰ ਵੀ ਕੀਤੀਆਂ ਟਿੱਚਰਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਵਿਰੋਧੀ ਧਿਰਾਂ, ਕਾਂਗਰਸ ਤੇ ਰਾਹੁਲ ਗਾਂਧੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਭਾਸ਼ਨ ‘ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਰਾਹੁਲ ਗਾਂਧੀ ‘ਤੇ ਵਿਅੰਗ ਕਰਦਿਆਂ ਕਿਹਾ, “ਆਖਿਰਕਾਰ ਭੁਚਾਲ ਆ ਹੀ ਗਿਆ।
ਮੋਦੀ ਨੇ ਕਾਂਗਰਸੀ ਆਗੂ ਖੜਗੇ ਦੇ ਉਸ ਬਿਆਨ ਦਾ ਜ਼ਿਕਰ ਵੀ ਕੀਤਾ ਕਿ ਦੇਸ਼ ਵਿਚ ਲੋਕਤੰਤਰ ਨੂੰ ਕਾਂਗਰਸ ਨੇ ਬਚਾ ਕੇ ਰੱਖਿਆ ਹੈ। ਇਸ ‘ਤੇ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕਤੰਤਰ ਨੂੰ ਪੂਰਾ ਦੇਸ਼ ਭਲੀ ਭਾਂਤ ਜਾਣਦਾ ਹੈ। ਇਸ ਪਾਰਟੀ ਨੇ ਲੋਕਤੰਤਰ ਨੂੰ ਇੱਕ ਹੀ ਪਰਿਵਾਰ ਦੇ ਸਪੁਰਦ ਕਰ ਦਿੱਤਾ। ਨੋਟਬੰਦੀ ਦੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ “ਮੇਰੇ ਫੈਸਲਿਆਂ ਨਾਲ ਅਜਿਹੇ ਵੱਡੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ, ਇਹ ਅੱਗੇ ਵੀ ਹੁੰਦੀ ਰਹੇਗੀ। ਮੋਦੀ ਨੇ ਨੋਟਬੰਦੀ ‘ਤੇ ਹੀ ਬੋਲਦਿਆਂ ਕਿਹਾ ਕਿ “ਸਾਨੂੰ ਚੋਣਾਂ ਦਾ ਫਿਕਰ ਨਹੀਂ ਦੇਸ਼ ਦਾ ਫਿਕਰ ਹੈ।”
ਇਸੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਹਮੋ-ਸਾਹਮਣੇ ਹੋ ਗਏ। ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਦੌਰਾਨ ਸ਼ਰਾਬ ਵੱਲ ਇਸ਼ਾਰਾ ਕਰਕੇ ਭਗਵੰਤ ਮਾਨ ਨੂੰ ਟਿੱਚਰ ਕੀਤੀ। ਇਸ ਗੱਲ਼ ਤੋਂ ਭਗਵੰਤ ਮਾਨ ਵੀ ਭੜਕ ਗਏ। ਉਹ ਸੰਸਦ ਵਿੱਚ ਤਾਂ ਕੁਝ ਨਹੀਂ ਬੋਲੇ ਪਰ ਸੰਸਦ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੰਸਦ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਸਕ੍ਰਿਤ ਦਾ ਇਕ ਸਲੋਕ ਪੜ੍ਹਿਆ ਸੀ, ਜਿਸ ਵਿਚ ਕਰਜ਼ਾ ਲੈ ਕੇ ਘਿਓ ਪੀਣ ਦੀ ਗੱਲ ਕਹੀ ਗਈ ਹੈ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਹੁੰਦੇ ਤਾਂ ਕੁਝ ਹੋਰ ਪੀਣ ਦੀ ਗੱਲ ਕਰਦੇ। ਮੋਦੀ ਦੇ ਇੰਨੇ ਕਹਿੰਦੇ ਹੀ ਭਗਵੰਤ ਮਾਨ ਸੰਸਦ ਵਿਚ ਖੜ੍ਹੇ ਹੋ ਕੇ ਜਵਾਬ ਦੇਣ ਲੱਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …