Breaking News
Home / ਕੈਨੇਡਾ / ਸੋਨੀਆ ਸਿੱਧੂ ਬਰੈਂਪਟਨ ਸਾਊਥ ਵਿਚ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ

ਸੋਨੀਆ ਸਿੱਧੂ ਬਰੈਂਪਟਨ ਸਾਊਥ ਵਿਚ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਨ੍ਹਾਂ ਗਰਮੀਆਂ ਵਿਚ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੰਮ ਕਰ ਰਹੇ ਕਈ ਸਫ਼ਲ ਵਿਦਿਆਰਥੀਆਂ ਨੂੰ ਮਿਲੇ। ਇਸ ਪ੍ਰੋਗਰਾਮ ਹੇਠ ਬਰੈਂਪਟਨ ਸਾਊਥ ਵਿਚ ਇਸ ਸਾਲ 46 ਪ੍ਰਾਜੈੱਕਟਾਂ ਦੀ ਸਿਫ਼ਾਰਿਸ਼ ਕੀਤੀ ਗਈ ਸੀ ਅਤੇ ਇਨ੍ਹਾਂ ਉੱਪਰ 700,000 ਡਾਲਰ ਦੀ ਰਕਮ ਮਨਜ਼ੂਰ ਹੋਈ ਹੈ। ਇਹ ਰਾਸ਼ੀ ਮਨਿਸਟਰੀ ਆਫ਼ ਐਂਪਲਾਇਮੈਂਟ, ਵਰਕ ਫੋਰਸ ਡਿਵੈੱਲਪਮੈਂਟ ਐਂਡ ਲੇਬਰ ਵੱਲੋਂ ਭੇਜੀ ਗਈ ਹੈ ਅਤੇ ਇਹ ਵਿਦਿਆਰਥੀਆਂ ਨੂੰ ਇਨ੍ਹਾਂ ਗਰਮੀਆਂ ਵਿਚ ਰੋਜ਼ਗਾਰ ਦੇਣ ਲਈ ਖ਼ਰਚੀ ਗਈ ਹੈ। ਇਸ ਸਬੰਧੀ ਬੋਲਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਮੈਨੂੰ ਕਈ ਸਥਾਨਕ ਸੰਸਥਾਵਾਂ ਵਿਚ ਜਾ ਕੇ ਵਿਦਿਆਰਥੀਆਂ ਅਤੇ ਰੋਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਦੇ ਮਾਲਕਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਨ੍ਹਾਂ ਨੂੰ ਮਿਲ ਕੇ ਬੜੀ ਖ਼ੁਸ਼ੀ ਹੋਈ ਹੈ। ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਇਸ ਰੋਜ਼ਗਾਰ ਦਿਵਾਊ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਅਤੇ ਉਨ੍ਹਾਂ ਸੰਸਥਾਵਾਂ ਦੀ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਅਧੀਨ ਗਰਮੀਆਂ ਦੀਆਂ ਛੁੱਟੀਆਂ ਵਿਚ ਵਿਦਿਆਰਥੀਆਂ ਨੂੰ ਕੰਮਾਂ ‘ਤੇ ਲਗਾਇਆ।”
ਇੱਥੇ ਇਹ ਯਾਦ ਦਿਵਾਇਆ ਜਾਂਦਾ ਹੈ ਕਿ ਫ਼ੈੱਡਰਲ ਸਰਕਾਰ ਹਰ ਸਾਲ ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਅਧੀਨ ਕੁਝ ਰੋਜ਼ਗਾਰ ਦਿਵਾਊ ਸੰਸਥਾਵਾਂ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਉਨ੍ਹਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਕੰਮ ਦੇਣ ਲਈ ਫ਼ੰਡ ਮੁਹੱਈਆ ਕਰਦੀ ਹੈ। ਇਸ ਸਾਲ ਕੌਮੀ ਪੱਧਰ ‘ਤੇ ਪੰਜ ਪ੍ਰਮੁੱਖਤਾਵਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿਚ ਸਾਇੰਸ, ਟੈਕਨਾਲੌਜੀ, ਇੰਜੀਨੀਅਰਿੰਗ ਤੇ ਹਿਸਾਬ (ਸਟੈੱਮ), ਨਵੀਆਂ ਨੌਕਰੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਛੋਟੇ ਬਿਜ਼ਨੈੱਸ, ਨਵੇਂ ਕੈਨੇਡਾ-ਵਾਸੀਆਂ ਨੂੰ ‘ਜੀ-ਆਇਆਂ’ ਕਹਿਣ ਅਤੇ ਉਨ੍ਹਾਂ ਦਾ ਵਸੇਬਾ ਕਰਨ ਵਾਲੇ ਅਦਾਰੇ, ਪੁਰਾਣੇ ਕੈਨੇਡਾ-ਵਾਸੀਆਂ ਨੂੰ ਰੋਜ਼ਗਾਰ ਦੇਣ ਵਾਲੇ ਅਦਾਰੇ ਅਤੇ ਕੈਨੇਡਾ ਦੀ ਕਨਫੈੱਡਰੇਸ਼ਨ ਦੀ 150ਵੀਂ ਵਰ੍ਹੇ-ਗੰਡ ਮਨਾਉਣ ਵਾਲੇ ਰੋਜ਼ਗਾਰ-ਦਿਵਾਊ ਅਦਾਰੇ ਸ਼ਾਮਲ ਸਨ। ਇਸ ਮੌਕੇ ਮਨਿਸਟਰ ਆਫ਼ ਐਂਪਲਾਇਮੈਂਟ, ਵਰਕ ਫੋਰਸ ਐਂਡ ਲੇਬਰ ਮਾਣਯੋਗ ਪੈਟੀ ਹਜਡੂ ਨੇ ਕਿਹਾ,”ਸਾਡੀ ਸਰਕਾਰ ਇਹ ਭਲੀ-ਭਾਂਤ ਜਾਣਦੀ ਹੈ ਕਿ ਅੱਜ ਦੇ ਨੌਜਵਾਨ ਵਿਦਿਆਰਥੀ ਕੱਲ੍ਹ ਦੇ ਨੇਤਾ ਹਨ ਅਤੇ ਉਹ ਆਪਣੇ ਸਫ਼ਲ ਭਵਿੱਖ ਲਈ ਮੌਕਿਆਂ ਦੀ ਤਲਾਸ਼ ਵਿਚ ਹਨ। ‘ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ’ ਉਨ੍ਹਾਂ ਨੂੰ ਆਪਣੇ ਸਕਿੱਲ ਵਧਾਉਣ ਅਤੇ ਡਾਲਰ ਕਮਾਉਣ ਦੇ ਨਾਲ ਨਾਲ ਨਵਾਂ ਤਜਰਬਾ ਵੀ ਹਾਸਲ ਕਰਦੇ ਹਨ।”
ਬਰੈਂਪਟਨ ਸਾਊਥ ਰਾਈਡਿੰਗ ਵਿਚ ਸ਼ੁਰੂ ਕੀਤੇ ਗਏ ਪ੍ਰਾਜੈੱਕਟਾਂ ਵਿਚ ਸਾਲਵੇਸ਼ਨ ਆਰਮੀ ਕਥਬਰਟ ਹਾਊਸ, ਲੱਲਾਬੂ ਨਰਸਰੀ ਐਂਡ ਚਾਈਲਡ ਕੇਅਰ ਸੈਂਟਰ, ਬੁਆਇਜ਼ ਐਂਡ ਗਰਲਜ਼ ਕਲੱਬ ਆਫ਼ ਪੀਲ ਅਤੇ ਨੇਬਰਹੁੱਡ ਵਾਚ ਪ੍ਰੋਗਰਾਮ ਸ਼ਾਮਲ ਹਨ। ਕੈਨੇਡਾ ਸਮਰ ਜੌਬਜ਼ ਪ੍ਰੋਗਰਾਮ ਫ਼ੈੱਡਰਲ ਸਰਕਾਰ ਦੇ ਵੱਡੇ ਪ੍ਰਾਜੈੱਕਟ ‘ਯੂਥ ਐਂਪਲਾਇਮੈਂਟ ਸਟਰੈਟਿਜੀ’ (ਯੈੱਸ) ਦਾ ਹਿੱਸਾ ਹੈ ਜਿਸ ਵਿਚ ਸਰਕਾਰ ਹਰ ਸਾਲ 330 ਮਿਲੀਅਨ ਡਾਲਰ ਰਾਸ਼ੀ ਨੌਜਵਾਨਾਂ ਲਈ ਨਵੇਂ ਸਕਿੱਲ ਸਿੱਖਣ, ਯੋਗਤਾਵਾਂ ਵਧਾਉਣ ਅਤੇ ਕੰਮ ਕਰਨ ਦਾ ਤਜਰਬਾ ਹਾਸਲ ਕਰਨ ਲਈ ਖ਼ਰਚਦੀ ਹੈ। ਨੌਜਵਾਨਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …