ਕੈਲੇਡਨ/ਬਿਊਰੋ ਨਿਊਜ਼ : ਕੈਨੇਡੀਅਨ ਫੈਡਰੇਸ਼ਨ ਦੀ 150ਵੀਂ ਵਰ੍ਹੇਗੰਢ ਮੌਕੇ ਕੈਨੇਡਾ ਭਰ ਵਿੱਚ ਅਨੇਕਾਂ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਸਨ, ਜਿਹੜੇ ਵੱਖ ਵੱਖ ਹਿੱਸਿਆਂ ਵਿੱਚ ਮੁਲਕ ਅਤੇ ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਖੋਜ, ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਦੀ ਤਰਫੋਂ ਡਫਰਿਨ-ਕੈਲਡਨ ਖੇਤਰ ਵਿੱਚ ਕਈ ਪ੍ਰਾਜੈਕਟਾਂ ਵਾਸਤੇ ਫੰਡਿੰਗ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਡਫਰਿਨ ਕਾਊਂਟੀ ਮਿਊਜ਼ੀਅਮ ਦਾ ਪਸਾਰ ਅਤੇ ਮੇਅਫੀਡਲ ਰਿਕਰੀਏਸ਼ਨ ਕੰਪਲੈਕਸ ਦੀ ਪੁਨਰ-ਸੁਰਜੀਤੀ ਸ਼ਾਮਲ ਹੈ। ਇਸ ਤੋਂ ਇਲਾਵਾ ਆਈਲੈਂਡ ਲੇਕ ਵਾਟਰ ਐਂਪੀਥਿਏਟਰ, ਚੈਟਨਹੈਮ ਬੈਡਲੈਂਡਜ਼ ਵਿਜ਼ਟਰ ਇਨਫਰਾਸਟਰੱਕਚਰ ਅਤੇ ਬੀਚ ਸੈਂਟਰ ਸੈਪਟਿਕ ਸਿਸਟਮ ਵਿੱਚ ਸੁਧਾਰ ਵੀ ਇਨ੍ਹਾਂ ਦਾ ਹਿੱਸਾ ਹਨ। ਇਹ 5 ਪ੍ਰਾਜੈਕਟ ਉਨ੍ਹਾਂ 350 ਪ੍ਰਾਜੈਕਟਾਂ ਦਾ ਹਿੱਸਾ ਹਨ, ਜਿਨ੍ਹਾਂ ਨੂੰ ਦੱਖਣੀ ਓਨਟਾਰੀਓ ਵਿੱਚ ਕੈਨੇਡਾ-150 ਕਮਿਊਨਿਟੀ ਇਨਫਰਾਸਟਰੱਕਚਰ ਪ੍ਰੋਗਰਾਮ ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਪ੍ਰਾਜੈਕਟਾਂ ਤਹਿਤ ਪਾਰਕਾਂ, ਟਰੇਲਾਂ ਅਤੇ ਕਲਚਰਲ ਤੇ ਕਮਿਊਨਿਟੀ ਸੈਂਟਰਾਂ ਵਿੱਚ ਸੁਧਾਰ ਕੀਤਾ ਜਾਣਾ ਹੈ। ਇਹ ਪ੍ਰਾਜੈਕਟ ਕੈਨੇਡਾ ਦੇ 150ਵੇਂ ਸਮਾਰੋਹਾਂ ਦੀ ਯਾਦਗਾਰ ਵਜੋਂ ਵੀ ਬਣੇ ਰਹਿਣਗੇ। $450,000 ਦੀ ਕੁੱਲ ਲਾਗਤ ਨਾਲ ਬਣਨ ਵਾਲੇ ਡਫਰਿਨ ਕਾਊਂਟੀ ਮਿਊਜ਼ੀਅਮ ਵਾਸਤੇ $150,000 ਦਿੱਤੇ ਗਏ ਹਨ।
ਮੇਅਫੀਲਡ ਰਿਕਰੀਏਸ਼ਨ ਕੰਪਲੈਕਸ ਦੀ ਮੁੜ-ਸੁਰਜੀਤੀ ਤੇ ਖਰਚ ਹੋਣ ਵਾਲੇ ਕੁੱਲ $79,310 ਵਿੱਚ $39,655 ਦਾ ਫੰਡਿੰਗ ਯੋਗਦਾਨ ਪਾਇਆ ਗਿਆ ਹੈ। ਆਈਲੈਂਡ ਲੇਕ ਵਾਟਰ ਐਂਪੀਥਿਏਟਰ ਦੇ ਸੁਧਾਰ ਤੇ ਕੁੱਲ $88,760 ਖਰਚ ਹੋਣੇ ਹਨ ਅਤੇ ਇਸ ਲਈ $29,291 ਦਾ ਫੰਡ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚੈਲਟਨਹੈਮ ਬੈਡਲੈਂਡਜ਼ ਵਿਜ਼ਟਰ ਇਨਫਰਾਸਟਰੱਚਰ ਲਈ $115,000 ਦਿੱਤੇ ਗਏ ਹਨ, ਜਿਸ ਤੇ ਕੁੱਲ $230,000 ਖਰਚ ਹੋਣਾ ਹੈ। ਬੀਚ ਸੈਪਟਿਕ ਸਿਸਟਮ ਲਈ $100,000 ਦਿੱਤੇ ਗਏ ਹਨ ਅਤੇ ਇਸ ਤੇ ਕੁੱਲ $290,000 ਖਰਚ ਹੋਣੇ ਹਨ। ਇਸ ਬਾਰੇ ਟਿੱਪਣੀ ਕਰਦੇ ਹੋਏ ਐਮ ਪੀ ਰੂਬੀ ਸਹੋਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਜਿੱਥੇ ਆਪਣੀਆਂ ਕਮਿਊਨਿਟੀਜ਼ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇ ਰਹੇ ਹਾਂ, ਉਥੇ ਵਸਨੀਕਾਂ ਦੇ ਚੰਗੇ ਰਹਿਣ ਨੂੰ ਕਾਇਮ ਰੱਖਣ ਵਿੱਚ ਵੀ ਮਦਦ ਕਰਦੇ ਹਨ। ਡਫਰਿਨ ਕਾਊਂਟੀ ਮਿਊਜ਼ੀਅਮ ਦੇ ਜਨਰਲ ਮੈਨੇਜਰ ਡੈਰਲ ਕੀਨੀ ਨੇ ਕਿਹਾ ਕਿ ਅਸੀਂ ਕੈਨੇਡਾ ਸਰਕਾਰ ਅਤੇ ਕੈਨੇਡਾ-150 ਇਨਫਰਾਸਟਰੱਕਚਰ ਫੰਡ ਦੇ ਸ਼ੁਕਰਗੁਜ਼ਾਰ ਹਾਂ। ਇਸ ਮਦਦ ਸਦਕਾ ਹੀ ਡਫਰਿਨ ਕਾਊਂਟੀ ਤੋਂ ਸ਼ੁਰੂ ਹੋਈ ਕਾਮਯਾਬੀ ਦੀ ਇੱਕ ਕੈਨੇਡੀਅਨ ਕਹਾਣੀ ਨੂੰ ਸੰਭਾਲਣ ਦਾ ਮੌਕਾ ਮਿਲ ਰਿਹਾ ਹੈ। ਕੈਲਡਨ ਦੇ ਮੇਅਰ ਐਲਨ ਥੌਮਸਨ ਨੇ ਕਿਹਾ ਕਿ ਕੈਲੇਡਨ ਵਿੱਚ ਇਸ ਨਿਵੇਸ਼ ਲਈ ਮੈਂ ਕੈਲੇਡਨ ਦੀ ਕੌਂਸਲ ਅਤੇ ਵਾਸੀਆਂ ਦੀ ਤਰਫੋਂ ਕੈਨੇਡੀਅਨ ਸਰਕਾਰ ਦਾ ਧੰਨਵਾਦ ਕਰਦਾ ਹਾਂ। ਮੇਅਫੀਲਡ ਏਰੀਨਾ ਵਿੱਚ ਸੁਧਾਰ ਨਾਲ ਸਾਡੀ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਵੇਗਾ। ਕਰੈਡਿਟ ਵੈਲੀ ਕੰਜ਼ਰਵੇਸ਼ਨ ਦੇ ਸੀ ਈ ਓ ਡੈਬੋਰਾਹ ਮਾਰਟਿਨ ਡਾਊਨਜ਼ ਨੇ ਕਿਹਾ ਕਿ ਆਈਲੈਂਡ ਲੇਕ ਵਾਟਰ ਐਂਪੀਥਿਏਟਰ ਵਿੱਚ ਸੁਧਾਰ ਨਾਲ ਇਕ ਵਿਲੱਖਣ ਆਊਟਡੋਰ ਕਲਚਰਲ ਸਪੇਸ ਸਿਰਜਣ ਦਾ ਲੋਕਲ ਵਾਸੀਆਂ ਦਾ ਸੁਪਨਾ ਪੂਰਾ ਹੋਵੇਗਾ।
ਓਨਟਾਰੀਓ ਹੈਰੀਟੇਜ ਟਰਸਟ ਦੇ ਸੀ ਈ ਓ ਬੈਥ ਹਨਾ ਨੇ ਕਿਹਾ ਕਿ ਇਸ ਫੰਡਿੰਗ ਨਾਲ ਟਰਸਟ ਨੂੰ ਇਹ ਮਦਦ ਮਿਲੇਗੀ ਕਿ ਅਸੀਂ ਚੈਲਟਨਹੈਮ ਬੈਡਲੈਂਡਜ਼ ਨੂੰ ਜਨਤਾ ਵਾਸਤੇ ਖੋਲ੍ਹ ਸਕਾਂਗੇ। ਟੀ ਆਰ ਸੀ ਏ ਵਿੱਚ ਪਾਰਕਾਂ ਅਤੇ ਕਲਚਰ ਦੇ ਡਾਇਰੈਕਟਰ ਡੈਰਕ ਐਡਵਰਡਜ਼ ਨੇ ਕਿਹਾ ਕਿ ਬੀਚ ਸੈਂਟਰ ਸੈਪਟਿਕ ਸਿਸਟਮ ਵਿੱਚ ਸੁਧਾਰ ਨਾਲ ਐਲਬੀਅਨ ਹਿਲਜ਼ ਕੰਜਰਵੇਸ਼ਨ ਏਰੀਆ ਵਿੱਚ ਗਤੀਵਿਧੀਆਂ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …