20 C
Toronto
Wednesday, September 2, 2026
spot_img
HomeਕੈਨੇਡਾFrontਖ਼ਬਰ ਦਾ ਵਿਸ਼ਲੇਸ਼ਣ: ਬਲਾਤਕਾਰ ਦਾ ਦੋਸ਼ੀ ਸੌਦਾ ਸਾਧ ਸੁਣਿਐ ਫੇਰ ਆਇਆ 21...

ਖ਼ਬਰ ਦਾ ਵਿਸ਼ਲੇਸ਼ਣ: ਬਲਾਤਕਾਰ ਦਾ ਦੋਸ਼ੀ ਸੌਦਾ ਸਾਧ ਸੁਣਿਐ ਫੇਰ ਆਇਆ 21 ਦਿਨਾਂ ਦੀ ਛੁੱਟੀ

ਖ਼ਬਰ ਦਾ ਵਿਸ਼ਲੇਸ਼ਣ: ਬਲਾਤਕਾਰ ਦਾ ਦੋਸ਼ੀ ਸੌਦਾ ਸਾਧ ਸੁਣਿਐ ਫੇਰ ਆਇਆ 21 ਦਿਨਾਂ ਦੀ ਛੁੱਟੀ
ਰਾਮ ਰਹੀਮ ਨੂੰ 2020 ਤੋਂ ਬਾਅਦ 17ਵੀਂ ਵਾਰ ਮਿਲੀ ਪੈਰੋਲ, ਹੈ ਨਾ ਮੌਜਾਂ ਹੀ ਮੌਜਾਂ

ਅਮਰਜੀਤ ਸਿੰਘ
ਚੰਡੀਗੜ੍ਹ, 25 ਅਗਸਤ, 2026

ਸਿਆਣੇ ਕਹਿੰਦੇ ਨੇ ਜਦੋਂ ਬੰਦੇ ਪਿੱਛੇ ਵੋਟਾਂ ਦਾ ਪਹਾੜ ਖੜਿਆ ਹੋਵੇ ਤਾਂ ਸਰਕਾਰ ਆਪਣੀ ਜੇਬ ਵਿੱਚ ਹੁੰਦੀ ਹੈ, ਤੇ ਜਦੋਂ ਸਰਕਾਰ ਚੱਲ ਕੇ ਤੁਹਾਡੇ ਡੇਰੇ ਆਪ ਆਵੇ ਤਾਂ ਫੇਰ ਜੇਲ੍ਹ ਵੀ ਨਾਨਕਿਆਂ ਵਰਗੀ ਲਗਦੀ ਹੈ, ਕੁੱਝ ਦਿਨ ਐਥੇ ਰੁਕੋ ਤੇ ਫੇਰ ਜਾਓ ਆਪਣੇ ਘਰ ਨੂੰ। ਸੁਣਿਐ ਡੇਰੇ ਵਾਲਾ ਸਾਧ ਘਰ ਵਾਪਸ ਆ ਗਿਐ। ਬਹਾਨਾ ਕੋਈ ਵੀ ਲਾਇਆ ਹੋਵੇ ਪਰ ਐਥੇ ਇਸਨੇ ਕਰਨਾ ਕੀ ਹੈ, ਅਖੇ ਮੌਜਾਂ ਹੀ ਮੌਜਾਂ। ਗੁਰਮੀਤ ਰਾਮ ਰਹੀਮ ਨੂੰ ਫੇਰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ, ਇਹ ਪੱਕੀ ਖ਼ਬਰ ਹੈ, ਹੈਰਾਨ ਹੋਣ ਦੀ ਕੋਈ ਲੋੜ ਨਹੀਂ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਪੈਰੋਲ ਫੇਰ ਦੇ ਦਿੱਤੀ ਗਈ ਹੈ ਅਤੇ ਮੰਗਲਵਾਰ ਨੂੰ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲ ਆਇਆ ਤੇ ਘਰ ਵੱਲ ਟੁਰ ਪਿਆ। ਇਹ ਕੋਈ ਨਵੀਂ ਗੱਲ ਨਹੀਂ, ਇਹ ਉਸਦੇ ਖੱਬੇ ਹੱਥ ਦਾ ਕੰਮ ਹੈ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ 2020 ਤੋਂ ਬਾਅਦ 17ਵੀਂ ਵਾਰ ਛੁੱਟੀ ਤੇ ਆਇਆ ਹੈ। ਉਂਝ ਇਹ ਗੱਲ ਵੱਖਰੀ ਕਿ ਭਾਈ ਹਵਾਰਾ ਦੀ ਮਾਂ ਡੈਥ ਬੈਡ ਤੇ ਹੋਵੇ ਤਾਂ ਵੀ ਉਸਨੂੰ ਤਿੰਨ ਦਿਨ ਦੀ ਪੈਰੋਲ ਨਹੀਂ ਦਿੱਤੀ ਜਾਂਦੀ, ਤੇ ਹਾਂ, ਐਸ ਮੌਕੇ ਕਲਮਾਂ ਵੀ ਖਾਮੋਸ਼ ਹੋ ਜਾਂਦੀਆਂ ਹਨ।
ਲੰਮੀਆਂ ਲੰਮੀਆਂ ਗੱਡੀਆਂ ਦੇ ਇੱਕ ਵੱਡੇ ਕਾਫ਼ਿਲੇ ਵਿੱਚ ਰਾਮ ਰਹੀਮ ਸਵੇਰੇ 6.05 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਨਿਕਲਿਆ ਅਤੇ ਸਿਰਸਾ ਦੇ ਡੇਰਾ ਸੱਚਾ ਸੌਦਾ ਆਸ਼ਰਮ ਲਈ ਰਵਾਨਾ ਹੋ ਗਿਆ, ਪੈਰੋਲ ਦੀ ਮਿਆਦ ਦੌਰਾਨ ਉਹ ਐਥੇ ਹੀ ਰਹੇਗਾ, ਇਹ ਉਮੀਦ ਕੀਤੀ ਜਾਂਦੀ ਹੈ। ਉੱਥੇ ਫੇਰ ਤੋਂ ਓਹੀ ਗੀਤ, ਓਹੀ ਨੱਚਣਾ ਟੱਪਣਾ, ਜਿਨੂੰ ਇਸਦੇ ਭਗਤ ਲੀਲਾ ਆਖਦੇ ਹਨ, ਹੋਵੇਗਾ ਤੇ ਕੋਈ ਫਿਲਮ ਵੀ ਰਿਲੀਜ਼ ਕੀਤੀ ਜਾ ਸਕਦੀ ਹੈ, ਪਹਿਲਾਂ ਵਾਂਗ।
ਤੁਹਾਨੂੰ ਚੇਤੇ ਹੋਵੇਗਾ ਕਿ ਉਸਦੀ ਪਿਛਲੀ ਛੁੱਟੀ 40 ਦਿਨਾਂ ਦੀ ਸੀ ਤੇ ਉਹ 26 ਮਈ ਨੂੰ ਘਰ ਆਇਆ ਸੀ। ਕਰੀਬ ਤਿੰਨ ਮਹੀਨੇ ਬਾਅਦ ਉਹ ਫੇਰ ਨਾਨਕਿਆਂ ਤੋਂ ਮੁੜ ਆਇਆ ਹੈ, ਇਸਦੇ ਲਈ ਕਿਹੜਾ ਕਾਨੂੰਨ ਬਣਿਆ ਹੈ ਇਹ ਕੋਈ ਨਹੀਂ ਜਾਣਦਾ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਂਦੀ ਹੈ ਤਾਂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਨਾਲ ਭੰਨਿਆ ਜਾਂਦਾ ਹੈ, ਫੇਰ ਕਿਹਾ ਇਹ ਜਾਂਦਾ ਹੈ ਕਿ ਕਾਨੂੰਨ ਸਭਨਾਂ ਲਈ ਇੱਕੋ ਜਿਹਾ ਹੈ।

ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਉਹ ਇਸ ਸਮੇਂ ਦੌਰਾਨ ਜ਼ਿਆਦਾਤਰ ਡੇਰੇ ਦੇ ਸਿਰਸਾ ਆਸ਼ਰਮ ਵਿੱਚ ਹੀ ਰਹੇਗਾ, ਫੇਰ ਤੋਂ ਲੋਕਾਂ ਨੂੰ ਪ੍ਰਵਚਨ ਦੇਵੇਗਾ, ਫੇਰ ‘‘ਯੂ ਆਰ ਮਾਈ ਲਵ ਚਾਰਜਰ” ਵਰਗਾ ਵੀਡੀਓ ਰਿਲੀਜ਼ ਕਰੇਗਾ। ਭਗਤ ਜਨ ਇਸੇ ਨੂੰ ਰੱਬੀ ਸੰਦੇਸ਼ ਮੰਨ ਕੇ ਇਸਦਾ ਸਿਮਰਨ ਕਰਨਗੇ, ਆਪ ਵੀ ਡਾਂਸ ਕਰਨਗੇ ਤੇ ਪਰਵਾਰ ਨੂੰ ਵੀ ਕਰਵਾਉਣਗੇ, ਧੰਨ ਧੰਨ ਬਾਬਾ ਜੀ ਹੋਜੁਗੀ।
ਸਾਰੇ ਜਾਣਦੇ ਹੋਣਗੇ ਕਿ ਰਾਮ ਰਹੀਮ ਨੂੰ 2017 ਵਿੱਚ ਦੋ ਮਹਿਲਾ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਕਾਰਨ ਦੋਸ਼ੀ ਮੰਨਿਆ ਗਿਆ ਸੀ। ਇਸੇ ਕਾਰਨ ਉਹ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕਾਨੂੰਨ ਮੁਤਾਬਿਕ ਉਸਨੂੰ  ਬਲਾਤਕਾਰ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ 10-10 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸਤੋਂ ਅਲਾਵਾ ਉਸਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਅਲੱਗ ਤੋਂ ਸੁਣਾਈ ਗਈ ਹੈ।
ਡੇਰਾ ਸਾਧ ਨੂੰ ਵਾਰ ਵਾਰ ਪੈਰੋਲ ਕਿਵੇਂ ਮਿਲ ਜਾਂਦੀ ਹੈ ਇਸ ਦਾ ਜਵਾਬ ਸ਼ਾਇਦ ਕਿਸੇ ਕਾਨੂੰਨੀ ਮਾਹਿਰ ਕੋਲ ਵੀ ਨਹੀਂ ਹੈ। ਅਕਤੂਬਰ 2020 ਤੋਂ ਬਾਅਦ ਉਸਦੀ ਇਹ 17ਵੀਂ ਪੈਰੋਲ ਹੈ। ਲਓ, ਵਿਸਥਾਰ ਵਿੱਚ ਜਾਣਕਾਰੀ ਹਾਸਿਲ ਕਰੋ। ਅਕਤੂਬਰ 2020 ਵਿੱਚ ਇੱਕ ਦਿਨ ਦੀ ਪੈਰੋਲ ਤੇ ਆਇਆ ਰਾਮ ਰਹੀਮ। ਉਸ ਤੋਂ ਬਾਅਦ ਮਈ 2021 ਵਿੱਚ ਫੇਰ ਇੱਕ ਦਿਨ ਦੀ ਛੁੱਟੀ ਮਾਰੀ। ਫਰਵਰੀ 2022 ਵਿੱਚ 21 ਦਿਨਾਂ ਦੀ ਪੈਰੋਲ ਮਿਲੀ ਤੇ ਇਸੇ ਸਾਲ ਜੂਨ ਵਿੱਚ 30 ਦਿਨ ਦੀ ਪੈਰੋਲ ਫੇਰ ਦੇ ਦਿੱਤੀ ਗਈ ਸੀ। ਐਥੇ ਹੀ ਬਸ ਨਹੀਂ ਜਨਵਰੀ 2024 ਵਿੱਚ 50 ਦਿਨਾਂ ਦੀ ਪੈਰੋਲ ਤਾਂ ਵਾਕਈ ਬੱਲੇ ਬੱਲੇ ਸੀ, ਉਦੋਂ ਉਸਨੇ ਆਪਣੇ ਕੁੱਝ ਗਾਣੇ ਵੀ ਰਿਲੀਜ਼ ਕੀਤੇ ਸਨ।
ਅਕਤੂਬਰ 2024 ਵਿੱਚ 20 ਦਿਨਾਂ ਦੀ ਪੈਰੋਲ ਤੋਂ ਬਾਅਦ ਜਨਵਰੀ 2025 ਵਿੱਚ 30 ਦਿਨਾਂ ਦੀ ਫੇਰ ਪੈਰੋਲ। ਪਿਛਲੇ ਸਾਲ ਯਾਨੀ ਅਪ੍ਰੈਲ 2025 ਵਿੱਚ 21 ਦਿਨਾਂ ਦੀ ਫਰਲੋ ਇੰਜਾਏ ਕਰਵਾਉਣ ਤੋਂ ਬਾਅਦ ਸਰਕਾਰ ਫੇਰ ਅਗਸਤ 2025 ਵਿੱਚ ਉਸਤੇ ਮੇਹਰਬਾਨ ਹੋ ਗਈ ਤੇ 40 ਦਿਨਾਂ ਦੀ ਪੈਰੋਲ ਤੇ ਘਰ ਭੇਜ ਦਿੱਤਾ। ਇਸ ਸਾਲ ਦੇ ਆਰੰਭ ’ਚ, ਜਨਵਰੀ 2026 ਵਿੱਚ ਇੱਕ ਹੋਰ 40 ਦਿਨਾਂ ਦੀ ਪੈਰੋਲ ਦੀ ਚਰਚਾ ਹਾਲੇ ਮੁੱਕੀ ਨਹੀਂ ਸੀ ਕਿ ਮਈ 2026 ਵਿੱਚ 30 ਦਿਨਾਂ ਦੀ ਪੈਰੋਲ ਤੇ ਫੇਰ ਜੇਲ ਤੋਂ ਬਾਹਰ ਆ ਗਿਆ ਸਾਧ ਬਾਬਾ। ਹੁਣ ਤਾਜ਼ਾ ਤਰੀਨ 21 ਦਿਨਾਂ ਦੀ ਪੈਰੋਲ ਮਿਲਣ ਦੇ ਨਾਲ, ਰਾਮ ਰਹੀਮ ਨੂੰ ਹੁਣ 2020 ਤੋਂ ਅੱਜ ਤੱਕ 17 ਵਾਰ ਪੈਰੋਲ ਦਾ ਆਨੰਦ ਮਾਣ ਚੁੱਕਾ ਹੈ।

RELATED ARTICLES
POPULAR POSTS