Breaking News
Home / ਪੰਜਾਬ / ‘ਕੁੜਤੇ ਪਜਾਮੇ’ ਵਿੱਚ ਨਜ਼ਰ ਆਉਣਗੇ ਹੁਣ ਸ਼੍ਰੋਮਣੀ ਕਮੇਟੀ ਮੁਲਾਜ਼ਮ

‘ਕੁੜਤੇ ਪਜਾਮੇ’ ਵਿੱਚ ਨਜ਼ਰ ਆਉਣਗੇ ਹੁਣ ਸ਼੍ਰੋਮਣੀ ਕਮੇਟੀ ਮੁਲਾਜ਼ਮ

ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤੀਆਂ ਕੁਝ ਤਬਦੀਲੀਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ, ਹੋਰ ਅਦਾਰਿਆਂ ਅਤੇ ਗੁਰਦੁਆਰਿਆਂ ਵਿੱਚ ਸਿੱਖ ਸੰਸਥਾ ਦੇ ਕਰਮਚਾਰੀ ਹੁਣ ਰਵਾਇਤੀ ਪਹਿਰਾਵੇ ‘ਕੁੜਤੇ ਪਜਾਮੇ’ ਵਿੱਚ ਨਜ਼ਰ ਆਉਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ‘ਡਰੈੱਸ ਕੋਡ’ ਨੂੰ ਜਲਦੀ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਖਸੀਅਤਾਂ ਦੇ ਸਨਮਾਨ ਸਮੇਂ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਸੱਚਖੰਡ ਵਿੱਚ ਦਾਖਲ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪੁਰਾਤਨ ਤੇ ਰਵਾਇਤੀ ਪਹਿਰਾਵੇ ਕੁੜਤੇ ਪਜਾਮੇ ਵਿਚ ਹੀ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਵੱਲੋਂ ਇਹ ਪਹਿਰਾਵਾ ਤਿਆਗ ਦਿੱਤਾ ਗਿਆ ਹੈ। ਬਹੁਗਿਣਤੀ ਕਰਮਚਾਰੀ ਪੈਂਟ-ਕਮੀਜ਼, ਜੀਨ-ਟੀ ਸ਼ਰਟ ਅਤੇ ਪੈਂਟ-ਕੋਟ ਆਦਿ ਵਿਚ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਦਸਤਾਰਾਂ ਵੀ ਵੱਖ-ਵੱਖ ਰੰਗਾਂ ਦੀਆਂ ਸਜਾਈਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮਾਨ ਸੰਭਾਲਦਿਆਂ ਹੀ ਕੁਝ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਸਿੱਖ ਸੰਸਥਾ ਦੇ ਕਰਮਚਾਰੀਆਂ ਨੂੰ ਪੱਛਮੀ ਪਹਿਰਾਵਾ ਛੱਡ ਕੇ ਮੁੜ ਰਵਾਇਤੀ ਪਹਿਰਾਵਾ ਪਹਿਨਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀ ਕੁੜਤਾ ਪਜਾਮਾ ਪਾਉਣਗੇ ਤੇ ਉਸ ਦੇ ਉਪਰ ਦੀ ਸ੍ਰੀ ਸਾਹਿਬ ਪਹਿਨਣਗੇ। ਇਸ ਤਬਦੀਲੀ ਨੂੰ ਜਲਦੀ ਹੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਵੇਲੇ ਸਿਰੋਪਾਓ ਦੇ ਨਾਲ ਲੋਈ ਦੇਣ ਦਾ ਰੁਝਾਨ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਖ ਸੰਸਥਾ ਦੇ ਨਵੇਂ ਬਣੇ ਆਨਰੇਰੀ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਇਕ ਮੀਟਿੰਗ ਕੀਤੀ ਜਾ ਰਹੀ ਹੈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …