Home / ਪੰਜਾਬ / ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਤੀਜੇ ਦਿਨ ਵੀ ਕਾਂਗਰਸ ਵੱਲੋਂ ਜਬਰਦਸਤ ਹੰਗਾਮਾ

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਤੀਜੇ ਦਿਨ ਵੀ ਕਾਂਗਰਸ ਵੱਲੋਂ ਜਬਰਦਸਤ ਹੰਗਾਮਾ

ਰੌਲੇ-ਰੱਪੇ ਦੌਰਾਨ ਪਾਸ ਕੀਤੇ ਗਏ ਕਈ ਬਿਲ, ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਚੰਡੀਗੜ੍ਹ/ਬਿਊਰੋ ਨਿਊਜ : ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਦੌਰਾਨ ਵੀ ਕਾਂਗਰਸ ਪਾਰਟੀ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਵਿਰੋਧੀ ਧਿਰ ਦੇ ਵਿਧਾਇਕਾਂ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਗਈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਲੰਘੇ ਦਿਨੀਂ ਇਕ ਆਡੀਓ ਵਾਇਰਲ ਹੋਈ ਸੀ ਅਤੇ ਇਸ ਮਾਮਲੇ ਜਾਂਚ ਕਰਵਾਈ ਜਾਵੇ। ਇਸੇ ਰੌਲੇ-ਰੱਪੇ ਦੇ ਚਲਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਕੁੱਝ ਹੀ ਮਿੰਟਾਂ ’ਚ ਕਈ ਬਿਲ ਪਾਸ ਕਰ ਦਿੱਤੇ ਗਏ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੀਲੈਂਸ ਰਿਪੀਲ ਬਿਲ ਦਾ ਪ੍ਰਸਤਾਵ ਪੇਸ਼ ਕੀਤਾ ਗਿਆ,ਜਿਸ ਨੂੰ ਸਪੀਕਰ ਵੱਲੋਂ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਮਨ ਲੈਂਡ ਅਮੈਂਡਮਮੈਂਟ ਬਿਲ ਪੇਸ਼ ਕੀਤਾ ਗਿਆ ਅਤੇ ਇਸ ਨੂੰ ਵੀ ਸਪੀਕਰ ਵੱਲੋਂ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਦਨ ਅੰਦਰ ਗੁਡਸ ਸਰਵਿਸ ਟੈਕਸ ਬਿਲ ਪੇਸ਼ ਕੀਤਾ ਗਿਆ, ਜਿਸ ’ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਸਪੀਕਰ ਵੱਲੋਂ ਵਿਰੋਧੀ ਧਿਰ ਨੂੰ ਬਿਲਾਂ ਲਈ ਬਹਿਸ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਪ੍ਰੰਤੂ ਵਿਰੋਧੀ ਧਿਰ ਵੱਲੋਂ ਹੰਗਾਮਾ ਜਾਰੀ ਰੱਖਿਆ ਗਿਆ ਅਤੇ ਹੰਗਾਮੇ ਦੌਰਾਨ ਹੀ ਇਹ ਬਿਲ ਵੀ ਪਾਸ ਕਰ ਦਿੱਤਾ ਗਿਆ। ਹੰਗਾਮੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸਪੀਕਰ ਨੂੰ ਨਕਲੀ ਕਹਿੰਦੇ ਹਨ ਉਹ ਖੁਦ ਨਕਲੀ ਮੁੱਖ ਮੰਤਰੀ ਨਾਲ ਕੰਮ ਕਰਦੇ ਰਹੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਲਖੀ ਵਿਖਾਉਂਦੇ ਹੋਏ ਕਿਹਾ ਕਿ ਸਦਨ ਦਾ ਮਜ਼ਾਕ ਬਣਾਉਣ ਵਾਲਿਆਂ ਨੂੰ ਸਪੀਕਰ ਆਪਣੀ ਤਾਕਤ ਵਿਖਾਉਣ। ਕੈਬਨਿਟ ਮੰਤਰੀ ਧਾਲੀਵਾਲ ਨੇ ਵੀ ਵਿਰੋਧੀ ਧਿਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਨੂੰ ਸੋਮਵਾਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।

Check Also

5ਵੀਂ ਵਾਰ ਪੰਜਾਬ ਦੌਰੇ ’ਤੇ ਜਾਣਗੇ ਰਾਜਪਾਲ

ਮੈਂ ਰਾਜ ਭਵਨ ’ਚ ਬੈਠਣ ਵਾਲਾ ਰਾਜਪਾਲ ਨਹੀਂ : ਬੀ.ਐਲ. ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …