ਜਲੰਧਰ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਨਰਿੰਦਰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਕੈਂਪ ਲਗਾ ਰਹੇ ਹਨ। ਇਸਦੇ ਚੱਲਦਿਆਂ ਪੁਲਿਸ ਨੇ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਹਲਕਾ ਸ਼ਾਹਕੋਟ ਦੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਨੂੰ ਗਿ੍ਰਫਤਾਰ ਕਰ ਲਿਆ। ਭਾਜਪਾ ਵਰਕਰਾਂ ਵਲੋਂ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੱਸਣਯੋਗ ਹੈ ਕਿ ਕੇ.ਡੀ. ਭੰਡਾਰੀ ਅਤੇ ਰਾਣਾ ਹਰਦੀਪ ਸਿੰਘ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਵਲੋਂ ਰੂਪੇਵਾਲ ਦੀ ਦਾਣਾਮੰਡੀ ਵਿਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੈਂਪ ਲਗਾਇਆ ਗਿਆ ਸੀ ਅਤੇ ਉਥੋਂ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ। ਇਸਦੇ ਚੱਲਦਿਆਂ ਸਮੂਹ ਭਾਜਪਾ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।