Breaking News
Home / ਪੰਜਾਬ / ਜਥੇਦਾਰ ਟੌਹੜਾ ਦਾ ਦੋਹਤਾ ਕੰਵਰਵੀਰ ਸਿੰਘ ਅਤੇ ਅਰਵਿੰਦ ਖੰਨਾ ਭਾਜਪਾ ‘ਚ ਸ਼ਾਮਲ

ਜਥੇਦਾਰ ਟੌਹੜਾ ਦਾ ਦੋਹਤਾ ਕੰਵਰਵੀਰ ਸਿੰਘ ਅਤੇ ਅਰਵਿੰਦ ਖੰਨਾ ਭਾਜਪਾ ‘ਚ ਸ਼ਾਮਲ

ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਵੀ ਭਾਜਪਾ ‘ਚ ਕੀਤੀ ਸ਼ਮੂਲੀਅਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਵੱਲੋਂ ਸਿੱਖ ਚਿਹਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦਾ ਰੁਝਾਨ ਬੇਰੋਕ ਜਾਰੀ ਹੈ। ਭਾਜਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ, ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਭਾਜਪਾ ਦੇ ਪੰਜਾਬ ਤੋਂ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਨ੍ਹਾਂ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ਫਿਰੋਜ਼ਪੁਰ ਰੈਲੀ ਦਾ ਨਾ ਹੋਣਾ ਅਫਸੋਸਨਾਕ ਸੀ। ਉਨ੍ਹਾਂ ਕਿਹਾ ਕਿ 5 ਜਨਵਰੀ ਲਈ ਤਜਵੀਜ਼ਤ ਇਸ ਰੈਲੀ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਾਮਲ ਹੋਣਾ ਸੀ ਤੇ ਇਸ ਲਈ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਬੱਸਾਂ ਮੰਗਵਾਉਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਲੋਕ ਰੈਲੀ ਲਈ ਘਰੋਂ ਬਾਹਰ ਨਿਕਲੇ, ਪਰ ਰਾਜਸੀ ਕਾਰਕੁਨਾਂ, ਪੁਲਿਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਯਾਦਗਾਰ ‘ਤੇ ਵੀ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਨੂੰ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਤੋਂ ਮਹਿਰੂਮ ਕਰ ਦਿੱਤਾ ਗਿਆ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਲੈ ਕੇ ਫਿਕਰਮੰਦ ਹੈ। ਉਕਤ ਸਿੱਖ ਆਗੂਆਂ ਦੀ ਭਾਜਪਾ ‘ਚ ਸ਼ਮੂਲੀਅਤ ਪਿੱਛੇ ਮਨਜਿੰਦਰ ਸਿੰਘ ਸਿਰਸਾ ਦੀ ਵੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।
ਭਾਜਪਾ ਵਿੱਚ ਸ਼ਾਮਲ ਹੋਏ ਅਰਵਿੰਦ ਖੰਨਾ ਕਾਂਗਰਸ ਦੀ ਟਿਕਟ ‘ਤੇ ਦੋ ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਏ ਕੰਵਰਵੀਰ ਸਿੰਘ ਟੌਹੜਾ ਦੇ ਨਾਨਾ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਆਗੂ ਰਹੇ ਹਨ। ਉਹ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਰਹੇ।
ਭਾਜਪਾ ਵੱਲੋਂ ਪੰਥਕ ਪਰਿਵਾਰ ‘ਚ ਸੰਨ੍ਹ
ਸਿੱਖ ਚਿਹਰਿਆਂ ਨੂੰ ਨਾਲ ਰਲਾਉਣ ਦੀ ਕੜੀ ਵਜੋਂ ਭਾਜਪਾ ਪੰਜਾਬ ਦੇ ਪ੍ਰਮੁੱਖ ਪੰਥਕ ਪਰਿਵਾਰ ‘ਚ ਸੰਨ੍ਹ ਲਾਉਣ ‘ਚ ਸਫਲ ਹੋ ਗਈ ਹੈ। ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦਾ ਛੋਟਾ ਦੋਹਤਾ ਕੰਵਰਵੀਰ ਸਿੰਘ ਟੌਹੜਾ ਆਪਣੀ ਪਤਨੀ ਤੇ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਸਣੇ ਨਵੀਂ ਦਿੱਲੀ ‘ਚ ਇਕ ਸਮਾਗਮ ਦੌਰਾਨ ਭਾਜਪਾ ‘ਚ ਸ਼ਾਮਲ ਹੋ ਗਿਆ ਹੈ। ਕੰਵਰਵੀਰ ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਤੇ ਮਰਹੂਮ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਦਾ ਛੋਟਾ ਪੁੱਤਰ ਹੈ। ਐੱਮਬੀਏ ਤੇ ਕੰਪਿਊਟਰ ਇੰਜਨੀਅਰ ਕੰਵਰਵੀਰ ਟੌਹੜਾ ‘ਟੌਹੜਾ ਮੈਮੋਰੀਅਲ ਟਰੱਸਟ’ ਦਾ ਪ੍ਰਧਾਨ ਵੀ ਹੈ। ਡੇਢ ਕੁ ਮਹੀਨਾ ਪਹਿਲਾਂ ਉਸ ਦਾ ਵਿਆਹ ਫਿਲਮ ਅਦਾਕਾਰਾ ਮਹਿਰੀਨ ਕਾਲੇਕਾ ਨਾਲ ਹੋਇਆ ਹੈ। ਮਹਿਰੀਨ ਟਕਸਾਲੀ ਅਕਾਲੀ ਆਗੂ ਬੇਅੰਤ ਕੌਰ ਚਹਿਲ ਦੀ ਧੀ ਹੈ। ਉਂਜ ਕੰਵਰਵੀਰ ਟੌਹੜਾ ਦੀ ਹੁਣ ਤੱਕ ਅਕਾਲੀ ਦਲ ‘ਚ ਕੋਈ ਸਰਗਰਮੀ ਨਹੀਂ ਸੀ। ਇਸ ਤਰ੍ਹਾਂ ਉਸ ਨੇ ਭਾਜਪਾ ਦਾ ਹੱਥ ਫੜ ਕੇ ਰਾਜਨੀਤੀ ਦੇ ਖੇਤਰ ‘ਚ ਪੈਰ ਧਰਿਆ ਹੈ। ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਪਟਿਆਲਾ ਪਰਤੇ ਕੰਵਰਵੀਰ ਨੇ ਦੱਸਿਆ ਕਿ ਇਹ ਪਰਿਵਾਰ ਦਾ ਨਹੀਂ, ਬਲਕਿ ਉਨ੍ਹਾਂ ਦੋਵਾਂ ਜੀਆਂ ਦਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਵਿਰੋਧੀ ਨਹੀਂ ਹੈ, ਬਲਕਿ ਇਸ ਨੇ ਕਈ ਅਹਿਮ ਤੇ ਸਿੱਖ ਪੱਖੀ ਫੈਸਲੇ ਲਏ ਹਨ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …