Breaking News
Home / ਭਾਰਤ / 13 ਮਹੀਨੇ ਤੋਂ ਫਰਾਰ ਵਿਜੇ ਮਾਲਿਆ ਨੂੰ ਲੰਦਨ ‘ਚ ਕੀਤਾ ਗ੍ਰਿਫਤਾਰ

13 ਮਹੀਨੇ ਤੋਂ ਫਰਾਰ ਵਿਜੇ ਮਾਲਿਆ ਨੂੰ ਲੰਦਨ ‘ਚ ਕੀਤਾ ਗ੍ਰਿਫਤਾਰ

ਤਿੰਨ ਘੰਟਿਆਂ ਬਾਅਦ ਹੀ ਮਿਲ ਗਈ ਬੇਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਭਾਰਤ ਤੋਂ ਫਰਾਰ ਹੋਏ ਵਿਜੇ ਮਾਲਿਆ ਨੂੰ ਮੰਗਲਵਾਰ ਦੀ ਸਵੇਰ ਲੰਦਨ ਵਿਚ ਸਕਾਟਲੈਂਡ ਯਾਰਡ ਪੁਲਿਸ ਨੇ ਗ੍ਰਿਫਤਾਰ ਕੀਤਾ। ਵਿਜੇ ਮਾਲੀਆ ਖੁਦ ਸੈਂਟਰਲ ਲੰਦਨ ਪੁਲਿਸ ਸਟੇਸ਼ਨ ਪਹੁੰਚੇ ਸਨ। ਭਾਰਤ ਨੇ ਬੈਂਕਾਂ ਦੇ 9 ਹਜ਼ਾਰ ਕਰੋੜ ਦੇ ਕਰਜ਼ਦਾਰ ਮਾਲੀਆ ਨੂੰ ਭਾਰਤ ਹਵਾਲੇ ਕਰਨ ਦੀ ਯੂ.ਕੇ. ਨੂੰ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਇਹ ਕਾਰਵਾਈ ਹੋਈ। ਗ੍ਰਿਫਤਾਰ ਕੀਤੇ ਗਏ ਮਾਲਿਆ ਨੂੰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਇੰਝ 13 ਮਹੀਨਿਆਂ ਤੋਂ ਫਰਾਰ ਵਿਜੇ ਮਾਲਿਆ ਨੂੰ ਗ੍ਰਿਫਤਾਰੀ ਤੋਂ ਬਾਅਦ ਮਹਿਜ਼ ਤਿੰਨ ਘੰਟਿਆਂ ਵਿਚ ਹੀ ਬੇਲ ਮਿਲ ਗਈ। ਗ਼ੌਰਤਲਬ ਹੈ ਕਿ ਕੁਝ ਹਫ਼ਤੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਸੀ ਕਿ ਬਰਤਾਨੀਆ ਫੇਰੀ ਦੌਰਾਨ ਉਨ੍ਹਾਂ ਦੀ ਗੱਲਬਾਤ ਵਿੱਚ ਮਾਲਿਆ ਦੀ ਹਵਾਲਗੀ ਦਾ ਮਾਮਲਾ ਉਠਾਇਆ ਜਾਵੇਗਾ। ਸ਼ਰਾਬ ਦੇ 61 ਸਾਲਾ ਕਾਰੋਬਾਰੀ ਮਾਲਿਆ ਦੀ ਭਾਰਤ ਨੂੰ ਕਰਜ਼ਿਆਂ ਦੇ ਰੂਪ ਵਿੱਚ ਬੈਂਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਤਲਾਸ਼ ਹੈ। ਇਥੇ ਕੇਂਦਰੀ ਲੰਡਨ ਥਾਣੇ ਵਿੱਚ ਪੇਸ਼ ਹੋਣ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਫਿਰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਸਕਾਟਲੈਂਡ ਯਾਰਡ ਪੁਲਿਸ ਨੇ ਦੱਸਿਆ, ”ਮੈਟਰੋਪੌਲਿਟਨ ਪੁਲਿਸ ਦੀ ਹਵਾਲਗੀ ਇਕਾਈ ਦੇ ਅਫ਼ਸਰਾਂ ਨੇ ਹਵਾਲਗੀ ਵਾਰੰਟਾਂ ਦੇ ਆਧਾਰ ਉਤੇ ਇਸ ਨੂੰ ਗ੍ਰਿਫ਼ਤਾਰ ਕੀਤਾ। ਵਿਜੇ ਮਾਲਿਆ ਨੂੰ ਭਾਰਤੀ ਅਧਿਕਾਰੀਆਂ ਦੀ ਤਰਫ਼ੋਂ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ।”
ਉਸ ਨੂੰ ਕੇਂਦਰੀ ਲੰਡਨ ਦੇ ਇਕ ਪੁਲਿਸ ਥਾਣੇ ਵਿੱਚ ਹਾਜ਼ਰ ਹੋਣ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ।

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …