
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਰਤਾਨੀਆ ਦੀ ਹਵਾਈ ਫੌਜ ਵਿਚ ਸਿੱਖ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਜਥੇਦਾਰ ਨੇ ਕਿਹਾ ਕਿ ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਹੈ ਕਿ ਇਕ ਸਿੱਖ ਨੌਜਵਾਨ ਨੇ ਯੂ.ਕੇ. ਦੀ ਹਵਾਈ ਫੌਜ ਵਿਚ ਉੱਚ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਿਦੇਸ਼ ਵਿੱਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਨੇ ‘‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’’ ਦੇ ਸਿਧਾਂਤ ਉੱਤੇ ਚੱਲਦਿਆਂ ਅੱਜ ਦੁਨੀਆ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਅਤੇ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ, ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿੱਦਿਆ ਅਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ਉੱਤੇ ਪਹੁੰਚਣ।

