Breaking News
Home / ਸੰਪਾਦਕੀ / ਸੱਤਾ ਤਬਦੀਲ ਹੋਈ ਹੈ ਸਿਆਸਤ ਨਹੀਂ

ਸੱਤਾ ਤਬਦੀਲ ਹੋਈ ਹੈ ਸਿਆਸਤ ਨਹੀਂ

ਪੰਜਾਬ ‘ਚ ਸੱਤਾ ਤਬਦੀਲੀ ਹੋਈ ਨੂੰ ਲਗਭਗ ਇਕ ਮਹੀਨੇ ਤੋਂ ਉਪਰ ਸਮਾਂ ਹੋ ਚੁੱਕਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਅਮਨ-ਕਾਨੂੰਨ ਦੀ ਮਾੜੀ ਵਿਵਸਥਾ, ਹਕੂਮਤੀ ਧੱਕੇਸ਼ਾਹੀਆਂ, ਬਦਲਾਖੋਰੀ ਦੀ ਰਾਜਨੀਤੀ ਅਤੇ ਸੱਤਾ-ਹੰਕਾਰ ਆਦਿ ਮੁੱਖ ਮੁੱਦੇ ਰਹੇ ਹਨ, ਜਿਨ੍ਹਾਂ ਨੇ 10 ਸਾਲਾਂ ਦੇ ਵਕਫ਼ੇ ਤੋਂ ਬਾਅਦ ਅਕਾਲੀ-ਭਾਜਪਾ ਤੋਂ ਤਖ਼ਤ ਤੋਂ ਲਾਂਭੇ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਮਤਦਾਨ ਰਾਹੀਂ ਨਵੀਂ ਚੁਣੀ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਵਿਗੜੇ ਸਿਆਸੀ ਤਾਣੇ-ਬਾਣੇ ਨੂੰ ਸੁਧਾਰ ਕੇ ਪੰਜਾਬ ਨੂੰ ਇਕ ਨਵਾਂ-ਨਰੋਆ ਅਤੇ ਸੁਰੱਖਿਅਤ ਵਾਤਾਵਰਨ ਦੇਣ ਦੀਆਂ ਉਮੀਦਾਂ ਸਨ ਪਰ ਪਿਛਲੇ ਦਿਨਾਂ ਦੌਰਾਨ ਉਪਰੋਥਲੀ ਵਾਪਰੇ ਘਟਨਾਕ੍ਰਮਾਂ ਨੇ ਪੰਜਾਬ ਵਾਸੀਆਂ ਨੂੰ ਇਹ ਜਚਾ ਦਿੱਤਾ ਹੈ ਕਿ ਬੇਸ਼ੱਕ ਸੱਤਾ ਤਬਦੀਲੀ ਹੋ ਗਈ ਹੈ ਪਰ ਪੰਜਾਬ ਵਾਸੀਆਂ ਨੂੰ ਖੌਫ਼ ਤੇ ਧੌਂਸ ਦੀ ਰਾਜਨੀਤੀ ਤੋਂ ਅਜੇ ਨਿਜ਼ਾਤ ਨਹੀਂ ਮਿਲ ਸਕੀ।
ਪਹਿਲੀ ਘਟਨਾ ਅਨੁਸਾਰ ਪਿਛਲੇ ਦਿਨੀਂ ਪੰਜਾਬ ਦੇ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਨਾਭਾ ਦੇ ਸਰਕਾਰੀ ਸਕੂਲ ਦੀ ਕਿਸੇ ਦਾਨਸ਼ਵਰ ਵਲੋਂ ਬਣਵਾਈ ਗਈ ਇਮਾਰਤ ਦੇ ਉਦਘਾਟਨ ਵੇਲੇ ਨੀਂਹ ਪੱਥਰ ‘ਤੇ ਆਪਣਾ ਨਾਂਅ ਤੀਜੇ ਨੰਬਰ ‘ਤੇ ਲਿਖੇ ਜਾਣ ‘ਤੇ ਉਥੇ ਮੀਡੀਆ ਦੀ ਹਾਜ਼ਰੀ ‘ਚ ਸਕੂਲ ਦੀ ਔਰਤ ਪ੍ਰਿੰਸੀਪਲ ਨੂੰ ਨੌਕਰੀ ਤੋਂ ‘ਮੁਅੱਤਲ’ ਕਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਚਰਚਾ ‘ਚ ਰਿਹਾ। ਹਾਲਾਂਕਿ ਮੀਡੀਆ ਨਾਲ ਰਸਮੀ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਧਰਮਸੋਤ ਅਜਿਹੀਆਂ ਧਮਕੀਆਂ ਦੇਣ ਦੀ ਘਟਨਾ ਤੋਂ ਸਾਫ਼ ਮੁੱਕਰ ਗਏ, ਜਦੋਂਕਿ ਘਟਨਾ ਦੀ ਵੀਡੀਓ ਕਲਿਪ ਇੰਟਰਨੈੱਟ ‘ਤੇ ਖੂਬ ਵਾਇਰਲ ਹੋਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਤੋਂ ਬਾਅਦ ਤਿੱਖੀ ਜਨ-ਪ੍ਰਤੀਕਿਰਿਆ ਨੂੰ ਦੇਖਦਿਆਂ ਸਰਕਾਰੀ ਹੁਕਮ ਜਾਰੀ ਕਰਕੇ ਅੱਗੇ ਤੋਂ ਕਿਸੇ ਵੀ ਉਦਘਾਟਨ ਜਾਂ ਨੀਂਹ ਪੱਥਰ ‘ਤੇ ਮੁੱਖ ਮੰਤਰੀ ਸਣੇ ਕਿਸੇ ਵੀ ਮੰਤਰੀ, ਵਿਧਾਇਕ ਦਾ ਨਾਂਅ ਲਿਖਣ ਦੀ ਪ੍ਰਥਾ ਬੰਦ ਕਰਨ ਦਾ ਫ਼ੈਸਲਾ ਕਰਕੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ। ਦੂਜੀ ਘਟਨਾ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਇਕ ਜਨਤਕ ਸਮਾਗਮ ਦੌਰਾਨ ਸਟੇਜ ਤੋਂ ਪੁਲਿਸ ਅਧਿਕਾਰੀਆਂ ਨੂੰ ਥਾਣਿਆਂ ਅੰਦਰ ਕਾਂਗਰਸੀ ਵਰਕਰਾਂ ਦੀ ਆਓ-ਭਗਤ ਨਾ ਹੋਣ ਦੀ ਸੂਰਤ ‘ਚ ਪੁਲਿਸ ਅਫ਼ਸਰਾਂ ਨੂੰ ਹੀ ਅਪਰਾਧੀਆਂ ਵਾਂਗ ‘ਲੰਮੇ’ ਪਾਉਣ ਦੀ ਠੇਠ ਧਮਕੀ ਦੇ ਦਿੱਤੀ ਗਈ। ਇਸ ਘਟਨਾ ਨੇ ਪੰਜਾਬ ਵਾਸੀਆਂ ਨੂੰ ਸ਼ਾਇਦ ਇਸ ਭਰਮ ਵਿਚੋਂ ਕੱਢ ਦਿੱਤਾ ਹੋਵੇਗਾ ਕਿ ਸੱਤਾ ਤਬਦੀਲੀ ਤੋਂ ਬਾਅਦ ਸ਼ਾਇਦ ਦਹਿਸ਼ਤ ਦੀ ਰਾਜਨੀਤੀ ਤੋਂ ਲੋਕਾਂ ਨੂੰ ਨਿਜ਼ਾਤ ਮਿਲੇਗੀ।
ਲੋਕ ਹਿੱਤਾਂ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਭਾਰਤੀ ਰਾਜਨੀਤੀ ਨੇ ਆਪਣੇ ਸੌੜੇ ਹਿੱਤਾਂ ਲਈ ਸਮਾਜਿਕ ਤਾਣੇ-ਬਾਣੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਬੁਰੀ ਤਰ੍ਹਾਂ ਵਲੂੰਧਰ ਕੇ ਰੱਖ ਦਿੱਤਾ ਹੈ। ਪਿੰਡਾਂ, ਸ਼ਹਿਰਾਂ ‘ਚ ਸਮਾਜਿਕ ਭਾਈਚਾਰਾ, ਸਾਕ-ਸਕੀਰੀਆਂ ਅਤੇ ਭਰਾ-ਭਰਾਤਰੀ ਦੀਆਂ ਸੱਭਿਅਕ ਰੀਤਾਂ ਜਿਵੇਂ ਖੰਭ ਲਾ ਕੇ ਉਡ ਗਈਆਂ ਹੋਣ। ਸਿਆਸਤ ਨੇ ਸਮਾਜ ‘ਚ ਨਫ਼ਰਤ ਦਾ ਛਿੱਟਾ ਬੜੀ ਕਾਮਯਾਬੀ ਨਾਲ ਦਿੱਤਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ‘ਚ ਤਾਂ ਪੰਜਾਬ ਦੇ ਲੋਕ ਇਸ ਦਹਿਸ਼ਤ ਦੀ ਰਾਜਨੀਤੀ ਤੋਂ ਬੁਰੀ ਤਰ੍ਹਾਂ ਭੈ-ਭੀਤ ਹੋ ਕੇ ਰਹਿ ਗਏ ਸਨ। ਪੁਲਿਸਤੰਤਰ ਨੇ ਅਮਨ-ਕਾਨੂੰਨ ਤਾਂ ਕੀ ਕਾਇਮ ਕਰਨਾ ਸੀ, ਸਗੋਂ ਪੁਲਿਸ ਸਰਕਾਰ ਦੀ ਬਦਲਾਖੋਰੀ ਦੀ ਮਸ਼ੀਨਰੀ ਬਣ ਕੇ ਰਹਿ ਗਈ ਸੀ। ਵਿਰੋਧੀ ਸਿਆਸੀ ਵਿਚਾਰਾਂ ਵਾਲਿਆਂ ‘ਤੇ ਝੂਠੇ ਪੁਲਿਸ ਮੁਕੱਦਮੇ ਅਤੇ ਹਿੰਸਾ ਦਾ ਤਾਂਡਵ ਖੂਬ ਚੱਲਿਆ। ਸੱਤਾ ਤਬਦੀਲੀ ‘ਤੇ ਪੰਜਾਬ ਵਾਸੀਆਂ ਨੂੰ ਸਿਆਸੀ ਬਦਲਾਖੋਰੀ ਅਤੇ ਪੁਲਿਸ ਦੀ ਸਿਆਸੀ ਮੁਤਹਿਤੀ ਤੋਂ ਮੁਕਤੀ ਮਿਲਣ ਦੀ ਆਸ ਸੀ ਪਰ ਉਪਰੋਕਤ ਘਟਨਾ ਨੇ ਦਰਸਾ ਦਿੱਤਾ ਕਿ ਸੱਤਾ ‘ਚ ਪਾਰਟੀ ਹੀ ਬਦਲੀ ਹੈ, ਮਾਨਸਿਕਤਾ ਨਹੀਂ। ਤੀਜੀ ਘਟਨਾ ਅਨੁਸਾਰ ਟਾਂਡਾ ਉੜਮੁੜ ਤੋਂ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲਚੀਆਂ ਵਲੋਂ ਕਿਸੇ ਅਖ਼ਬਾਰ ਵਿਚ ਛਪੀ ਇਕ ਖ਼ਬਰ ਤੋਂ ਨਾਖੁਸ਼ ਹੋ ਕੇ ਪੱਤਰਕਾਰ ਨੂੰ ਧਮਕਾਉਣ ਦਾ ਮਾਮਲਾ, ਉਸ ਤੋਂ ਬਾਅਦ ਗਿੱਦੜਬਾਹਾ ‘ਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਨਜ਼ਦੀਕੀ ਕਾਂਗਰਸੀ ਆਗੂਆਂ ਵਲੋਂ ਇਕ ਪੱਤਰਕਾਰ ‘ਤੇ ਹਮਲਾ ਕਰਕੇ ਅਣਮਨੁੱਖੀ ਤਸ਼ੱਦਦ ਕਰਨ ਅਤੇ ਰਾਜਾ ਵੜਿੰਗ ਦੇ ਹੀ ਇਕ ਖ਼ਾਸਮ-ਖ਼ਾਸ ਕਾਂਗਰਸੀ ਤੋਂ ਤੰਗ ਆ ਕੇ ਗਿੱਦੜਬਾਹਾ ‘ਚ ਇਕ ਸਬਜ਼ੀ ਵਿਕਰੇਤਾ ਰੇਹੜੀ ਵਾਲੇ ਵਲੋਂ ਆਤਮਦਾਹ ਕਰਨ ਦੀਆਂ ਘਟਨਾਵਾਂ ਜ਼ਿਕਰਯੋਗ ਹਨ। ਇਹ ਸਾਰਾ ਵਰਤਾਰਾ ਸਾਡੇ ਸਮਿਆਂ ਦੇ ਰਾਜਨੀਤਕ ਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀ ਨਿਸ਼ਾਨਦੇਹੀ ਕਰਵਾਉਂਦਾ ਹੈ।
ਕਿਸੇ ਸੱਭਿਅਕ ਸਮਾਜ ਤੇ ਚੰਗੇ ਲੋਕਤੰਤਰ ਵਿਚ ਰਾਜਨੀਤਕ ਆਗੂਆਂ ਤੋਂ ਅਜਿਹੇ ਵਿਹਾਰ ਦੀ ਉਮੀਦ ਕਤਈ ਨਹੀਂ ਕੀਤੀ ਜਾ ਸਕਦੀ ਕਿ ਜਿਸ ਨਾਲ ਸਮਾਜ ਤੇ ਤਹਿਜ਼ੀਬ ਨੂੰ ਸ਼ਰਮਸਾਰ ਹੋਣਾ ਪਵੇ। ਸਿਆਸਤਦਾਨ ਦਾ ਇਖਲਾਕ ਬਹੁਤ ਉਚਾ-ਸੁੱਚਾ, ਸਮਾਜਿਕ ਵਿਹਾਰ ਦਰਵੇਸ਼ਾਂ ਜੇਹਾ ਤੇ ਮਾਨਸਿਕਤਾ ਨਿਰਮਲ ਹੋਣੀ ਚਾਹੀਦੀ ਹੈ। ‘ਸੱਤਾ’ ਦਾ ਸੁੱਖ ਮਾਨਣਾ ਤਾਂ ਸੌਖਾ ਹੈ ਪਰ ਸੱਤਾ ਦੇ ‘ਰੱਬ ਵਰਗੇ’ ਫ਼ਰਜ਼ ਨਿਭਾਉਣਾ ਬਹੁਤ ਔਖਾ ਹੈ। ਰਾਜ ਧਰਮ ਦੀ ਮਰਿਆਦਾ ਇਹ ਸਿਖਾਉਂਦੀ ਹੈ ਕਿ ਰਾਜਸੱਤਾ ‘ਤੇ ਬੈਠੇ ਹਾਕਮ ਦੇ ਹੱਥ ਵਿਚ ਤੱਕੜੀ ਤੇ ਦਿਲ ਵਿਚ ਰੱਬ ਹੋਵੇ। ਉਸ ਦਾ ਕਾਨੂੰਨ ਸਾਰਿਆਂ ਲਈ ਇਕ ਹੋਵੇ ਤੇ ਉਸ ਦੀ ਅੱਖ ਸਾਰਿਆਂ ਨੂੰ ਇਕ ਕਰਕੇ ਦੇਖੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਪਵਿੱਤਰ ਫ਼ੁਰਮਾਨ ਹੈ, ”ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ” ਭਾਵ ਕਿ ਜੇਕਰ ਆਗੂ ਹੀ ਅੰਨ੍ਹਾ ਹੋਵੇ ਤਾਂ ਲੋਕਾਂ ਨੂੰ ਸਹੀ ਰਸਤਾ ਕਿਵੇਂ ਲੱਭ ਸਕਦਾ ਹੈ? ਸਾਡੀ ਇਹ ਮਨੁੱਖੀ ਦੁਨੀਆ ਇਕ ‘ਪਿੰਡ’ ਦੀ ਨਿਆਈਂ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਦੇ ਆਪਣੀ ਸੱਭਿਅਤਾ ਦੇ ਵਿਕਾਸ ਦੌਰਾਨ ਸੁਹਜ ਤੇ ਸਮਝ ਨੂੰ ਵੀ ਨਿਖਾਰਿਆ ਹੈ। ਲਿੰਗ, ਜਾਤ-ਪਾਤ, ਊਚ-ਨੀਚ, ਅਮੀਰੀ ਤੇ ਗਰੀਬੀ ਦਾ ਪਾੜਾ ਖ਼ਤਮ ਕਰਕੇ ਅਜਿਹੇ ਸਮਾਜ ਦੀ ਸਿਰਜਣਾ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਹਰੇਕ ਦਾ ਆਤਮ-ਸਨਮਾਨ ਕਾਇਮ ਰਹੇ ਅਤੇ ਮਨੁੱਖੀ ਅਧਿਕਾਰਾਂ ਦੀ ਬਿਹਤਰੀਨ ਰਖਵਾਲੀ ਹੋਵੇ। ਇਨ੍ਹਾਂ ਹੀ ਚੰਗੇ ਉਦੇਸ਼ਾਂ ਵਾਲੇ ਆਦਰਸ਼ਕ ਸਮਾਜ ਦੀ ਸਿਰਜਣਾ ਲਈ ਸਮੇਂ-ਸਮੇਂ ਸਾਡੇ ਅਵਤਾਰ, ਰਿਸ਼ੀ-ਮੁੰਨੀ, ਗੁਰੂ, ਭਗਤ ਤੇ ਪੀਰ ਦੁਨੀਆ ਰੂਪੀ ਪਿੰਡ ‘ਤੇ ਆਏ ਹਨ। ਪਰ ਰਾਜਸੱਤਾ ‘ਤੇ ਕਾਬਜ਼ ਅਣਮਨੁੱਖੀ ਪ੍ਰਵਿਰਤੀ ਦੇ ਮਾਲਕ ਸਮੇਂ-ਸਮੇਂ ਦੇ ਤਾਨਾਸ਼ਾਹ ਹਾਕਮਾਂ ਨੇ ਸੱਤਾ ਦੇ ਗਰੂਰ ‘ਚ ਅੰਨ੍ਹੇ ਹੋ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਅਤੇ ਜ਼ਰ, ਜ਼ੋਰੂ ਤੇ ਜ਼ਮੀਨ ‘ਤੇ ਕਬਜ਼ੇ ਜਮਾਉਣ ‘ਚ ਕੋਈ ਕਸਰ ਨਹੀਂ ਛੱਡੀ। ਬੇਸ਼ੱਕ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਾਉਂਦਾ ਹੈ ਪਰ ਆਜ਼ਾਦੀ ਤੋਂ ਪੌਣੀ ਸਦੀ ਬਾਅਦ ਵੀ ਭਾਰਤ ਵਿਚ ਲੋਕਤੰਤਰੀ ਹਾਕਮਾਂ ਦੀ ਮਾਨਸਿਕਤਾ ਅੰਦਰ ਅਜੇ ਤੱਕ ਤਾਨਾਸ਼ਾਹਾਂ ਵਾਲਾ ਹੰਕਾਰ ਤੇ ਹੈਵਾਨ ਹੀ ਵੱਸਿਆ ਹੋਇਆ ਹੈ। ਜਿਸ ਕਰਕੇ ਹੀ ਉਪਰਲੀਆਂ ਘਟਨਾਵਾਂ ਵਰਗੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ ਤੇ ਪਰਜਾ ਦਾ ਸਵੈਮਾਣ, ਇੱਜ਼ਤ ਅਤੇ ਮਾਨਵੀ ਅਧਿਕਾਰ ਹਾਕਮ ਸ਼੍ਰੇਣੀ ਦੇ ਅਹਿਲਕਾਰਾਂ ਦੀਆਂ ਹੰਕਾਰ ਰੂਪੀ ਜੁੱਤੀਆਂ ਹੇਠਾਂ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਜਦੋਂ ਤੱਕ ਹਉਮੈ ‘ਚ ਅੰਨ੍ਹੇ ਹੋਏ ਆਗੂ ਇਖ਼ਲਾਕਹੀਣਤਾ ਦਾ ਮੁਜ਼ਾਹਰਾ ਕਰਦੇ ਰਹਿਣਗੇ, ਉਦੋਂ ਤੱਕ ਭਾਰਤੀ ਸਮਾਜ ਨੂੰ  ਵਧੇਰੇ ਸੱਭਿਅਕਤਾ, ਨੈਤਿਕਤਾ ਤੇ ਸੁਹਜ ਦਾ ਪਾਠ ਪੜ੍ਹਾਉਣ ਦੀਆਂ ਗੱਲਾਂ ਨਿਰੀਆਂ ਖਿਆਲੀ ਪੁਲਾਓ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …