
ਨਿਤਿਨ ਨਬੀਨ ਦੀ ਨਵੀਂ ਟੀਮ ਵਿਚ ਵਸੁੰਧਰਾ ਤੇ ਸਮ੍ਰਿਤੀ ਵੀ ਸ਼ਾਮਿਲ
ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਿੱਚ ਖ਼ਾਸ ਤਬਦੀਲੀ
ਅਮਰਜੀਤ ਸਿੰਘ
ਦਿੱਲੀ/ਚੰਡੀਗੜ੍ਹ, 17 ਅਗਸਤ, 2026
ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਾਰਜਕਾਰਿਣੀ ਵਿੱਚ ਜਿਸ ਤਬਦੀਲੀ ਦੀ ਗੱਲ ਕੁੱਝ ਚਿਰ ਤੋਂ ਚੱਲ ਰਹੀ ਸੀ ਅੱਜ ਸੋਮਵਾਰ ਨੂੰ ਉਸਦਾ ਖੁਲਾਸਾ ਹੋ ਗਿਆ ਹੈ। ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ, ਅੱਜ ਉਹਨਾਂ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਟੀਮ ਵਿੱਚ ਕੌਮੀ ਉਪ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕੁੱਝ ਸੀਨੀਅਰ ਅਤੇ ਤਜੁਰਬੇਕਾਰ ਨੇਤਾਵਾਂ ਨੂੰ ਸਾਹਮਣੇ ਲਿਆਉਣ ਦਾ ਮਤਲਬ ਹੈ ਕਿ ਪਾਰਟੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।
ਸੋਮਵਾਰ ਨੂੰ ਪਾਰਟੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਰਾਸ਼ਟਰੀ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਬਣਾਈ ਗਈ ਟੀਮ ਵਿੱਚ 13 ਰਾਸ਼ਟਰੀ ਉਪ-ਪ੍ਰਧਾਨ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ, ਆਰਐਸਐਸ ਦੇ ਸੀਨੀਅਰ ਨੇਤਾ ਰਾਮ ਮਾਧਵ, ਡੀ ਪੁਰੰਦੇਸ਼ਵਰੀ, ਭਾਰਤੀ ਪਵਾਰ ਅਤੇ ਤਾਰਿਕ ਮਨਸੂਰ ਦੇ ਨਾਂਅ ਸ਼ਾਮਲ ਹਨ।
ਕਾਫੀ ਦੇਰ ਤੋਂ ਪਾਰਟੀ ਵਿੱਚ ਇੱਕ ਤਰਫ ਕੀਤੀ ਗਈ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਵੀ ਦਿਨ ਫਿਰ ਗਏ ਲਗਦੇ ਹਨ, ਉਹਨਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾ ਦਿੱਤਾ ਗਿਆ ਹੈ। ਕੁੱਲ ਮਿਲਾਕੇ ਅੱਠ ਜਨਰਲ ਸਕੱਤਰ ਬਣਾਏ ਗਏ ਹਨ ਜਿਹਨਾਂ ਵਿੱਚ ਬਿਪਲਬ ਦੇਬ, ਸੁਨੀਲ ਬਾਂਸਲ, ਸਤੀਸ਼ ਪੂਨੀਆ, ਸੰਜੇ ਭਾਟੀਆ,ਗਜੇਂਦਰ ਪਟੇਲ, ਹਰੀਸ਼ ਦਿਵੇਦੀ ਅਤੇ ਵਿਨੋਦ ਤਾਵੜੇ ਸ਼ਾਮਲ ਹਨ।
ਇਹ ਗੱਲ ਵੇਖਣ ਵਾਲੀ ਹੈ ਕਿ ਆਰਐਸਐਸ ਦੇ ਤਜਰਬੇਕਾਰ ਨੇਤਾਵਾਂ ਨੂੰ ਪਹਿਲਾਂ ਵਾਂਗ ਹੀ ਪਹਿਲ ਦਿੱਤੀ ਗਈ ਹੈ ਤੇ ਬੀਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਵਜੋਂ ਬਰਕਰਾਰ ਰੱਖਿਆ ਗਿਆ ਹੈ। ਨਾਲ ਹੀ ਸ਼ਿਵਪ੍ਰਕਾਸ਼ ਅਤੇ ਸੌਦਾਨ ਸਿੰਘ ਨੂੰ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਵਜੋਂ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਦੀ ਕੇਂਦਰੀ ਕਾਰਕਾਰਨੀ ਨੇ ਇੱਕ ਮਹੱਤਵਪੂਰਨ ਤਬਦੀਲੀ ਕਰਦਿਆਂ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਖਜ਼ਾਨਚੀ ਵਜੋਂ ਨਿਯੁਕਤ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਹੁਣ ਉਹਨਾਂ ਕੋਲ ਦੋ ਜਿੰਮੇਦਾਰੀਆਂ ਹੋਣਗੀਆਂ। ਪ੍ਰੰਤੂ ਭਾਜਪਾ ਦਾ ਇਹ ਕਦਮ ਉਸਦੇ ਆਪਣੇ ਬਣਾਏ ਗਏ “ਇੱਕ ਆਦਮੀ, ਇੱਕ ਅਹੁਦਾ” ਸਿਧਾਂਤ ਨੂੰ ਚੈਲੇਂਜ ਕਰਦਾ ਹੈ, ਵੇਖਣਾ ਇਹ ਹੋਵੇਗਾ ਕਿ ਗੋਇਲ ਕੇਂਦਰੀ ਮੰਤਰੀ ਮੰਡਲ ਵਿੱਚ ਬਣੇ ਰਹਿਣਗੇ ਜਾਂ ਨਹੀਂ । ਸਵਾਲ ਤਾਂ ਖੜਾ ਹੋ ਹੀ ਗਿਆ ਹੈ, ਜਵਾਬ ਦਾ ਇੰਤਜ਼ਾਰ ਰਹੇਗਾ।
ਖ਼ਾਸ ਗੱਲ ਇਹ ਹੈ ਕਿ ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਪਹਿਲਾਂ ਵਾਂਗ ਪਾਰਟੀ ਦੇ ਮੀਡੀਆ ਮੁਖੀ ਬਣੇ ਰਹਿਣਗੇ। ਇੱਕ ਹੋਰ ਸੰਗਠਨਾਤਮਕ ਤਬਦੀਲੀ ਵਿੱਚ, ਪੰਜਾਬ ਭਾਜਪਾ ਦੇ ਵੱਡੇ ਨੇਤਾ ਤਰੁਣ ਚੁੱਘ ਨੂੰ ਜਨਰਲ ਸਕੱਤਰਾਂ ਦੀ ਸੂਚੀ ਵਿੱਚੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ। ਜਨਰਲ ਸਕੱਤਰ ਅਰੁਣ ਸਿੰਘ, ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਨਵੀਂ ਟੀਮ ਵਿੱਚ ਥਾਂ ਨਹੀਂ ਮਿਲੀ ਹੈ।
ਚੇਤੇ ਰਹੇ ਕਿ ਅਗਲੇ ਸਾਲ ਕੁੱਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਹ ਸੂਬੇ ਹਨ ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ। ਇਸ ਲਈ ਇਸ ਫੇਰਬਦਲ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਵੀਂ ਟੀਮ ਵਿੱਚ ਲਏ ਗਏ ਅਹੁਦੇਦਾਰ ਇਨ੍ਹਾਂ ਚੋਣਾਂ ਵਾਲੇ ਰਾਜਾਂ ਦੀ ਪ੍ਰਤਿਨਿਧਿਤਾ ਕਰਦੇ ਹਨ, ਪਾਰਟੀ ਨੂੰ ਇਹਨਾਂ ਤੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਕਾਰਕੁਨਾਂ ਨੂੰ ਲਾਮਬੰਦ ਕਰਨ ਦੀ ਉਮੀਦ ਕਰਦੀ ਹੈ। ਖ਼ਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਜੋ ਕਾਫੀ ਅਰਸੇ ਤੋਂ ਪੰਜਾਬ ਤੋਂ ਲੱਗਭਗ ਦੂਰ ਹੀ ਸਨ, ਨੂੰ ਇੱਕ ਵੱਡੀ ਜਿੰਮੇਦਾਰੀ ਦੇ ਕੇ ਪਾਰਟੀ ਨੇ ਉਹਨਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ ।

