-10.7 C
Toronto
Monday, December 15, 2025
spot_img
Homeਪੰਜਾਬਕਾਂਗਰਸ ਪਾਰਟੀ ਨੇ ਪੰਜਾਬ 'ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਕਾਂਗਰਸ ਪਾਰਟੀ ਨੇ ਪੰਜਾਬ ‘ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਤੇ ਸੰਗਰੂਰ ਤੋਂ ਖਹਿਰਾ ਨੂੰ ਦਿੱਤੀ ਟਿਕਟ
ਚੰਡੀਗੜ੍ਹ : ਕਾਂਗਰਸ ਪਾਰਟੀ ਦੀ ਕੇਂਦਰੀ ਇਲੈਕਸ਼ਨ ਕਮੇਟੀ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਕਰੀਨਿੰਗ ਕਮੇਟੀ ਨੇ ਪਹਿਲੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਮਗਰੋਂ ਕਮੇਟੀ ਨੂੰ ਨਾਵਾਂ ਸਬੰਧੀ ਸਿਫ਼ਾਰਸ਼ ਭੇਜ ਦਿੱਤੀ ਸੀ। ਕਾਂਗਰਸ ਨੇ ਐਤਕੀਂ ਚੋਣ ਪਿੜ ਵਿਚ ਦੋ ਮੌਜੂਦਾ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ) ਤੇ ਅਮਰ ਸਿੰਘ (ਫਤਹਿਗੜ੍ਹ ਸਾਹਿਬ) ਨੂੰ ਮੁੜ ਉਤਾਰਿਆ ਹੈ ਜਦੋਂ ਕਿ ਚਾਰ ਸੀਟਾਂ ‘ਤੇ ਚਰਨਜੀਤ ਸਿੰਘ ਚੰਨੀ (ਜਲੰਧਰ ਰਾਖਵੀਂ), ਮੌਜੂਦਾ ਵਿਧਾਇਕ ਸੁਖਪਾਲ ਖਹਿਰਾ (ਸੰਗਰੂਰ), ਜੀਤਮਹਿੰਦਰ ਸਿੰਘ ਸਿੱਧੂ (ਬਠਿੰਡਾ) ਤੇ ਡਾ. ਧਰਮਵੀਰ ਗਾਂਧੀ (ਪਟਿਆਲਾ) ਨਵੇਂ ਚਿਹਰੇ ਉਤਾਰੇ ਹਨ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਹਿਲੀ ਸੂਚੀ ਹਲੂਣਾ ਦੇਣ ਵਾਲੀ ਹੈ ਕਿਉਂਕਿ ਬਠਿੰਡਾ ਹਲਕੇ ਤੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦਾਅਵੇਦਾਰ ਸੀ। ਕੇਂਦਰੀ ਚੋਣ ਕਮੇਟੀ ਵੱਲੋਂ ਜਾਰੀ ਸੂਚੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਉਤਾਰਿਆ ਗਿਆ ਹੈ ਜਦੋਂ ਕਿ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਅਤੇ ਅਮਰ ਸਿੰਘ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ।
ਇਸੇ ਤਰ੍ਹਾਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਚੰਨੀ ਪਹਿਲਾਂ ਹੀ ਜਲੰਧਰ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਟਿਕਟ ਲੈਣ ਵਿਚ ਕਾਮਯਾਬ ਹੋਏ ਹਨ, ਜਿਨ੍ਹਾਂ ਨੇ 11 ਮਾਰਚ 2017 ਨੂੰ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਜਿੱਤੀ ਸੀ ਅਤੇ ਮੁੜ 2019 ਵਿਚ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਹਰਾਇਆ ਸੀ।
ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਬਾਜ਼ੀ ਮਾਰ ਗਏ ਹਨ ਜੋ ਸਿਆਸਤ ਦੀ ਸ਼ੁਰੂਆਤ ਵਿਚ ਤਲਵੰਡੀ ਸਾਬੋ ਤੋਂ ਚੋਣ ਹਾਰ ਗਏ ਸਨ ਅਤੇ 2002 ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸਨ। ਕਾਂਗਰਸੀ ਟਿਕਟ ‘ਤੇ ਉਨ੍ਹਾਂ ਨੇ 2007 ਅਤੇ 2012 ਦੀ ਚੋਣ ਜਿੱਤੀ। 2014 ਵਿਚ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਸਾਲ 2014 ਵਿਚ ਅਕਾਲੀ ਦਲ ਤਰਫ਼ੋਂ ਚੋਣ ਜਿੱਤੀ। ਸਿੱਧੂ ਨੇ ਪਿਛਲੇ ਸਾਲ 13 ਅਕਤੂਬਰ ਨੂੰ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ।
ਕਾਂਗਰਸ ਨੇ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਜਿਸ ਨਾਲ ਸੰਗਰੂਰ ਦੀ ਸੀਟ ਦਿਲਚਸਪ ਬਣ ਗਈ ਹੈ। ਪਟਿਆਲਾ ਹਲਕੇ ਤੋਂ ਡਾ.ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਅਤੇ ਡਾ. ਗਾਂਧੀ ਨੇ ਪਹਿਲੀ ਦਫ਼ਾ 2014 ਵਿਚ ‘ਆਪ’ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ 2018 ਵਿਚ ‘ਆਪ’ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਦੂਸਰੀ ਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ।

 

 

RELATED ARTICLES
POPULAR POSTS