
ਹੁਸ਼ਿਆਰਪੁਰ ’ਚ ਵੀ ਇਕ ਕਾਰੋਬਾਰੀ ਦੇ ਘਰ ਈਡੀ ਦੀ ਛਾਪੇਮਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀ.ਐਸ.ਸੀ.ਐਲ.) ਅਤੇ ਚੰਡੀਗੜ੍ਹ ਨਗਰ ਨਿਗਮ ਦੇ ਬੈਂਕ ਖਾਤਿਆਂ ਤੋਂ ਪੈਸਿਆਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਅੱਜ ਵੀਰਵਾਰ ਨੂੰ ਚੰਡੀਗੜ੍ਹ ਅਤੇ ਲੁਧਿਆਣਾ ਦੇ ਕੁੱਲ 5 ਟਿਕਾਣਿਆਂ ’ਤੇ ਇਕੱਠੀ ਛਾਪੇਮਾਰੀ ਕੀਤੀ। ਜਿਨ੍ਹਾਂ ਟਿਕਾਣਿਆਂ ’ਤੇ ਛਾਪਾ ਮਾਰਿਆ ਗਿਆ, ਉਨ੍ਹਾਂ ਵਿਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਮੁਲਾਜ਼ਮ ਰਹੇ ਅਨੁਭਵ ਮਿਸ਼ਰਾ ਦੇ ਫਰਜ਼ੀ ਲੈਣ-ਦੇਣ ਦਾ ਲਾਭ ਲੈਣ ਵਾਲੇ ਸ਼ੱਕੀ ਵਿਅਕਤੀਆਂ ਦੀਆਂ ਰਿਹਾਇਸ਼ਾਂ, ਉਨ੍ਹਾਂ ਦੇ ਕਾਰੋਬਾਰੀ ਟਿਕਾਣਿਆਂ ਅਤੇ ਜਾਂਚ ਨਾਲ ਜੁੜੀਆਂ ਨਿੱਜੀ ਕੰਪਨੀਆਂ ਸ਼ਾਮਲ ਹਨ। ਸੀਬੀਆਈ ਦੀਆਂ ਟੀਮਾਂ ਨੇ ਰੇਡ ਦੌਰਾਨ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਇਨ੍ਹਾਂ ’ਚ ਸਟੋਰੇਜ਼ ਡਿਵਾਈਸ, ਡਿਜ਼ੀਟਲ ਸਿਗਨੇਚਰ ਅਤੇ ਕਈ ਇਲੈਕਟ੍ਰਾਨਿਕ ਡਿਵਾਈਸਾਂ, ਜਾਇਦਾਦ ਨਾਲ ਜੁੜੇ ਕਾਗਜ਼ਾਤ ਅਤੇ ਪੈਸਿਆਂ ਦੇ ਲੈਣ-ਦੇਣ ਦੇ ਰਿਕਾਰਡ ਸ਼ਾਮਲ ਹਨ। ਜ਼ਬਤ ਕੀਤੇ ਗਏ ਸਾਰੇ ਡਿਜੀਟਲ ਅਤੇ ਕਾਗਜ਼ੀ ਰਿਕਾਰਡਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹੁਸ਼ਿਆਰਪੁਰ ਦੇ ਨਿਊ ਸੁਖੀਆਬਾਦ ਮੁਹੱਲੇ ਵਿਚ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਹੈ।

