28.2 C
Toronto
Wednesday, July 15, 2026
spot_img
HomeਕੈਨੇਡਾFrontਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਬੇਅਦਬੀ ਦੇ ਦੋਸ਼ੀ ਦੀ ਬੇਰਹਿਮੀ ਨਾਲ ਹੱਤਿਆ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਬੇਅਦਬੀ ਦੇ ਦੋਸ਼ੀ ਦੀ ਬੇਰਹਿਮੀ ਨਾਲ ਹੱਤਿਆ


ਪੁਲਿਸ ਮੌਕੇ ਤੇ, ਫੋਰੈਂਸਿਕ ਨਮੂਨੇ ਲਏ ਗਏ, ਗਹਿਰੀ ਜਾਂਚ ਜਾਰੀ
ਚੰਡੀਗੜ੍ਹ/ਅਮਰਜੀਤ ਸਿੰਘ
ਪੰਜਾਬ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲੇ ਦੇ ਇੱਕ ਪਿੰਡ ਵਿੱਚ ਇੱਕ ਅਜਿਹੇ ਆਦਮੀ ਦੀ ਹੱਤਿਆ ਕਰ ਦਿੱਤੀ ਗਈ ਹੈ ਜੋ ਪਿਛਲੇ ਪੰਜ ਸਾਲ ਤੋਂ ਬੇਅਦਬੀ ਦਾ ਕੇਸ ਭੁਗਤ ਰਿਹਾ ਸੀ। ਮਿ੍ਰਤਕ ਦਾ ਨਾਂਅ ਮੇਵਾ ਸਿੰਘ ਦੱਸਿਆ ਗਿਆ ਹੈ ਤੇ ਉਹ ਪਿੰਡ ਲਾਡਪੁਰ ਤੂਰਾਂ ਦਾ ਨਿਵਾਸੀ ਸੀ। ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ ਡੇਢ ਵਜੇ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਉਸਦੀ ਬਹੁਤ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਉਸਦਾ ਸਿਰ ਉਸਦੀ ਧੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਹੱਤਿਆ ਤੋਂ ਬਾਅਦ ਹਤਿਆਰੇ, ਜੋ ਦੋ ਦੱਸੇ ਜਾਂਦੇ ਹਨ, ਮੌਕੇ ਤੋਂ ਫ਼ਰਾਰ ਹੋ ਗਏ।  ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆਂ ਬਾਰੇ ਭਾਵੇਂ ਹਾਲੇ ਤੱਕ ਕਿਸੇ ਨੂੰ ਕਾਨੂੰਨੀ ਸਜ਼ਾ ਨਹੀਂ ਦਿੱਤੀ ਗਈ ਪ੍ਰੰਤੂ ਇਹ ਪਹਿਲੀ ਘਟਨਾ ਹੈ ਕਿ ਕਿਸੇ ਨੇ ਕਿਸੇ ਦਾ ਬੇਅਦਬੀ ਦਾ ਦੋਸ਼ੀ ਹੋਣ ਕਾਰਨ ਕਤਲ ਕੀਤਾ ਹੋਵੇ। ਹਾਲਾਂਕਿ ਹਜੇ ਇਹ ਵੀ ਸਾਫ਼ ਨਹੀਂ ਹੋਇਆ ਕਿ ਹੱਤਿਆ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਹੀ ਹੋਈ ਹੈ ਜਾਂ ਕਿਸੇ ਹੋਰ ਕਾਰਨ। ਸੂਬਾ ਸਰਕਾਰ ਨੇ ਕੁੱਝ ਦੇਰ ਪਹਿਲਾਂ ਬੇਅਦਬੀ ਦੇ ਖ਼ਿਲਾਫ਼ ਇੱਕ ਨਵਾਂ ਕਾਨੂੰਨ ਵੀ ਬਣਾਇਆ ਹੈ ਪ੍ਰੰਤੂ ਉਸਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੂਬਾ ਸਰਕਾਰ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੇਅਦਬੀ ਮਾਮਲੇ ਦੇ ਦੋਸ਼ੀ ਮੇਵਾ ਸਿੰਘ ਦੇ ਘਰ ਵਿੱਚ ਵੜ ਕੇ ਦੋ ਅਣਪਛਾਤੇ ਹਮਲਾਵਰਾਂ ਨੇ ਸਿਰ ਧੜ ਤੋਂ ਅਲਗ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮੇਵਾ ਸਿੰਘ 2020 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਪੁਲਿਸ ਆਪਣੇ ਵੱਲੋਂ ਹਮਲੇ ਦੇ ਪਿੱਛੇ ਦੇ ਹੋਰ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਹੱਤਿਆ ਦੇ ਪਿਛੇ ਦੇ ਅਸਲ ਕਾਰਨ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।
ਜਾਣਕਾਰੀ ਮੁਤਾਬਿਕ ਸੋਮਵਾਰ ਦੇਰ ਰਾਤ ਜਿਸ 45 ਸਾਲਾ ਵਿਅਕਤੀ ਦਾ ਉਸਦੇ ਘਰ ’ਤੇ ਕਤਲ ਕਰ ਦਿੱਤਾ ਗਿਆ ਉਹ ਦਰਜੀ ਦਾ ਕੰਮ ਕਰਦਾ ਸੀ। ਉਹ ਪਿਛਲੇ ਪੰਜ ਸਾਲ ਤੋਂ ਇੱਕ ਸਥਾਨਕ ਗੁਰਦੁਆਰੇ ਨਾਲ ਜੁੜੇ ਬੇਅਦਬੀ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਜਾਣਕਾਰੀ ਅਨੁਸਾਰ, ਇਹ ਘਟਨਾ ਅੱਧੀ ਰਾਤ ਕਰੀਬ 1.30 ਵਜੇ ਵਾਪਰੀ। ਮੇਵਾ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਉਸਦਾ ਇੱਕ ਹੱਥ ਵੀ ਕੱਟ ਦਿੱਤਾ ਗਿਆ। ਘਰ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ। ਖ਼ਾਸ ਗੱਲ ਇਹ ਕਿ ਇਸਤੋਂ ਪਹਿਲਾਂ ਕਿ ਘਰ ਦਿਆਂ ਵੱਲੋਂ ਰੌਲਾ ਪਾਕੇ ਮਦਦ ਦੀ ਮੰਗ ਕੀਤੀ ਜਾਂਦੀ ਉਦੋਂ ਤੱਕ ਕਾਤਿਲ ਫਰਾਰ ਹੋ ਚੁਕੇ ਸਨ। ਸੂਚਨਾ ਮਿਲਣ ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਨਾਲ ਆਈ ਇੱਕ ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕਰਨ ਲਈ ਅਪਰਾਧ ਵਾਲੀ ਥਾਂ ਦੀ ਵੀ ਜਾਂਚ ਕੀਤੀ ਹੈ। ਜਾਂਚਕਰਤਾ ਕੁਝ ਸੈਂਪਲ ਆਪਣੇ ਨਾਲ ਲੈ ਗਏ ਹਨ ਤਾਂ ਜੋ ਜਾਂਚ ਅੱਗੇ ਵਧਾਈ ਜਾ ਸਕੇ। ਹਮਲਾਵਰਾਂ ਦੀ ਪਛਾਣ ਕਰਨ ਅਤੇ ਉਹਨਾਂ ਦਾ ਇਰਾਦਾ ਜਾਨਣ ਲਈ ਪੁਲਿਸ ਤੇਜੀ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਮੇਵਾ ਸਿੰਘ ਦੀ ਧੀ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਰਾਤ ਕਰੀਬ 1.30 ਵਜੇ ਉਸਦੇ ਪਿਤਾ ਉੱਠੇ ਤਾਂ ਉਦੋਂ ਤੱਕ ਹਮਲਾਵਰ ਪਹਿਲਾਂ ਹੀ ਘਰ ਦੇ ਅੰਦਰ ਲੁਕੇ ਹੋਏ ਸਨ, ਉਹਨਾਂ ਨੇ ਉਸਦੇ ਪਿਤਾ ’ਤੇ ਅਚਾਨਕ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਘਰ ਜਦੋਂ ਤੱਕ ਗੁਆਂਢੀ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਹਨਾਂ ਦੇ ਘਰ ਪੁੱਜੇ ਅਤੇ ਦਰਵਾਜ਼ਾ ਖੋਲ੍ਹਿਆ, ਤਾਂ ਉਹਨਾਂ ਵੇਖਿਆ ਕਿ ਮੇਵਾ ਸਿੰਘ ਖ਼ੂਨ ਨਾਲ ਲੱਥਪੱਥ ਪਿਆ ਸੀ ਤੇ ਹਮਲਾਵਰ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ। ਕਿਹਾ ਜਾ ਰਿਹਾ ਹੈ ਕਿ ਇਸ ਕਤਲ ਪਿੱਛੇ ਇੱਕ ਕਾਰਨ ਹੋ ਸਕਦਾ ਹੈ ਬੇਅਦਬੀ ਦਾ ਮਾਮਲਾ। ਮੇਵਾ ਸਿੰਘ ਅਕਤੂਬਰ 2020 ਤੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਸੀ, ਜਦੋਂ ਉਸ ’ਤੇ ਤੂਰਾਂ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ਵਿਰੁੱਧ ਮੰਡੀ ਗੋਬਿੰਦਗੜ੍ਹ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਉਹ ਇਸ ਸਮੇਂ ਜ਼ਮਾਨਤ ’ਤੇ ਸੀ, ਮੁਕੱਦਮਾ ਅਜੇ ਵੀ ਚੱਲ ਰਿਹਾ ਸੀ ਅਤੇ ਕੋਈ ਅੰਤਿਮ ਫੈਸਲਾ ਨਹੀਂ ਆਇਆ, ਕਿਉਂਕਿ ਗਵਾਹਾਂ ਦੀ ਗਵਾਹੀ ਅਜੇ ਵੀ ਦਰਜ ਨਹੀਂ ਕੀਤੀ ਜਾ ਰਹੀ ਸੀ। ਮੰਡੀ ਗੋਬਿੰਦਗੜ੍ਹ ਦੇ ਡੀਐਸਪੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮੇਵਾ ਸਿੰਘ ਦਾ ਸਿਰ ਉਸਦੀ ਧੜ ਤੋਂ ਵੱਖ ਨਹੀਂ ਕੀਤਾ ਗਿਆ ਸੀ, ਉਂਝ ਉਸਦੇ ਸਰੀਰ ’ਤੇ ਕਈ ਡੂੰਘੀਆਂ ਸੱਟਾਂ ਵੱਜੀਆਂ ਸਨ।

RELATED ARTICLES
POPULAR POSTS