20.1 C
Toronto
Friday, July 10, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਆਧੁਨਿਕ ਮਿਜ਼ਾਈਲਾਂ ਖਰੀਦਣ ਦਾ ਕੀਤਾ ਐਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਆਧੁਨਿਕ ਮਿਜ਼ਾਈਲਾਂ ਖਰੀਦਣ ਦਾ ਕੀਤਾ ਐਲਾਨ

ਨਾਟੋ ਸੰਮੇਲਨ ਦੌਰਾਨ 80 ਕਰੋੜ ਡਾਲਰ ਦੇ ਸੌਦੇ ‘ਤੇ ਲੱਗੀ ਮੋਹਰ
ਟੋਰਾਂਟੋ/ਪਰਵਾਸੀ ਨਿਊਜ਼
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਾਟੋ ਸੰਮੇਲਨ ਦੌਰਾਨ ਦੇਸ਼ ਦੀ ਰੱਖਿਆ ਸਮਰੱਥਾ ਵਿੱਚ ਵੱਡਾ ਵਾਧਾ ਕਰਨ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਕਰੀਬ 80 ਕਰੋੜ ਕੈਨੇਡੀਅਨ ਡਾਲਰ ਦੇ ਮਿਜ਼ਾਈਲ ਖ਼ਰੀਦ ਸੌਦੇ ਦਾ ਐਲਾਨ ਕੀਤਾ ਹੈ। ਇਸ ਸੌਦੇ ਤਹਿਤ ਕੈਨੇਡਾ ਨਾਰਵੇ ਦੀ ਰੱਖਿਆ ਕੰਪਨੀ ਕੋਂਗਸਬਰਗ ਤੋਂ ਅਤਿ-ਆਧੁਨਿਕ ‘ਜੁਆਇੰਟ ਸਟ੍ਰਾਈਕ ਮਿਜ਼ਾਈਲ’ ਖਰੀਦੇਗਾ, ਜੋ ਭਵਿੱਖ ਵਿੱਚ ਕੈਨੇਡੀਅਨ ਹਵਾਈ ਸੈਨਾ ਦੇ ਨਵੇਂ ਐੱਫ-35 ਲੜਾਕੂ ਜਹਾਜ਼ਾਂ ਨਾਲ ਤਾਇਨਾਤ ਕੀਤੇ ਜਾਣਗੇ। ਇਹ ਮਿਜ਼ਾਈਲ ਲੰਮੀ ਦੂਰੀ ਤੱਕ ਸਟੀਕ ਨਿਸ਼ਾਨਾ ਲਗਾਉਣ ਅਤੇ ਦੁਸ਼ਮਣ ਦੀ ਹਵਾਈ ਸੁਰੱਖਿਆ ਨੂੰ ਚਕਮਾ ਦੇਣ ਦੀ ਸਮਰੱਥਾ ਰੱਖਦੇ ਹਨ।
ਪੀਐਮ ਮਾਰਕ ਕਾਰਨੀ ਨੇ ਇਹ ਐਲਾਨ ਨਾਟੋ ਸੰਮੇਲਨ ਦੇ ਆਖ਼ਰੀ ਦਿਨ ਕੀਤਾ, ਜਿੱਥੇ ਮੈਂਬਰ ਦੇਸ਼ਾਂ ਵੱਲੋਂ ਰੱਖਿਆ ਖੇਤਰ ਵਿੱਚ ਅਰਬਾਂ ਡਾਲਰ ਦੇ ਨਵੇਂ ਨਿਵੇਸ਼ ਅਤੇ ਹਥਿਆਰਾਂ ਨਾਲ ਜੁੜੇ ਸਮਝੌਤਿਆਂ ਦੀ ਲੜੀ ਜਾਰੀ ਹੈ। ਕੈਨੇਡਾ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਜਰਮਨੀ ਨਾਲ ਨਵੀਂ ਪੀੜ੍ਹੀ ਦੀਆਂ 12 ਪਣਡੁੱਬੀਆਂ ਖ਼ਰੀਦਣ ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾਇਆ ਸੀ। ਇਸ ਤੋਂ ਸਪਸ਼ਟ ਹੈ ਕਿ ਓਟਾਵਾ ਆਪਣੀ ਫ਼ੌਜੀ ਸਮਰੱਥਾ ਨੂੰ ਤੇਜ਼ੀ ਨਾਲ ਆਧੁਨਿਕ ਬਣਾਉਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਵਿਸ਼ਵ ਸੁਰੱਖਿਆ ਦਾ ਮਾਹੌਲ ਪਹਿਲਾਂ ਨਾਲੋਂ ਕਾਫੀ ਜਟਿਲ ਹੋ ਗਿਆ ਹੈ। ਰੂਸ-ਯੂਕ੍ਰੇਨ ਜੰਗ, ਚੀਨ ਦੀ ਵਧਦੀ ਫ਼ੌਜੀ ਤਾਕਤ, ਸਾਈਬਰ ਹਮਲੇ, ਡਰੋਨ ਤਕਨਾਲੋਜੀ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਵਰਗੀਆਂ ਚੁਣੌਤੀਆਂ ਨੇ ਨਾਟੋ ਦੇਸ਼ਾਂ ਨੂੰ ਆਪਣੀ ਰੱਖਿਆ ਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਸਿਰਫ ਆਪਣੇ ਲਈ ਨਹੀਂ, ਸਗੋਂ ਨਾਟੋ ਦੀ ਸਾਂਝੀ ਸੁਰੱਖਿਆ ਵਿੱਚ ਵੀ ਵਧੇਰੇ ਯੋਗਦਾਨ ਦੇਣ ਲਈ ਤਿਆਰ ਹੈ।
ਕਾਰਨੀ ਨੇ ਇਹ ਵੀ ਮੰਨਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੰਮੇ ਸਮੇਂ ਤੋਂ ਨਾਟੋ ਦੇ ਮੈਂਬਰ ਦੇਸ਼ਾਂ ‘ਤੇ ਰੱਖਿਆ ਖਰਚ ਵਧਾਉਣ ਲਈ ਦਬਾਅ ਬਣਾਉਂਦੇ ਰਹੇ ਹਨ ਅਤੇ ਹੁਣ ਇਸਦਾ ਅਸਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਯੂਰਪੀ ਅਤੇ ਹੋਰ ਸਾਥੀ ਦੇਸ਼ ਆਪਣੀ ਸੁਰੱਖਿਆ ਦੀ ਵੱਧ ਜ਼ਿੰਮੇਵਾਰੀ ਖੁਦ ਨਿਭਾਉਣ ਅਤੇ ਹੁਣ ਜ਼ਿਆਦਾਤਰ ਮੈਂਬਰ ਦੇਸ਼ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਹੇ ਹਨ।

 

RELATED ARTICLES
POPULAR POSTS