
1191 ਐਂਗਲਾਂ ਤੋਂ ਕਰਵਾਈ ਜਾਂਚ, ਡੀਜੀਪੀ ਤੱਕ ਪਹੁੰਚਿਆ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵਿਵਾਦਤ ਵੀਡੀਓ ਨੂੰ ਲੈ ਕੇ ਸੂਬੇ ਵਿਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸੇ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਨੇ ਦੋ ਲੈਬਾਂ ਦੀ ਰਿਪੋਰਟ ਪੇਸ਼ ਕੀਤੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਰਿਪੋਰਟਾਂ ਵਿਚ ਕੁੱਲ 1191 ਵੱਖ-ਵੱਖ ਐਂਗਲਾਂ ਤੋਂ ਮੁੱਖ ਮੰਤਰੀ ਮਾਨ ਦੀ ਬੌਡੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਵਿਚ ਚਿਹਰੇ, ਕੱਦ-ਕਾਠ ਅਤੇ ਚਾਲ-ਢਾਲ ਤੱਕ ਦਾ ਅਧਿਐਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਲੈਬਾਂ ਸੁਤੰਤਰ ਹਨ ਅਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਵੀ ਹਨ ਤੇ ਪੰਜਾਬ ਤੋਂ ਵੀ ਬਾਹਰ ਸਥਿਤ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਅਨੁਸਾਰ ਇਸ ਰਿਪੋਰਟ ਵਿਚ ਸਪੱਸ਼ਟ ਹੁੰਦਾ ਹੈ ਕਿ ਇਸ ਵੀਡੀਓ ਵਿਚ ਸੀਐਮ ਭਗਵੰਤ ਮਾਨ ਨਹੀਂ ਹਨ, ਬਲਕਿ ਕਿਸੇ ਅਭਿਨੇਤਾ ਦਾ ਇਸਤੇਮਾਲ ਕਰਕੇ ਇਹ ਵੀਡੀਓ ਤਿਆਰ ਕਰਵਾਇਆ ਗਿਆ ਹੈ। ਇਹ ਮਾਮਲਾ ਹੁਣ ਪੰਜਾਬ ਦੇ ਡੀਜੀਪੀ ਤੱਕ ਵੀ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਗੁਰੂਆਂ ਦੀ ਤਸਵੀਰ ਦੇ ਸਾਹਮਣੇ ਸ਼ਰਾਬ ਪੀਤੀ ਅਤੇ ਉਸਦੇ ਛਿੱਟੇ ਵੀ ਮਾਰੇ। ਇਸ ਸਬੰਧੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਇਸਦੀ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਨੇ ਕਰਵਾਈ ਅਤੇ ਇਸ ਨੂੰ ਸਹੀ ਕਰਾਰ ਦਿੰਦੇ ਹੋਏ ਸੀਐਮ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੈ।
ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ : ਭਗਵੰਤ ਮਾਨ ਦਾ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਕ ਐਕਟਰ ਦੀ ਵਰਤੋਂ ਨਾਲ ਮੇਰੀ ਫਰਜ਼ੀ ਵੀਡੀਓ ਬਣਾਈ ਗਈ। ਉਨ੍ਹਾਂ ਕਿਹਾ ਕਿ ਧਰਮ ਦੇ ਠੇਕੇਦਾਰ ਬਣੇ ਲੋਕਾਂ ਨੇ ਮੇਰੇ ਖ਼ਿਲਾਫ਼ ਫਰਮਾਨ ਦਿੱਤਾ ਤੇ ਮੈਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਸੀਐਮ ਨੇ ਕਿਹਾ ਕਿ ਇਸ ਵੀਡੀਓ ਦੀ 1191 ਫ੍ਰੇਮ ਤੋਂ ਜਾਂਚ ਕੀਤੀ ਗਈ ਹੈ ਅਤੇ ਇਕ ਵੀ ਫਰੇਮ ਮੇਰੇ ਨਾਲ ਨਹੀਂ ਮਿਲਦਾ। ਸੀਐਮ ਮਾਨ ਨੇ ਦੱਸਿਆ ਕਿ ਵੀਡੀਓ ਵਾਲੇ ਸ਼ਖਸ ਦਾ ਕੱਦ ਮੇਰੇ ਤੋਂ ਇਕ ਇੰਚ ਵੱਡਾ ਹੈ। ਵੀਡੀਓ ਕਿਥੋਂ ਦੀ ਹੈ, ਕਦੋਂ ਦੀ ਹੈ, ਇਸ ਬਾਰੇ ਕੋਈ ਪਤਾ ਨਹੀਂ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਵਿਚ ਨਾ ਆਉਣ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਵਫਦ ਨੇ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਫਰਜ਼ੀ ਵੀਡੀਓ ਬਣਾਉਣ ਅਤੇ ਪ੍ਰਸਾਰਿਤ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਜੀਪੀ ਵਲੋਂ ਏਡੀਜੀਪੀ (ਕਾਨੂੰਨ ਵਿਵਸਥਾ) ਪਰਵੀਨ ਸਿਨਹਾ ਨੇ ਆਮ ਆਦਮੀ ਪਾਰਟੀ ਦੇ ਵਫਦ ਨਾਲ ਮੁਲਾਕਾਤ ਕੀਤੀ ਹੈ। ਇਸ ਵਫਦ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਲਤੇਜ ਸਿੰਘ ਪੰਨੂ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਾਮਲ ਸਨ।

