ਦਿੱਲੀ ਫਤਹਿ ਕਰ ਅਕਾਲੀ ਦਲ ਪੰਜਾਬ ਦੀ ਜਿੱਤ ਦੇ ਲੈਣ ਲੱਗਾ ਸੁਪਨੇ
ਕੁੱਲ ਸੀਟਾਂ 46, ਅਕਾਲੀ ਦਲ (ਬ)35, ਪੰਥਕ ਸੇਵਾ ਦਲ 00, ਅਕਾਲੀ ਦਲ (ਦ) 07, ਹੋਰ ਸਾਰੇ 04
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਤਕੜੀ ਜਿੱਤ ਹਾਸਲ ਕਰਕੇ ਜਿੱਥੇ ਸਭ ਨੂੰ ਹੈਰਾਨ ਕਰ ਦਿੱਤਾ, ਉਥੇ ਦੂਜੇ ਦਲਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਕਾਲੀ ਦਲ ਬਾਦਲ ਖਿਲਾਫ਼ ਲੋਕਾਂ ਵਿਚ ਰੋਸਾ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਕਿੱਥੇ ਕੁਤਾਹੀ ਹੋ ਗਈ ਕਿ ਉਨ੍ਹਾਂ ਨੂੰ ਨਮੋਸ਼ੀ ਭਰੀ ਹਾਲ ਝੱਲਣੀ ਪਈ। ਪਰ ਦਿੱਲੀ ਵਿਚ ਅਕਾਲੀ ਦਲ ਦੀ ਇਸ ਜਿੱਤ ਦੇ ਨਾਲ ਹੀ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ-ਨਾਲ ਪੰਜਾਬ ਵਿਚ ਅਕਾਲੀ ਦਲ ਦੇ ਉਮੀਦਵਾਰ ਅਤੇ ਕੱਟੜ ਸਮਰਥਕ ਵੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿੱਤਣ ਦੇ ਸੁਪਨੇ ਜ਼ਰੂਰ ਵੇਖਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਲੋਕਾਂ ਦੇ ਰੋਸੇ ਨੂੰ ਵੇਖਦਿਆਂ ਇਸ ਵਾਰ ਸੁਖਬੀਰ ਬਾਦਲ ਵਰਗੇ ਲੀਡਰ ਦੇ ਜਿੱਥੇ ਦਿੱਲੀ ਦੇ ਚੋਣ ਪ੍ਰਚਾਰ ਵਿਚ ਪੋਸਟਰਾਂ ਤੋਂ ਚਿਹਰੇ ਗਾਇਬ ਹੋ ਗਏ ਸਨ ਉਥੇ ਉਹ ਖੁਦ ਵੀ ਕਿਤੇ ਨਜ਼ਰ ਨਹੀਂ ਆਏ ਸਨ।
ਦਿੱਲੀ ਵਿਚ ਮਿਲੀ ਅਕਾਲੀ ਦਲ (ਬ) ਦੀ ਜਿੱਤ ‘ਤੇ ਸਿਆਸੀ ਮਾਹਿਰ ਵੀ ਦੁਬਿਧਾ ਵਿਚ ਪੈ ਗਏ ਹਨ ਤੇ ਪੰਜਾਬ ਦੇ ਚੋਣ ਨਤੀਜਿਆਂ ਨੂੰ ਲੈ ਕੇ ਹੁਣ ਜਿੱਥੇ ਇਨ੍ਹਾਂ ਮਾਹਿਰਾਂ ਨੇ ਚੁੱਪ ਵੱਟ ਲਈ ਹੈ, ਉਥੇ ਆਪ ਸਮਰਥਕ ਖੁੱਲ੍ਹੇਆਮ ਦਾਅਵੇ ਕਰ ਰਹੇ ਹਨ ਕਿ ਸਰਕਾਰ ਸਾਡੀ ਬਣੇਗੀ।
ਬਾਦਲਾਂ ਦੀ ਹਾਰ-ਜੀ ਕੇ ਦੀ ਜਿੱਤ?
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਕੁੱਲ 46 ਸੀਟਾਂ ‘ਤੇ ਪਈਆਂ ਵੋਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ 35, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਅਤੇ ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ ਪੰਥਕ ਸੇਵਾ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ, ਓਂਕਾਰ ਸਿੰਘ ਥਾਪਰ, ਮਨਜੀਤ ਸਿੰਘ ਜੀ. ਕੇ.ਦੇ ਭਰਾ ਹਰਜੀਤ ਸਿੰਘ ਜੀ.ਕੇ. ਨੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖੁਦ ਆਪਣੀ ਸੀਟ ਵੀ ਹਾਰ ਗਏ ਹਨ। ਚੋਣਾਂ ਵਿਚ ਜਿੱਤ ਤੋਂ ਬਾਅਦ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਹ ਸਾਡੇ ਵਿਕਾਸ ਕਾਰਜਾਂ ਦੀ ਜਿੱਤ ਹੋਈ ਹੈ। ਜਦੋਂ ਕਿ ਪੰਜਾਬ ਸਮੇਤ ਦਿੱਲੀ ਵਿਚ ਵੀ ਇਹ ਚਰਚਾ ਛਿੜ ਗਈ ਹੈ ਕਿ ਬਾਦਲ ਪਰਿਵਾਰ ਖਿਲਾਫ਼ ਸਮਾਜਿਕ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਨੂੰ ਦਿੱਲੀ ਚੋਣਾਂ ਤੋਂ ਦੂਰ ਰੱਖਿਆ ਤੇ ਇੰਝ ਇਹ ਜਿੱਤ ਮਨਜੀਤ ਸਿੰਘ ਜੀ.ਕੇ. ਦੀ ਮੰਨੀ ਜਾ ਰਹੀ ਹੈ ਤੇ ਬਾਦਲਾਂ ਦੀ ਹਾਰ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਹਾਂਪੱਖੀ ਏਜੰਡਾ ਲੈ ਕੇ ਚੱਲੇ ਸੀ ਅਤੇ ਦਿੱਲੀ ਦੀ ਸਿੱਖ ਸੰਗਤ ਨੇ ਹਾਂ-ਪੱਖੀ ਏਜੰਡੇ ਦੇ ਪੱਖ ਵਿਚ ਫੈਸਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਤੀਜਿਆਂ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਗਰੁੱਪ ਇਨ੍ਹਾਂ ਚੋਣਾਂ ਵਿਚ ਜਿੱਤ ਦੇ ਦਾਅਵੇ ਕਰ ਰਿਹਾ ਸੀ ਪਰ ਉਹ ਕਾਫ਼ੀ ਪਛੜ ਗਿਆ ਹੈ। ਦਿੱਲੀ ਚੋਣ ਨਤੀਜਿਆਂ ਤੋਂ ਖੁਸ਼ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਹੋਈ ਇਤਿਹਾਸਕ ਜਿੱਤ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਦਿੱਲੀ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ।
ਜਿੱਤੇ
ਮਨਜੀਤ ਸਿੰਘ ਜੀਕੇ., ਮਨਜਿੰਦਰ ਸਿੰਘ ਸਿਰਸਾ, ਓਂਕਾਰ ਸਿੰਘ ਥਾਪਰ, ਹਰਜੀਤ ਸਿੰਘ ਜੀਕੇ, ਪਰਮਜੀਤ ਸਿੰਘ ਚੰਡੋਕ, ਜਗਦੀਪ ਸਿੰਘ ਕਾਹਲੋਂ, ਅਤੇ ਆਜ਼ਾਦ ਗੁਰਮੀਤ ਸਿੰਘ ਸ਼ੰਟੀਜੇਤੂ ਰਹੇ।