
ਚਾਰ ਦਿਨ ਭਾਰਤ ’ਚ ਰਹਿਣਗੇ ਜੇ.ਡੀ. ਵੈਂਸ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅੱਜ ਸੋਮਵਾਰ ਨੂੰ ਆਪਣੀ ਪਤਨੀ ਤੇ ਬੱਚਿਆਂ ਨਾਲ ਭਾਰਤ ਦੌਰੇ ’ਤੇ ਦਿੱਲੀ ਪਹੁੰਚ ਗਏ ਹਨ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਜੇ.ਡੀ. ਵੈਂਸ ਦਾ ਪਹਿਲਾ ਅਧਿਕਾਰਤ ਭਾਰਤ ਦੌਰਾ ਹੈ ਅਤੇ ਉਹ ਚਾਰ ਦਿਨ ਭਾਰਤ ’ਚ ਰਹਿਣਗੇ। ਵੈਂਸ ਦਾ ਜਹਾਜ਼ ਸਵੇਰੇ 9 ਵੱਜ ਕੇ 45 ਮਿੰਟ ’ਤੇ ਦਿੱਲੀ ਪਹੰੁਚਿਆ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏਅਰਪੋਰਟ ’ਤੇ ਜੇ.ਡੀ. ਵੈਂਸ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਜੀਤ ਡੋਭਾਲ, ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਵੀ ਮੁਲਾਕਾਤ ਕਰਨਗੇ। ਵੈਂਸ ਜੋੜੇ ਦੀ ਆਮਦ ਤੋਂ ਪਹਿਲਾਂ ਪੂਰੀ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ। ਵੈਂਸ ਜੋੜਾ ਆਪਣੇ ਤਿੰਨ ਬੱਚਿਆਂ ਇਵਾਨ, ਵਿਵੇਕ ਤੇ ਮੀਰਾਬੇਲ ਨਾਲ ਦਿੱਲੀ ਪਹੁੰਚਿਆ ਹੈ।

