ਐੱਮਪੀ ਮਨਿੰਦਰ ਸਿੱਧੂ, ਐੱਮਪੀਪੀ ਅਮਰਜੋਤ ਸੰਧੂ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਪੀਡੀਐੱਸਬੀ ਦੇ ਵਾਈਸ ਚੇਅਰ ਸਤਪਾਲ ਜੌਹਲ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਪਿਛਲੇ ਇੱਕ ਦਹਾਕੇ ਤੋਂ ਵਧੀਕ ਸਰਗਰਮ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਨੇ ਲੰਘੇ ਸ਼ਨੀਵਾਰ 11 ਜਨਵਰੀ ਨੂੰ ‘ਗਰੇਟਰ ਟੋਰਾਂਟੋ ਮਾਰਗੇਜ’ (ਜੀਟੀਐੱਮ) ਆਫ਼ਿਸ ਦੇ ਪਿਛਲੇ ਹਾਲ ਵਿੱਚ ਨਵੇਂ ਸਾਲ ਨੂੰ ਹਾਰਦਿਕ ਜੀ-ਆਇਆਂ ਕਹਿੰਦਿਆਂ ਹੋਇਆਂ ਆਪਣਾ ਸਲਾਨਾ ਡਿਨਰ ਸਮਾਗਮ ਪੂਰੇ ਜੋਸ਼ ਤੇ ਉਤਸਾਹ ਨਾਲ ਮਨਾਇਆ। ਇਸ ਮੌਕੇ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਚੇਅਰ ਸਤਪਾਲ ਸਿੰਘ ਜੌਹਲ ਨੇ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਕਲੱਬ ਦੇ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ।
ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸਾਲ 2024 ਦੌਰਾਨ ਕਲੱਬ ਦੇ ਮੈਂਬਰਾਂ ਦੀਆਂ ਪ੍ਰਾਪਤੀਆਂ ਉੱਪਰ ਗੌਰਵ ਮਹਿਸੂਸ ਕੀਤਾ ਗਿਆ ਅਤੇ ਅੱਗੋਂ ਹੋਰ ਵਧੇਰੇ ਜੋਸ਼ ਨਾਲ ਮਿਹਨਤ ਕਰਕੇ ਅੱਗੇ ਵਧਣ ਦੀ ਆਸ ਪ੍ਰਗਟਾਈ ਗਈ। ਇਸ ਦੌਰਾਨ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਆਇਰਨਮੈਨ ਹਰਜੀਤ ਸਿੰਘ, ਹਾਫ਼-ਆਇਰਨਮੈਨ ਕੁਲਦੀਪ ਸਿੰਘ ਗਰੇਵਾਲ, ਮੈਰਾਥਨ ਦੌੜਾਕਾਂ ਧਿਆਨ ਸਿੰਘ ਸੋਹਲ ਤੇ ਜੱਸੀ ਧਾਲੀਵਾਲ ਨੂੰ ਟੀਪੀਏਆਰ ਕਲੱਬ ਵੱਲੋਂ ਸ਼ਾਨਦਾਰ ਟਰਾਫ਼ੀਆਂ, ਟੀ-ਸ਼ਰਟਾਂ ਤੇ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਮਨਿੰਦਰ ਸਿੱਧੂ ਨੇ ਕਿਹਾ ਕਿ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਗਿੱਲ ਦੀ ਯੋਗ ਅਗਵਾਈ ਵਿਚ ਇਹ ਕਲੱਬ ਨਵੀਆਂ ਪੁਲਾਂਘਾ ਪੁੱਟ ਰਹੀ ਹੈ ਅਤੇ ਇਸ ਦੇ ਮੈਂਬਰ ਵੱਖ-ਵੱਖ ਕੌਮੀ ਅਤੇ ਵਿਸ਼ਵ-ਪੱਧਰੀ ਦੌੜਾਂ ਤੇ ਟਰੈੱਥਲੋਨ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਨਵੇਂ ਸਾਲ ਦੀ ਵਧਾਈ ਦਿੰਦਿਆਂ ਐੱਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਪਿਛਲੇ ਸਾਲ 2024 ਵਿਚ ਕਲੱਬ ਦੇ ਮੈਂਬਰਾਂ ਨੇ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ 2025 ਵਿਚ ਉਹ ਹੋਰ ਵੀ ਉਚੇਰੀਆ ਮੰਜ਼ਲਾਂ ਤੈਅ ਕਰਨਗੇ।
ਬਰੈਂਪਟਨ ਸਿਟੀ ਕੌਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਦਾ ਇਸ ਮੌਕੇ ਕਹਿਣਾ ਸੀ ਕਿ ਬਰੈਂਪਟਨ ਦੀ ਇਹ ਕਲੱਬ ਆਪਣੀਆਂ ਸਰਗਰਮੀਆਂ ਨਾਲ ਸਿਹਤ ਆਰੋਗਤਾ ਦਾ ਬਹੁਤ ਵਧੀਆ ਸੁਨੇਹਾ ਦੇ ਰਹੀ ਹੈ। ਉਨ੍ਹਾਂ ਬਰੈਂਪਟਨ ਸਿਟੀ ਵੱਲੋਂ ਕਲੱਬ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕਲੱਬ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਪਰ ਮੁਬਾਰਕਬਾਦ ਦਿੰਦਿਆਂ ਹੋਇਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਚੇਅਰ ਸਤਪਾਲ ਸਿੰਘ ਜੌਹਲ ਨੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।
ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿੱਚ ਇਸ ਕਲੱਬ ਨੇ ਵੱਖ-ਵੱਖ ਈਵੈਂਟਾਂ ਵਿਚ ਭਾਗ ਲੈ ਕੇ ਆਪਣਾ ਤੇ ਬਰੈਂਪਟਨ ਸਿਟੀ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਭਵਿੱਖ ਵਿਚ ਇਹ ਕਲੱਬ ਹੋਰ ਵਧੇਰੇ ਤਰੱਕੀਆਂ ਕਰੇਗੀ।
ਇਸ ਤੋਂ ਪਹਿਲਾਂ ਕਲੱਬ ਦੇ ਮੈਂਬਰ ਡਾ. ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਵਿੱਚ ਟੀਪੀਏਆਰ ਕਲੱਬ ਦੇ ਇਤਿਹਾਸ, ਇਸ ਦੀਆਂ ਵੱਖ-ਵੱਖ ਸਰਗ਼ਰਮੀਆਂ ਤੇ ਪ੍ਰਾਪਤੀਆਂ ਬਾਰੇ ਸੰਖੇਪ ਜ਼ਿਕਰ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਕਲੱਬ ਭਵਿੱਖ ਵਿੱਚ ਹੋਰ ਬੁਲੰਦੀਆਂ ਛੋਹੇਗੀ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਨੇ ਸਮੂਹ ਮੈਂਬਰਾਂ ਨੂੰ ਆਸ਼ੀਰਵਾਦ ਦਿੰਦਿਆਂ ਹੋਇਆਂ ਜਿੱਥੇ ਪਿਛਲੇ ਸਾਲ 2024 ਦੌਰਾਨ ਹੋਈਆਂ ਪ੍ਰਾਪਤੀਆਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ, ਉੱਥੇ ਉਨ੍ਹਾਂ ਨੇ ਇਸ ਸਾਲ 2025 ਲਈ ਕਲੱਬ ਦੀ ਚੜ੍ਹਦੀ ਕਲਾ ਦੀ ਵੀ ਕਾਮਨਾ ਕੀਤੀ। ਕਲੱਬ ਦੇ ਸਰਗ਼ਰਮ ਮੈਂਬਰ ਮਨਜੀਤ ਸਿੰਘ ਨੌਟਾ ਵੱਲੋਂ ਕਲੱਬ ਨੂੰ ਸਪਾਂਸਰਾਂ ਵੱਲੋਂ ਸਮੇਂ-ਸਮੇਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ, ਸਮੂਹ ਮੈਂਬਰਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮੁੱਚੀ ਕਾਰਵਾਈ ਕਲੱਬ ਦੇ ਬੁਲਾਰੇ ਗੈਰੀ ਗਰੇਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸਨੈਕਸ, ਚਾਹ-ਕਾਫ਼ੀ ਤੇ ਪਾਣੀ-ਧਾਣੀ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ। ਅਖ਼ੀਰ ਵਿੱਚ ਸਾਰਿਆਂ ਨੇ ਮਿਲ ਕੇ ਰਾਤ ਦੇ ਖਾਣੇ ਦਾ ਭਰਪੂਰ ਅਨੰਦ ਮਾਣਿਆਂ।
Home / ਕੈਨੇਡਾ / ਨਵੇਂ ਸਾਲ ਨੂੰ ‘ਜੀ-ਆਇਆਂ’ ਕਹਿੰਦਿਆਂ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗਮ ਜੋਸ਼-ਓ-ਖ਼ਰੋਸ਼ ਨਾਲ ਮਨਾਇਆ
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …