ਕਿਹਾ : 26 ਜੂਨ ਨੂੰ ਕੋਠੀ ਦਾ ਘਿਰਾਓ ਕਰਕੇ ਐਨ ਆਰ ਆਈ ਪਰਿਵਾਰ ਨੂੰ ਦਿਵਾਇਆ ਜਾਵੇਗਾ ਕਬਜ਼ਾ
ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਕਿਰਾਏ ’ਤੇ ਲਈ ਗਈ ਕੋਠੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਮਾਮਲੇ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਸਐਸਪੀ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਆਉਂਦੀ 26 ਨੂੰ ਜੂਨ ਨੂੰ ਕੋਠੀ ਦਾ ਘਿਰਾਓ ਕਰਨਗੇ ਅਤੇ ਐਨ ਆਰ ਆਈ ਪਰਿਵਾਰ ਨੂੰ ਕੋਠੀ ਦਾ ਕਬਜ਼ਾ ਦਿਵਾਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਅਸ਼ੋਕ ਕੁਮਾਰ ਤੋਂ ਇਲਾਵਾ ਬਾਕੀ ਆਰੋਪੀਆਂ ਖਿਲਾਫ਼ ਵੀ ਮਾਮਲਾ ਦਰਜ ਕਰੇ। ਜਦਕਿ ਕੋਠੀ ਦੇ ਖਰੀਦਦਾਰ ਕਰਮ ਸਿੰਘ ਨੇ ਕੋਠੀ ਵੇਚਣ ਵਾਲੇ ਅਸ਼ੋਕ ਕੁਮਾਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ ਪ੍ਰੰਤੂ ਕੋਠੀ ਦਾ ਕਬਜ਼ਾ ਹਾਲੇ ਵੀ ਐਨਆਰਆਈ ਪਰਿਵਾਰ ਨੂੰ ਨਹੀਂ ਮਿਲਿਆ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਅਤੇ ਵਿਧਾਇਕਾ ਇਕ ਯੋਜਨਾ ਅਨੁਸਾਰ ਕਿਰਾਏਦਾਰ ਬਣੀ ਸੀ ਜਦਕਿ ਕਰਮ ਸਿੰਘ ਕੋਠੀ ਦਾ ਮਾਲਕ ਬਣਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕੋਠੀ ਨੂੰ ਵੇਚਣ ਵਾਲਾ ਅਸ਼ੋਕ ਕੁਮਾਰ ਹੈ ਅਤੇ ਜਦੋਂ ਸਾਰੇ ਕਾਗਜ਼ਾਤ ਹੀ ਗਲਤ ਸਾਬਤ ਹੋ ਗਏ ਹਨ ਤਾਂ ਫਿਰ ਅਸ਼ੋਕ ਕੁਮਾਰ ਖਿਲਾਫ਼ ਹੀ ਨਹੀਂ ਬਾਕੀ ਆਰੋਪੀਆਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ। ਉਧਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਐਨ ਆਰ ਆਈ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 22 ਜੂਨ ਨੂੰ ਐਸ ਐਸ ਪੀ ਜਗਰਾਉਂ ਨਾਲ ਮੁਲਾਕਾਤ ਕਰਨਗੇ।