Breaking News
Home / ਭਾਰਤ / ਨਰਿੰਦਰ ਮੋਦੀ ਨੇ 22 ਅਰਬਪਤੀ ਬਣਾਏ, ਅਸੀਂ ਕਰੋੜਾਂ ‘ਲੱਖਪਤੀ’ ਬਣਾਵਾਂਗੇ : ਰਾਹੁਲ ਗਾਂਧੀ

ਨਰਿੰਦਰ ਮੋਦੀ ਨੇ 22 ਅਰਬਪਤੀ ਬਣਾਏ, ਅਸੀਂ ਕਰੋੜਾਂ ‘ਲੱਖਪਤੀ’ ਬਣਾਵਾਂਗੇ : ਰਾਹੁਲ ਗਾਂਧੀ

ਰਾਹੁਲ ਨੇ ‘ਅਗਨੀਪਥ’ ਸਕੀਮ ਰੱਦ ਕਰਨ ਦਾ ਅਹਿਦ ਦੁਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਜੇ ਸੱਤਾ ਵਿਚ ਆਉਂਦਾ ਹੈ ਤਾਂ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਬਣੀ ‘ਅਗਨੀਪਥ’ ਸਕੀਮ ਨੂੰ ਰੱਦ ਕੀਤਾ ਜਾਵੇਗਾ ਤੇ ਮਹਿਲਾਵਾਂ ਦੇ ਖਾਤਿਆਂ ਵਿਚ ਹਰ ਮਹੀਨੇ 8500 ਰੁਪਏ ਜਮ੍ਹਾਂ ਕੀਤੇ ਜਾਣਗੇ। ਰਾਹੁਲ ਨੇ ਦਾਅਵਾ ਕੀਤਾ ਕਿ ਮੋਦੀ ਨੇ 22 ਅਰਬਪਤੀ ਬਣਾਏ ਹਨ ਜਦੋਂਕਿ ਇੰਡੀਆ ਗੱਠਜੋੜ ਸਰਕਾਰ ਕਰੋੜਾਂ ‘ਲੱਖਪਤੀ’ ਬਣਾਏਗੀ।
ਬਿਹਾਰ ਵਿਚ ਮਹਾਂਗੱਠਬੰਧਨ ਦੇ ਉਮੀਦਵਾਰਾਂ ਦੇ ਹੱਕ ਵਿਚ ਬਖ਼ਤਿਆਰਪੁਰ (ਪਟਨਾ ਲੋਕ ਸਭਾ ਸੀਟ), ਪਾਲੀਗੰਜ (ਪਾਟਲੀਪੁੱਤਰ ਲੋਕ ਸਭਾ ਸੀਟ) ਤੇ ਜਗਦੀਸ਼ਪੁਰ (ਆਰਾ) ਵਿਚ ਉਪਰੋਥੱਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਜ਼ੋਰ ਦੇ ਕੇ ਆਖਿਆ ਕਿ ਨਰਿੰਦਰ ਮੋਦੀ ਹੁਣ ਮੁੜ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਕਿਉਂਕਿ ਪੂਰੇ ਦੇਸ਼ ਵਿਚ ਇੰਡੀਆ ਗੱਠਜੋੜ ਦੇ ਹੱਕ ਵਿਚ ‘ਹਨੇਰੀ’ ਚੱਲ ਰਹੀ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ”ਇੰਡੀਆ ਗੱਠਜੋੜ ਦੇ ਹੱਕ ਵਿਚ ਬਿਹਾਰ ਤੇ ਯੂਪੀ ਸਣੇ ਪੂਰੇ ਦੇਸ਼ ਵਿਚ ਸਪਸ਼ਟ ਹਨੇਰੀ ਚੱਲ ਰਹੀ ਹੈ। ਨਰਿੰਦਰ ਮੋਦੀ 4 ਜੂਨ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ।” ਰਾਹੁਲ ਨੇ ਬਖ਼ਤਿਆਰਪੁਰ ਰੈਲੀ ‘ਚ ਕਿਹਾ, ”ਜਦੋਂ ਇੰਡੀਆ ਗੱਠਜੋੜ ਸਰਕਾਰ ਬਣਾਏਗਾ ਤਾਂ ਅਗਨੀਪਥ ਸਕੀਮ ਵਾਪਸ ਲਈ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਸੱਤਾ ਵਿਚ ਆਉਣ ‘ਤੇ ਇੰਡੀਆ ਗੱਠਜੋੜ ਅਗਨੀਪਥ ਸਕੀਮ ਨੂੰ ਕੂੜੇਦਾਨ ਵਿਚ ਸੁੱਟ ਦੇਵੇਗਾ। ਮੋਦੀ ਜੀ ਨੇ ਫੌਜੀਆਂ ਨੂੰ ਮਜ਼ਦੂਰਾਂ ‘ਚ ਤਬਦੀਲ ਕਰ ਦਿੱਤਾ ਹੈ। ਕੇਂਦਰ ਨੇ ਥਲ ਸੈਨਾ ਵਿਚ ਦੋ ਵਰਗ- ਅਗਨੀਵੀਰ ਤੇ ਹੋਰ- ਬਣਾਏ ਹਨ। ਜੇ ਕੋਈ ਅਗਨੀਵੀਰ ਜ਼ਖ਼ਮੀ ਜਾਂ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਨੂੰ ਨਾ ਸ਼ਹੀਦ ਦਾ ਦਰਜਾ ਤੇ ਨਾ ਹੀ ਮੁਆਵਜ਼ਾ ਮਿਲੇਗਾ। ਇਹ ਪੱਖਪਾਤ ਕਿਉਂ?
ਰਾਹੁਲ ਨੇ ਪ੍ਰਧਾਨ ਮੰਤਰੀ ਦੀ ‘ਭਗਵਾਨ ਵੱਲੋਂ ਭੇਜਿਆ ਦੂਤ’ ਟਿੱਪਣੀ ‘ਤੇ ਤਨਜ਼ ਕਸਦਿਆਂ ਕਿਹਾ, ”4 ਜੂਨ ਮਗਰੋਂ ਜੇ ਈਡੀ ਮੋਦੀ ਨੂੰ ਭ੍ਰਿਸ਼ਟਾਚਾਰ ਬਾਰੇ ਸਵਾਲ ਕਰਦੀ ਹੈ ਤਾਂ ਉਹ ਕਹਿਣਗੇ ਕਿ ਮੈਨੂੰ ਕੁਝ ਨਹੀਂ ਪਤਾ… ਮੈਨੂੰ ਇਹ ਭਗਵਾਨ ਨੇ ਕਰਨ ਲਈ ਕਿਹਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਇਹ ਕਹਾਣੀ ਘੜੀ ਹੈ… ਉਹ ਕਹਿੰਦੇ ਹਨ ਕਿ ਉਹ ਜੀਵ ਨਹੀਂ ਬਲਕਿ ਭਗਵਾਨ ਵੱਲੋਂ ਭੇਜੇ ਦੂਤ ਹਨ। ਕੀ ਭਗਵਾਨ ਨੇ ਉਨ੍ਹਾਂ ਨੂੰ ਅਰਬਪਤੀਆਂ ਦੀ ਸੇਵਾ ਲਈ ਹੀ ਭੇਜਿਆ ਹੈ?” ਰਾਹੁਲ ਨੇ ਦਾਅਵਾ ਕੀਤਾ ਕਿ ਮੋਦੀ ਨੇ 22 ਅਰਬਪਤੀ ਬਣਾਏ ਜਦੋਂਕਿ ਇੰਡੀਆ ਗੱਠਜੋੜ ਸਰਕਾਰ ਕਰੋੜਾਂ ‘ਲੱਖਪਤੀ’ ਬਣਾਏਗੀ।
‘ਇੰਡੀਆ’ ਦੀ ਸਰਕਾਰ ਬਣਨ ‘ਤੇ ਬੰਦ ਪਈਆਂ ਸਨਅਤਾਂ ਖੋਲ੍ਹਣ ਦਾ ਦਾਅਵਾ
ਪਾਲੀਗੰਜ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ”ਇਹ ਦੇਸ਼, ਸੰਵਿਧਾਨ ਤੇ ਗਰੀਬਾਂ ਲਈ ਰਾਖਵਾਂਕਰਨ ਨੂੰ ਬਚਾਉਣ ਦੀ ਲੜਾਈ ਹੈ।” ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ‘ਤੇ ਬੰਦ ਪਈਆਂ ਸਾਰੀਆਂ ਸਨਅਤਾਂ ਖੋਲ੍ਹੀਆਂ ਜਾਣਗੀਆਂ ਤੇ 30 ਲੱਖ ਨੌਕਰੀਆਂ ਭਰੀਆਂ ਜਾਣਗੀਆਂ। ਗਾਂਧੀ ਵੱਲੋਂ ਸੰਬੋਧਨ ਕੀਤੀਆਂ ਰੈਲੀਆਂ ਵਿਚ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੀਪੀਆਈ (ਐੱਮਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਮੁਖੀ ਮੁਕੇਸ਼ ਸਾਹਨੀ ਤੇ ਇੰਡੀਆ ਗੱਠਜੋੜ ਦੇ ਹੋਰ ਆਗੂ ਮੌਜੂਦ ਸਨ।

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …