ਵਿਰੋਧੀ ਸਿਆਸੀ ਪਾਰਟੀਆਂ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਕਸਬਾ ਧੂੁਰੀ ਵਿਚ ‘ਆਪ’ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੰਚ ਤੋਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਅਤੇ ਘਰ-ਘਰ ਆਟਾ ਦਾਲ ਸਕੀਮ ਦਾ ਆਗਾਜ਼ ਕੀਤਾ ਅਤੇ ਪੰਜ ਬਜ਼ੁਰਗਾਂ ਨੂੰ ਪਾਸ ਕੇ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਦਿੱਲੀ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਗੁਰੂ ਸਾਹਿਬ ਦੇ ਸੰਦੇਸ਼ ’ਤੇ ਹੀ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸੰਦੇਸ਼ ਸੀ ਕਿ ਅਸੀਂ ਦੀਨ ਦੁਖੀਆਂ ਦੀ ਸੇਵਾ ਕਰਨੀ ਹੈ। ਜਿਸ ਵਿਚ ਗਰੀਬਾਂ ਨੂੰੂ ਚੰਗੀ ਸਿੱਖਿਆ ਦੇਣਾ, ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਉਨ੍ਹਾਂ ਨੂੰ ਤੀਰਥ ਯਾਤਰਾ ’ਤੇ ਲੈ ਕੇ ਜਾਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਅਸੀਂ 80 ਹਜ਼ਾਰ ਵਿਅਕਤੀਆਂ ਨੂੰ ਯਾਤਰਾ ਕਰਵਾ ਚੁੱਕੇ ਹਾਂ ਅਤੇ ਪੰਜਾਬ ਵਿਚ ਵੀ ਇਹ ਯੋਜਨਾ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਤੋਂ 300, ਜਲੰਧਰ ਤੋਂ 200 ਅਤੇ ਧੂਰੀ ਤੋਂ ਕਰੀਬ 500 ਯਾਤਰੀ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਲਈ ਟਰੇਨ ਵਿਚ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਤਿੰਨ ਟਰੇਨਾਂ ਵਰਿੰਦਾਵਨ, ਤਿੰਨ ਵਾਰਾਣਸੀ ਅਤੇ ਇਕ ਟਰੇਨ ਮਾਲੇਰਕੋਟਲਾ ਤੋਂ ਅਜਮੇਰ ਸ਼ਰੀਫ ਦੇ ਲਈ ਵੀ ਜਾਵੇਗੀ ਅਤੇ ਇਹ ਸਾਰੀਆਂ ਟਰੇਨਾਂ ਏ.ਸੀ. ਹੋਣਗੀਆਂ। ਇਸ ਮੌਕੇ ਭਗਵੰਤ ਮਾਨ ਨੇ ਵਿਰੋਧੀ ਸਿਆਸੀ ਪਾਰਟੀਆਂ ’ਤੇ ਸਵਾਲ ਵੀ ਚੁੱਕੇ।