ਜਰਨੈਲ ਸਿੰਘ
(ਕਿਸ਼ਤ : ਕਿਸ਼ਤ ਪਹਿਲੀ)
ਸਾਡਾ ਪਿੰਡ ਮੇਘੋਵਾਲ ਗੰਜਿਆਂ ਹੀਰ ਗੋਤ ਦੇ ਜੱਟਾਂ ਦੇ ਵਡੇਰਿਆਂ ਨੇ ਵਸਾਇਆ ਸੀ। ਸਾਡੇ ਦੋ ਗਵਾਂਢੀ ਪਿੰਡ ਰਾਜੋਵਾਲ ਤੇ ਰਹਿਸੀਵਾਲ ਵੀ ਹੀਰ ਗੋਤੀ ਹਨ। ਮੇਘੋਵਾਲ ਹੁਸ਼ਿਆਰਪੁਰ-ਜਲੰਧਰ ਸੜਕ ਤੋਂ ਚਾਰ ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਏਥੋਂ ਹੁਸ਼ਿਆਰਪੁਰ 14 ਕਿਲੋਮੀਟਰ ਹੈ। ਸਾਡੇ ਪਿੰਡ ਦਾ ਇਕ ਬਸੀਵਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਘਡਿਆਲ਼ ਨਾਲ਼ ਲਗਦਾ ਹੈ।
ਪਿੰਡ ਦੀ ਆਬਾਦੀ ਬਹੁਤ ਸੰਘਣੀ ਸੀ। ਪਤੰਗਾਂ ਦੇ ਪੇਚੇ ਲਾਉਂਦਿਆਂ ਅਸੀਂ ਨਾਲ਼-ਨਾਲ਼ ਜੁੜੀਆਂ ਛੱਤਾਂ ਤੋਂ ਹੁੰਦੇ ਹੋਏ ਪਿੰਡ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾ ਪਹੁੰਚਦੇ ਸਾਂ। ਪਿੰਡ ‘ਚ ਸਾਰੀਆਂ ਜਾਤਾਂ ਦੇ ਲੋਕ ਵਸਦੇ ਸਨ ਜੱਟ, ਤਰਖਾਣ, ਲੁਹਾਰ, ਬ੍ਰਾਹਮਣ, ਜੁਲਾਹੇ, ਆਧਰਮੀ, ਨਾਈ, ਝਿਉਰ, ਛੀਂਬੇ, ਸੁਨਿਆਰੇ, ਘੁਮਿਆਰ ਆਦਿ। ਲੋਕਾਂ ਵਿਚ ਮਾੜੇ-ਮੋਟੇ ਵੈਰ-ਵਿਰੋਧ ਤਾਂ ਹੈਗੇ ਸਨ ਪਰ ਕੁੱਲ ਮਿਲ਼ਾ ਕੇ ਪਿੰਡ ਦਾ ਮਾਹੌਲ ਠੀਕ ਸੀ। ਲੋਕ ਇਕ-ਦੂਜੇ ਦੇ ਕੰਮ ਆਉਂਦੇ ਸਨ, ਦੁੱਖ-ਸੁੱਖ ਦੇ ਸਾਂਝੀ ਸਨ। ਸਾਰੀਆਂ ਜਾਤਾਂ ਦੇ ਨਿਆਣੇ ਰਲ਼-ਮਿਲ਼ ਕੇ ਖੇਡਦੇ ਸਨ।
ਪਿੰਡ ਵਿਚ ਨਲ਼ਕੇ ਦੋ-ਚਾਰ ਘਰਾਂ ‘ਚ ਹੀ ਸਨ। ਚਾਰ ਸਾਂਝੇ ਖੂਹ ਸਨ ਜਿਥੋਂ ਝਿਉਰ ਪਾਣੀ ਢੋਅ ਕੇ ਘਰਾਂ ‘ਚ ਵਰਤਾ ਦੇਂਦੇ। ਸਾਡੇ ਪਾਸੇ ਬਤਨਾ ਝਿਉਰ ਤੇ ਉਸ ਦੀ ਪਤਨੀ ਈਸਰੀ ਸਵੇਰੇ, ਸਾਂਝੇ ਖੂਹ ਤੋਂ ਪਾਣੀ ਢੋਅ ਕੇ ਹਰ ਘਰ ‘ਚ ਦੋ-ਦੋ ਘੜੇ ਭਰ ਜਾਂਦੇ। ਬਤਨਾ ਚੁੱਪ-ਚੁਪੀਤਾ ਸੀ ਤੇ ਈਸਰੀ ਗੱਲਾਂ ਦੀ ਗਲਾਧੜ। ਪਾਣੀ ਵਰਤਾਉਣ ਦੇ ਨਾਲ਼-ਨਾਲ਼ ਉਹ ਕਿਸੇ ਘਰ ‘ਚ ਵਾਪਰੀ ਨਵੀਂ-ਤਾਜ਼ੀ ਵੀ ਸਾਰੇ ਘਰੀਂ ਨਸ਼ਰ ਕਰ ਜਾਂਦੀ। ਜੇ ਕਿਸੇ ਸੁਆਣੀ ਨੇ ਪਾਣੀ ਬਾਬਤ ਜਾਂ ਕਿਸੇ ਹੋਰ ਗੱਲੋਂ ਈਸਰੀ ਦੀ ਨੁਕਤਾਚੀਨੀ ਕਰਨੀ ਤਾਂ ਉਹ ਮੂਹਰਿਉਂ ਇਕ ਦੀਆਂ ਦੋ ਸੁਣਾਉਂਦੀ। ਕੱਪੜੇ-ਲੀੜੇ ਧੋਣ ਜਾਂ ਨਹਾਉਣ ਲਈ ਜਦੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਤਾਂ ਬੁੜ੍ਹੀਆਂ-ਕੁੜੀਆਂ ਆਪ ਖੂਹ ਤੋਂ ਭਰ ਲਿਆਉਂਦੀਆਂ। ਮਰਦ ਖੇਤਾਂ ਵਿਚ ਲੱਗੇ ਹਲਟਾਂ ਜਾਂ ਸਾਂਝੇ ਖੂਹ ਤੇ ਨਹਾ ਲੈਂਦੇ। ਖੂਹ ‘ਤੇ ਘਿਰੜੇ ਲੱਗੇ ਹੋਏ ਸਨ ਜਿਨ੍ਹਾਂ ਰਾਹੀਂ ਲੋਕ ਆਪੋ ਆਪਣੇ, ਡੋਲ ਤੇ ਲੱਜ (ਲੰਮਾ ਰੱਸਾ) ਨਾਲ਼ ਪਾਣੀ ਕੱਢ ਲੈਂਦੇ। ਡੰਗਰਾਂ ਨੂੰ ਵੀ ਪਾਣੀ ਉਸੇ ਖੂਹ ‘ਤੇ ਡਾਹਿਆ ਜਾਂਦਾ ਸੀ।
ਸਾਨੂੰ ਖੂਹ ‘ਤੇ ਬਹੁਤਾ ਨਹੀਂ ਸੀ ਜਾਣਾ ਪੈਂਦਾ। ਗਵਾਂਢ ਵਿਚ ਤਾਏ ਦੀਵਾਨ ਸਿੰਘ ਸਿੰਘਾਪੁਰੀਏ ਦੇ ਘਰ ਨਲ਼ਕਾ ਹੈਗਾ ਸੀ, ਓਥੋਂ ਬਾਲਟੀਆਂ ‘ਚ ਲੈ ਆਉਂਦੇ ਸਾਂ।
ਪਾਣੀ ਢੋਣ ਵਾਲ਼ੇ ਝਿਉਰ ਵਿਆਹਾਂ-ਸ਼ਾਦੀਆਂ ‘ਤੇ ਭਾਂਡੇ ਧੋਣ ਦਾ ਕੰਮ ਵੀ ਭੁਗਤਾਉਂਦੇ ਸਨ। ਉਨ੍ਹਾਂ ਨੂੰ ਹਾੜ੍ਹੀ-ਸਾਉਣੀ ਸੇਪੀ ਵਜੋਂ ਦਾਣੇ ਅਤੇ ਵਿਆਹਾਂ ਦੇ ਮੌਕਿਆਂ ‘ਤੇ ਲਾਗ ਦਿੱਤੇ ਜਾਂਦੇ ਸਨ।
ਜ਼ਿੰਦਗੀ ਸਾਦੀ ਸੀ। ਲੋੜਾਂ ਸੀਮਤ ਸਨ, ਤਕਰੀਬਨ ਪਿੰਡ ‘ਚ ਹੀ ਪੂਰੀਆਂ ਹੋ ਜਾਂਦੀਆਂ। ਪਹਿਨਣ ਵਾਸਤੇ ਘਰਾਂ ਦੇ ਕੱਤੇ ਹੋਏ ਸੂਤ ਦਾ ਖੱਦਰ, ਪਿੰਡ ਦੇ ਜੁਲਾਹੇ ਤੇ ਆਧਰਮੀ ਖੱਡੀਆਂ ‘ਤੇ ਬੁਣ ਦਿੰਦੇ। ਉਹ ਬਿਸਤਰਿਆਂ ਵਾਸਤੇ ਚਿੱਟੇ ਤੇ ਰੰਗਦਾਰ ਡੱਬੀਆਂ ਵਾਲ਼ੇ ਖੇਸ-ਖੇਸੀਆਂ ਤੇ ਚੌਤਹੀਆਂ ਵੀ ਬਣਾ ਦਿੰਦੇ ਸਨ। ਮਿਹਨਤ ਵਜੋਂ ਦਾਣੇ ਲੈਂਦੇ ਸਨ। ਆਮ ਜੀਵਨ ‘ਚ ਲੋਕ ਖੱਦਰ ਤੋਂ ਸਿਵਾਇ ਸਸਤੇ ਸੂਤੀ ਕੱਪੜੇ ਪਹਿਨਦੇ ਸਨ। ਉਹ ਕੱਪੜੇ ਪਿੰਡਾਂ ‘ਚ ਆਉਂਦੇ ਡੱਗੀਆਂ ਵਾਲ਼ਿਆਂ ਤੋਂ ਮਿਲ਼ ਜਾਂਦੇ ਸਨ, ਸ਼ਹਿਰ ਜਾਣ ਦੀ ਲੋੜ ਨਹੀਂ ਸੀ। ਦਾਜ-ਵਰੀ ਜਾਂ ਵਿਆਹਾਂ ‘ਚ ਪਹਿਨਣ ਵਾਸਤੇ ਕਪੜਾ ਖ਼ਰੀਦਣ ਲਈ ਹੀ ਸ਼ਹਿਰ ਜਾਣਾ ਪੈਂਦਾ ਸੀ।
ਔਰਤਾਂ ਦੀ ਪੁਸ਼ਾਕ ਸਲਵਾਰ-ਕਮੀਜ਼ ਹੁੰਦੀ ਸੀ। ਮਰਦ ਕਮੀਜ਼ਾਂ-ਕੁੜਤਿਆਂ ਨਾਲ਼ ਚਾਦਰੇ ਬੰਨ੍ਹਦੇ ਸਨ। ਮੁੰਡੇ ਆਮ ਤੌਰ ਤੇ ਕਮੀਜ਼ਾਂ-ਪਜਾਮੇ ਪਹਿਨਦੇ। ਪੈਟਾਂ ਨੌਕਰੀ-ਪੇਸ਼ਾ ਬੰਦੇ ਜਾਂ ਕਾਲਜਾਂ ਦੇ ਕੁਝ ਵਿਦਿਆਰਥੀ ਹੀ ਪਹਿਨਦੇ ਸਨ।
ਕੱਪੜੇ ਸਿਉਂਣ ਲਈ ਪਰਿਵਾਰਾਂ ਦੇ ਆਪੋ-ਅਪਣੇ ਪੱਕੇ ਦਰਜੀ ਹੁੰਦੇ ਸਨ, ਜਿਨ੍ਹਾਂ ਨੂੰ ਹਾੜ੍ਹੀ-ਸਾਉਣੀ ਦਾਣਿਆਂ ਦੀ ਸੇਪ ਦਿੱਤੀ ਜਾਂਦੀ ਸੀ। ਵਿਆਹ ਸਮੇਂ ਦਰਜੀ ਕੁਝ ਦਿਨ ਪਹਿਲਾਂ ਹੀ ਆਪਣੀ ਮਸ਼ੀਨ ਲੈ ਕੇ ਵਿਆਹ ਵਾਲ਼ੇ ਘਰ ਆ ਜਾਂਦਾ। ਦੋ ਦਿਨ ਲੱਗ ਜਾਣ, ਚਾਰ ਲੱਗ ਜਾਣ, ਉਹ ਟੱਬਰ ਦੇ ਸਾਰੇ ਜੀਆਂ ਦੇ ਕੱਪੜੇ ਸਿਉਂ ਕੇ ਹੀ ਮਸ਼ੀਨ ਚੁੱਕਦਾ।
ਜੁੱਤੀਆਂ ਧੌੜੀ (ਸਖਤ ਚਮੜਾ) ਤੇ ਕੁਰਮ (ਨਰਮ ਚਮੜਾ) ਦੀਆਂ ਹੁੰਦੀਆਂ ਸਨ ਜੋ ਪਿੰਡ ਦੇ ਆਧਰਮੀ ਮੋਚੀ ਬਣਾ ਦਿੰਦੇ। ਉਹ ਮੁੱਖ ਤੌਰ ‘ਤੇ ਸੇਪੀ ‘ਤੇ ਕੰਮ ਕਰਦੇ ਸਨ। ਪੈਸੇ ਸਿਰਫ਼ ਖਾਸ ਜੁੱਤੀ ਦੇ ਹੀ ਲੈਂਦੇ ਸਨ।
ਹਲ਼-ਪੰਜਾਲ਼ੀਆਂ ਤੇ ਜਿਮੀਂਦਾਰਾਂ ਦੇ ਸੰਦ-ਬੇਟ ਬਣਾਉਣ ਤੇ ਮੁਰੰਮਤ ਦਾ ਕੰਮ ਪਿੰਡ ਦੇ ਤਰਖਾਣ ਕਰਦੇ ਸਨ। ਹਲ਼ਾਂ ਦੇ ਫਾਲ਼ੇ ਤੇ ਟੋਕੇ ਦੇ ਗੰਡਾਸੇ ਚੰਡਣ, ਦਾਤਰੀਆਂ ਦੇ ਦੰਦ ਕੱਢਣ ਦੇ ਕੰਮ ਲੁਹਾਰ ਕਰਦੇ ਸਨ, ਸੇਪੀ ‘ਤੇ ਹੀ।
ਆਟਾ ਪੀਹਣ ਲਈ ਪਿੰਡ ‘ਚ ਤਿੰਨ ਖਰਾਸ ਸਨ। ਖਰਾਸਾਂ ਦੇ ਮਾਲਕ ਪਿਸਾਈ ਦੇ ਪੈਸੇ ਨਹੀਂ, ਆਟੇ ਦਾ ਭਾੜਾ ਲੈਂਦੇ ਸਨ। ਕੁਝ ਸਾਲਾਂ ਬਾਅਦ ਪਿੰਡ ‘ਚ ਆਟਾ ਪੀਹਣ ਵਾਲ਼ੀ ਚੱਕੀ ਵੀ ਲੱਗ ਗਈ ਸੀ ਪਰ ਜ਼ਿਆਦਾ ਲੋਕ ਖਰਾਸ ਦੇ ਆਟੇ ਨੂੰ ਤਰਜੀਹ ਦਿੰਦੇ ਸਨ।
ਇਕ ਵੇਰਾਂ ਬਾਪੂ ਜੀ ਨੇ ਆਟਾ ਪੀਹਣ ਬਾਅਦ ਦੋਵੇਂ ਬਲਦ ਇਕ ਦੂਜੇ ਨਾਲ਼ ਨੱਥੀ ਕਰਕੇ ਮੇਰੇ ਮੂਹਰੇ ਲਾ ਦਿੱਤੇ। ਕਹਿਣ ਲੱਗੇ, “ਇਨ੍ਹਾਂ ਨੂੰ ਖੁਰਲੀ ਤੇ ਬੰਨ੍ਹ ਦਈਂ। ਮੈਂ ਠਹਿਰ ਕੇ ਆਉਨਾ।” ਉਨ੍ਹਾਂ ਨੂੰ ਪਿੰਡ ‘ਚ ਕੋਈ ਕੰਮ ਸੀ। ਉਦੋਂ ਅਸੀਂ ਬਰਸਾਤਾਂ ‘ਚ ਮਾਲ-ਡੰਗਰ ਹਵੇਲੀ ਤੋਂ ਖੂਹ ‘ਤੇ ਲੈ ਜਾਂਦੇ ਸਾਂ। ਖੂਹ ‘ਤੇ ਪਹੁੰਚ ਕੇ ਜਦ ਮੈਂ ਬਲਦਾਂ ਨੂੰ ਖੁਰਲੀ ‘ਤੇ ਬੰਨਣ ਲੱਗਾ ਤਾਂ ਨਾਰਾ ਬਲਦ ਮੈਨੂੰ ਪੈ ਗਿਆ। ਉਹ ਮਾਰਖੰਡਾ ਨਹੀਂ ਸੀ। ਉਸਨੂੰ ਬੰਨ੍ਹ ਕੇ ਜਦੋਂ ਪਿਛਾਂਹ ਹਟਣਾ ਤਾਂ ਉਹ ਸਿਰ ਨੂੰ ਹਲੂਣਾ ਜਿਹਾ ਮਾਰਦਾ ਹੁੰਦਾ ਸੀ। ਉਸ ਦਿਨ ਪਤਾ ਨਹੀਂ ਉਸਨੂੰ ਕੀ ਹੋਇਆ ਕਿ ਉਸਨੇ ਮੈਨੂੰ ਸਿੰਗਾਂ ਨਾਲ਼ ਲਿਤਾੜ ਸੁੱਟਿਆ। ਮੇਰੀਆਂ ਲੇਰਾਂ ਸੁਣ ਕੇ ਲਾਗਲੇ ਖੇਤ ‘ਚ ਹਲ ਵਾਹੁੰਦਾ ਬੰਦਾ ਦੌੜ ਕੇ ਆਇਆ ਤੇ ਬਲਦ ਨੂੰ ਕਾਬੂ ਕੀਤਾ। ਮੇਰੇ ਨੱਕ ‘ਤੇ ਜ਼ਖਮ ਹੋ ਗਿਆ ਸੀ, ਬਾਕੀ ਸੱਟਾਂ ਗੁੱਝੀਆਂ ਸਨ। ਸਾਡੇ ਪਿੰਡ ਦਾ ਦੇਸੀ ਦਵਾ-ਦਾਰੂ ਕਰਦਾ ਗਿਆਨੀ (ਨਾਂ ਭੁੱਲ ਗਿਐ) ਰੋਜ਼ ਜ਼ਖਮ ਨੂੰ ਸਾਫ ਕਰਕੇ ਦਵਾਈ ਲਾ ਜਾਂਦਾ। ਗੁੱਝੀਆਂ ਸੱਟਾਂ ਸੇਕ ਨਾਲ਼ ਠੀਕ ਹੋਈਆਂ। ਬੀਬੀ ਚੁੱਲ੍ਹੇ ਦੀ ਅੱਗ ‘ਚ ਇਕ ਰੋੜਾ ਗਰਮ ਕਰ ਲੈਂਦੀ ਤੇ ਉਸਨੂੰ ਕੱਪੜੇ ‘ਚ ਲਪੇਟ ਕੇ ਮੇਰੀਆਂ ਸੱਟਾਂ ‘ਤੇ ਸੇਕ ਦੇਂਦੀ। ਮੈਂ ਕਈ ਦਿਨ ਮੰਜੇ ‘ਤੇ ਰਿਹਾ। ਚੌਥੀ ਜਮਾਤ ‘ਚ ਪੜ੍ਹਦਾ ਸੀ ਉਦੋਂ ਮੈਂ।
ਘਰ ਦੇ ਗੁਜ਼ਾਰੇ ਲਈ ਗੰਨੇ ਦੀ ਫ਼ਸਲ ਸਾਰੇ ਕਿਸਾਨ ਬੀਜਦੇ ਸਨ। ਮਿੱਲ ‘ਤੇ ਸੁੱਟਣ ਲਈ ਖੁੱਲ੍ਹੀਆਂ ਜ਼ਮੀਨਾਂ ਵਾਲ਼ੇ ਹੀ ਬੀਜਦੇ। ਘਰਾਂ ਵਿਚ ਗੁੜ-ਸ਼ੱਕਰ ਹੀ ਵਰਤਿਆ ਜਾਂਦਾ ਸੀ। ਚਾਹ ਵੀ ਗੁੜ ਦੀ ਹੀ ਹੁੰਦੀ ਸੀ। ਖੰਡ ਦੀ ਚਾਹ ਸਿਰਫ਼ ਪ੍ਰਾਹੁਣਿਆਂ ਵਾਸਤੇ ਹੀ ਬਣਦੀ ਸੀ। ਘਿਉ-ਸ਼ੱਕਰ ਖਾਸ ‘ਡਿਸ਼’ ਹੁੰਦੀ ਸੀ।
ਪਿੰਡ ਦੇ ਆਮ ਕਿਸਾਨ ਮੁੱਖ ਫਸਲਾਂ ਨਾਲ਼ ਮਾਂਹ, ਮੋਠ, ਮਸਰ, ਮੂੰਗੀ, ਕਾਲ਼ੇ ਛੋਲੇ, ਰੌਂਗੀ, ਅਲ਼ਸੀ, ਤਿਲ਼, ਮੇਥੇ ਆਦਿ ਵੀ ਬੀਜਦੇ ਸਨ। ਖਰੀਦਣ ਦੀ ਲੋੜ ਨਹੀਂ ਸੀ ਪੈਂਦੀ। ਸਬਜ਼ੀਆਂ ਵੀ ਆਪਣੀਆਂ ਹੀ ਉਗਾਉਂਦੇ ਸਨ। ਸਾਗ ਅਤੇ ਤੇਲ ਵਾਸਤੇ ਸਰ੍ਹੋਂ ਬਰਸੀਮ ਦੇ ਕਿਆਰਿਆਂ ਦੀਆਂ ਵੱਟਾਂ ਅਤੇ ਕਣਕ ਦੇ ਖੇਤਾਂ ਦੀਆਂ ਓਲੀਆਂ ‘ਚ ਬੀਜੀ ਜਾਂਦੀ ਸੀ। ਪਰਿਵਾਰ ਦੀ ਆਮ ਵਰਤੋਂ ਅਤੇ ਵਿਆਹਾਂ ਸਮੇਂ ਪਕਵਾਨ ਬਣਾਉਣ ਲਈ ਘਰ ਦੀ ਸਰ੍ਹੋਂ ਦੀ ਘਾਣੀ ਦਾ ਤੇਲ ਵਰਤਿਆ ਜਾਂਦਾ ਸੀ। ਸਾਡੇ ਪੰਜਾਂ ਭੈਣ-ਭਰਾਵਾਂ ਦੇ ਵਿਆਹਾਂ ‘ਤੇ ਘਰ ਦੀ ਸਰ੍ਹੋਂ ਦੇ ਤੇਲ ਨਾਲ਼ ਹੀ ਸਰ ਗਿਆ ਸੀ।
ਰਜਾਈਆਂ-ਤਲ਼ਾਈਆਂ ਭਰਨ ਲਈ ਰੂੰ, ਖੇਸ-ਖੇਸੀਆਂ ਤੇ ਦਰੀਆਂ ਬਣਾਉਣ ਲਈ ਮੋਟਾ ਸੂਤ ਅਤੇ ਪਹਿਨਣ ਵਾਸਤੇ ਖੱਦਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਮ ਕਿਸਾਨ ਕਪਾਹ ਵੀ ਬੀਜਦੇ ਸਨ। ਸੂਤ ਕੱਤਣ ਲਈ ਹਰ ਘਰ ਵਿਚ ਇਕ-ਦੋ ਚਰਖੇ ਹੁੰਦੇ ਸਨ। ਸਿਆਲਾਂ ਦੀਆਂ ਲੰਮੀਆਂ ਰਾਤਾਂ ਵਿਚ ਕੁੜੀਆਂ ਤ੍ਰਿੰਝਣਾਂ ‘ਚ ਜੁੜ ਕੇ ਚਰਖੇ ਕੱਤਦੀਆਂ ਤੇ ਨਾਲ਼ ਇਕਸੁਰ ਹੋਕੇ ਮਧੁਰ ਗੀਤ ਗਾਉਂਦੀਆਂ ਸਨ।
ਰੱਸੇ-ਰੱਸੀਆਂ ਨਾਈਲੋਨ ਦੇ ਨਹੀਂ ਸਣ ਦੇ ਹੁੰਦੇ ਸਨ। ਆਮ ਕਿਸਾਨ ਆਪਣੀ ਸਣ ਬੀਜਦੇ ਸਨ। ਸਣ ਦੇ ਗਰ੍ਹਨੇ ਬਣਾ ਕੇ, ਛੱਪੜ ਵਿਚ ਡੋਬ ਦਿੱਤੇ ਜਾਂਦੇ। ਕੁਝ ਹਫਤਿਆਂ ਬਾਅਦ ਗਰ੍ਹਨੇ ਬਾਹਰ ਕੱਢ ਕੇ ਸੁਕਾ ਲਏ ਜਾਂਦੇ। ਸੁੱਕੇ ਹੋਏ ਗਰ੍ਹਨਿਆਂ ਦੀ ਇਕ-ਇਕ ਸੀਖ ਤੋੜ ਕੇ, ਕਿਸਾਨ ਸਣ ਦੀਆਂ ਲਿਟਾਂ ਦੀਆਂ ਜੂੜੀਆਂ ਬਣਾ ਲੈਂਦੇ। ਫਿਰ ਲੋੜ ਪੈਣ ‘ਤੇ ਸਣ ਦੀਆਂ ਲਿਟਾਂ ਨੂੰ ਹੱਥਾਂ ਨਾਲ਼ ਵੱਟ ਕੇ ਲੋੜੀਂਦੇ ਸਾਈਜ਼ ਦੀਆਂ ਰੱਸੀਆਂ-ਰੱਸੇ ਬਣਾ ਲੈਂਦੇ।
ਕੁਝ ਕਿਸਾਨ ਘਰ ਦੀ ਵਰਤੋਂ ਲਈ ਖਰਬੂਜੇ-ਹਦਵਾਣੇ ਵੀ ਬੀਜਦੇ ਸਨ। ‘ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ’ ਦਾ ਅਖਾਣ ਸਾਡੇ ਪਿੰਡ ‘ਤੇ ਵੀ ਢੁੱਕਦਾ ਸੀ। ਅੰਬਾਂ ਦੇ ਘੱਟੋ-ਘੱਟ ਤਿੰਨ ਚਾਰ ਦਰੱਖਤ ਤਾਂ ਹਰੇਕ ਕਿਸਾਨ ਦੇ ਹੁੰਦੇ ਸਨ। ਕਈਆਂ ਦੇ ਬਾਗ ਵੀ ਸਨ। ਸਾਡੇ ਆਪਣੇ ਬਾਗ ਵਿਚ ਪੰਜਾਹ ਤੋਂ ਵੱਧ ਦਰੱਖਤ ਅੰਬਾਂ ਦੇ ਅਤੇ ਦੋ ਜਾਮਣਾਂ ਦੇ ਸਨ। ਬਾਗ ਦੇ ਅੰਬ ਆਮ ਜਿਹੇ ਵੀ ਸਨ ਤੇ ਵਿਸ਼ੇਸ਼ ਵੀ ਜਿਵੇਂ ਸੌਂਫ ਦੇ ਸਵਾਦ ਵਾਲ਼ਾ ਸੌਂਫੀਆ ਅੰਬ, ਵੱਡੇ ਸਾਈਜ਼ ਦਾ ਖਰਬੂਜਾ ਅੰਬ, ਸੰਧੂਰੀ ਅੰਬ, ਅਜੋਕੇ ਦੁਸਹਿਰੀ ਵਰਗਾ ਲੰਮਾ ਛੱਲੀ ਅੰਬ। ਸਾਡੇ ਅਨਪੜ੍ਹ ਵੱਡੇ-ਵਡੇਰਿਆਂ ਵੱਲੋਂ ਇਹੋ ਜਿਹੇ ਸੁਆਦੀ ਅੰਬਾਂ ਦੀਆਂ ਕਿਸਮਾਂ ਤਿਆਰ ਕਰਨੀਆਂ ਕਰਾਮਾਤ ਵਰਗੀ ਗੱਲ ਸੀ। ਅੰਬਾਂ ਨੂੰ ਸਾਂਭਣ-ਵੇਚਣ ਦਾ ਕੰਮ ਕਿਸਾਨਾਂ ਲਈ ਔਖਾ ਸੀ। ਪਿੰਡਾਂ ਦੇ ਹੀ ਵਪਾਰੀ ਕਿਸਮ ਦੇ ਲੋਕ ਅੰਬ ਖ਼ਰੀਦ ਲੈਂਦੇ। ਜਿਵੇਂ-ਜਿਵੇਂ ਅੰਬ ਪੱਕ ਕੇ ਹੇਠਾਂ ਡਿਗਦੇ, ਵਪਾਰੀ ਟੋਕਰੀਆਂ ‘ਚ ਭਰ ਕੇ ਮੰਡੀ ਲੈ ਜਾਂਦੇ।
ਬਾਗਾਂ ਦੇ ਮਾਲਕਾਂ ਨੂੰ ਆਪਣੇ ਚੂਪਣ ਤੇ ਅਚਾਰ ਵਾਸਤੇ ਜਿੰਨੀ ਲੋੜ ਹੁੰਦੀ, ਉਹ ਸੌਦਾ ਕਰਨ ਸਮੇਂ ਵਪਾਰੀ ਨੂੰ ਦੱਸ ਦਿੰਦੇ ਕਿ ਸਾਨੂੰ ਏਨੇ ਮਣ ਜਿਣਸ ਦੀ ਲੋੜ ਪਏਗੀ। ਉਦੋਂ ਕੁਇੰਟਲ ਤੇ ਕਿੱਲੋ ਨਹੀਂ ‘ਮਣ ਤੇ ਸੇਰ’ ਹੁੰਦੇ ਸਨ। 40 ਸੇਰ ਦਾ ਮਣ ਤੇ 16 ਛਟਾਂਕ ਦਾ ਸੇਰ। ਜਿੱਦਣ ਸਾਡਾ ਅੰਬ ਚੂਪਣ ਦਾ ਮਨ ਬਣਦਾ, ਵਪਾਰੀ ਕੋਲੋਂ ਆਪਣੀ ਪਸੰਦ ਦੇ ਚਾਰ-ਪੰਜ ਸੇਰ ਤੁਲਵਾ ਲਿਆਉਂਦੇ ਤੇ ਠੰਢੇ ਪਾਣੀ ਦੀ ਬਾਲਟੀ ਵਿਚ ਡੋਬ ਕੇ, ਸਾਰੇ ਜਣੇ ਮਜ਼ੇ ਨਾਲ਼ ਚੂਪਦੇ। ਜਲੰਧਰ ਜ਼ਿਲ੍ਹੇ ਦੇ ਸਾਡੇ ਰਿਸ਼ਤੇਦਾਰ ਅੰਬ ਚੂਪਣ ਲਈ ਵਿਸ਼ੇਸ਼ ਤੌਰ ‘ਤੇ ਗੇੜਾ ਮਾਰਦੇ ਸਨ। ਕੱਚੇ ਅੰਬ ਦੀ ਚਟਣੀ ਤੋਂ ਇਲਾਵਾ ਸ਼ਿੱਸ਼ਾ ਵੀ ਬਣਦਾ ਸੀ। ਸ਼ਿੱਸ਼ਾ ਕੀ ਸੀ? ਕੱਚੇ ਅੰਬਾਂ ਨੂੰ ਪਾਣੀ ‘ਚ ਉਬਾਲ ਕੇ ਜਾਂ ਭੁੱਬਲ ਵਿਚ ਭੁੰਨ ਕੇ, ਉਸਦਾ ਗੁੱਦਾ ਪਾਣੀ ‘ਚ ਘੋਲ ਲਿਆ ਜਾਂਦਾ। ਉਸ ਘੋਲ ਵਿਚ ਰਗੜਿਆ ਪੂਦਨਾ, ਪਿਆਜ, ਲੂਣ, ਮਸਾਲਾ ਤੇ ਥੋੜੀ ਕੁ ਸ਼ੱਕਰ ਪਾ ਕੇ ਜੋ ‘ਡਿਸ਼’ ਬਣਦੀ, ਉਸ ਨੂੰ ‘ਸ਼ਿੱਸ਼ਾ’ ਆਖਦੇ ਸਨ। ਉਹ ਰੋਟੀ ਦੇ ਨਾਲ਼ ਜਾਂ ਬਾਅਦ ਵਿਚ ਪੀਂਦੇ ਸਾਂ। ਹਾਜ਼ਮੇ ਵਾਸਤੇ ਬਹੁਤ ਵਧੀਆ ਚੀਜ਼ ਸੀ।
ਪਿੰਡ ਵਿਚ ਚਾਰ ਭੱਠੀਆਂ ਸਨ। ਸਾਡੇ ਪਾਸੇ ਈਸਰੀ ਤੇ ਬਤਨੇ ਦੀ ਭੱਠੀ ਸੀ। ਬਤਨਾ ਬਾਲਣ ਝੋਕਦਾ ਤੇ ਈਸਰੀ ਕੜਾਹੀ ਦੀ ਗਰਮ ਰੇਤ ਵਿਚ ਮੱਕੀ, ਕਣਕ ਤੇ ਛੋਲਿਆਂ ਦੇ ਦਾਣੇ ਭੁੰਨਦੀ ਤੇ ਨਾਲ਼ ਦੀ ਨਾਲ਼ ਗੱਲਾਂ ਕਰੀ ਜਾਂਦੀ। ਨਵੀਂ ਅਣਸੁਕਾਈ ਮੱਕੀ ਦੇ ਆਭੂ, ਮੁਰਮੁਰੇ ਤੇ ਪੁਰਾਣੀ ਮੱਕੀ ਦੀਆਂ ਖਿੱਲਾਂ, ਨਿਆਣੇ-ਸਿਆਣੇ ਕਮੀਜ਼ਾਂ-ਕੁੜਤਿਆਂ ਦੀਆਂ ਜ਼ੇਬਾਂ ਜਾਂ ਕੌਲੀਆਂ ‘ਚ ਪਾ ਕੇ ਮਜ਼ੇ ਨਾਲ਼ ਚੱਬਦੇ। ਕਣਕ ਦੇ ਗਰਮ-ਗਰਮ ਦਾਣਿਆਂ ਨੂੰ ਗੁੜ ਲਾ ਕੇ ਬਣਾਏ ‘ਰੋੜ’ ਅਤੇ ਲੂਣ ਲੱਗੇ ਦਲ਼ੇ ਹੋਏ ਛੋਲੇ ਸੁਆਦ ਵੀ ਹੁੰਦੇ ਸਨ ਤੇ ਸਿਹਤ ਲਈ ਗੁਣਕਾਰੀ ਵੀ।
ਬਰਸਾਤ ਦੀ ਰੁੱਤੇ ਪੰਜ-ਸੱਤ ਗਭਰੂ ਇਕੱਠੇ ਹੋ ਕੇ ਆਪਣੇ ਖੇਤਾਂ ਵਿਚੋਂ ਛੱਲੀਆਂ ਤੋੜਦੇ ‘ਤੇ ਉੱਥੇ ਹੀ ਕਿਸੇ ਛਾਂਦਾਰ ਦਰੱਖ਼ਤ ਹੇਠ ਧੂਣੀ ਲਾ ਕੇ ਆਪਣੇ ਹੱਥੀਂ ਭੁੰਨ-ਭੁੰਨ ਚੱਬਦੇ। ਇਸੇ ਤਰ੍ਹਾਂ ਸਿਆਲਾਂ ਵਿਚ ਆਪਣੇ ਤੇ ਕਦੀ-ਕਦੀ ਬਿਗਾਨੇ ਖੇਤਾਂ ਵਿਚੋਂ ਛੋਲਿਆਂ ਦੇ ਜਾੜ ਪੁੱਟ ਕੇ ਧੂਣੀ ਉੱਤੇ ਹੋਲਾਂ ਬਣਾ ਲੈਂਦੇ। ਮੈਂ ਤੇ ਮੇਰੇ ਹਾਣੀ ਹੋਲਾਂ ਚੱਬਣ ਬਾਅਦ ਧੂਣੀ ਦੀ ਕਾਲਖ ਇਕ-ਦੂਜੇ ਦੇ ਮੂੰਹ ‘ਤੇ ਮਲ਼ ਕੇ ਅਤੇ ਨਾਂ ਤੇ ਕੁਨਾਂ ਪਾ ਕੇ ਹਾਸਾ-ਮਜ਼ਾਕ ਕਰ ਲੈਂਦੇ। ਮੂੰਗਫਲੀ ਦੀ ਫ਼ਸਲ ਵਾਲ਼ੇ ਪਿੰਡਾਂ ਵਿਚ ਲੋਕ ਮੂੰਗਫਲੀ ਦੀਆਂ ਹੋਲ਼ਾਂ ਚੱਬਦੇ ਸਨ। ਤਿਉਹਾਰਾਂ ਮੌਕੇ ਮਠਿਆਈ ਮੁੱਖ ਤੌਰ ‘ਤੇ ਜਲੇਬੀਆਂ ਹੀ ਹੁੰਦੀਆਂ ਸਨ, ਪਕੌੜੇ ਘਰਾਂ ‘ਚ ਬਣਾ ਲਏ ਜਾਂਦੇ।
ਪਿੰਡ ‘ਚ ਦਸ-ਬਾਰਾਂ ਘਰ ਮਰਾਸੀਆਂ ਦੇ ਸਨ। ਦੇਸ਼ ਦੀ ਵੰਡ ਸਮੇਂ ਉਹ ਪਾਕਿਸਤਾਨ ਨਹੀਂ ਗਏ ਸਨ। ਪਿੰਡ ਵਾਲ਼ਿਆਂ ਉਨ੍ਹਾਂ ਦੀ ਰੱਖਿਆ ਕੀਤੀ ਸੀ। ਉਨ੍ਹਾਂ ਦੇ ਬਜ਼ੁਰਗ ਵਿਆਹਾਂ ਮੌਕੇ ਘਰ-ਘਰ ਜਾ ਕੇ ਸੱਦਾ ਦਿਆ ਕਰਦੇ ਸਨ। ਵਿਆਹ ਵਾਲ਼ੇ ਘਰ ਵੱਲੋਂ ਆਪਣੇ ਭਾਈਚਾਰੇ ਦੇ ਪਰਿਵਾਰਾਂ ਨੂੰ ਰੋਟੀ ਖੁਆਉਣ ਅਤੇ ਮਾਂਈਂਏਂ, ਲਾਵਾਂ, ਡੋਲੀ ਤੋਰਨ ਵਰਗੀਆਂ ਰਸਮਾਂ ‘ਚ ਸ਼ਾਮਲ ਹੋਣ ਲਈ ਮਰਾਸੀਆਂ-ਮਰਾਸਣਾਂ ਜਾਂ ਕਿਸੇ ਹੋਰ ਲਾਗੀ ਰਾਹੀਂ ਸੱਦਾ ਭੇਜਿਆ ਜਾਂਦਾ ਸੀ।
ਅੱਧਖੜ ਤੇ ਜਵਾਨ ਮਰਾਸੀਆਂ ਦੀਆਂ ਦੋ ਮੰਡਲੀਆਂ ਸਨ ਇਕ ਵਾਜਾ ਵਜਾਉਣ ਵਾਲਿਆਂ ਦੀ ਤੇ ਦੂਜੀ ਰਾਸਧਾਰੀਆਂ ਦੀ। ਵਾਜਾ-ਮਾਸਟਰ ਦਾਰਾ ਧੁਨਾਂ ਬਣਾਉਣ ‘ਚ ਮਾਹਰ ਸੀ। ਉਸ ਨੇ ਸਾਰੇ ਸਾਜਿੰਦਿਆਂ ਵਿਚ ਵਧੀਆ ਤਾਲਮੇਲ ਬਣਾਇਆ ਹੋਇਆ ਸੀ। ਉਨ੍ਹਾਂ ਦੇ ਸਾਜ਼ਾਂ ਵਿਚੋਂ ਉਭੱਰਦੀਆਂ ਨਵੇਂ-ਪੁਰਾਣੇ ਫਿਲਮੀ ਗਾਣਿਆਂ, ਬੋਲੀਆਂ ਤੇ ਟੱਪਿਆਂ ਦੀਆਂ ਮਨਮੋਹਕ ਧੁਨਾਂ ਸੁਣ ਕੇ ਲੋਕੀਂ ਆਪ ਮੁਹਾਰੇ ਨੱਚਣ-ਝੂਮਣ ਲੱਗ ਜਾਂਦੇ। ਸਾਡੇ ਇਲਾਕੇ ਵਿਚ ਵੀਹ-ਵੀਹ ਮੀਲ ਤੱਕ ਇਹੀ ਵਾਜਾ ਜਾਂਦਾ ਸੀ।
ਰਾਸਧਾਰੀਆਂ ਵਿਚ ਕਰਮਾ ਮਰਾਸੀ ਸਾਡੇ ਜ਼ਿਲ੍ਹੇ ਦਾ ਮਸ਼ਹੂਰ ਨਚਾਰ ਸੀ। ਉਸ ਦਾ ਛੋਟਾ ਭਰਾ ਅਨਵਰ ਤੇ ਤਾਏ ਦਾ ਪੁੱਤਰ ਆਦਿਲ ਅਤੇ ਖਾਨਪੁਰ ਦਾ ਨਸੀਬਾ ਆਧਰਮੀ ਵੀ ਚੰਗੇ ਨਚਾਰ ਸਨ। ਇਹ ਨਚਾਰ ਕੁੜੀਆਂ ਵਾਲ਼ੇ ਕੱਪੜੇ ਪਾ ਕੇ ਫਿਲਮੀ ਗਾਣੇ ਗਾਉਂਦੇ ਤੇ ਗਾਣਿਆਂ ਦੇ ਬੋਲਾਂ ਅਨੁਸਾਰ ਚਿਹਰੇ ਤੇ ਸਰੀਰ ਦੀਆਂ ਢੁੱਕਵੀਆਂ ਅਦਾਵਾਂ ਬਣਾ ਕੇ ਨੱਚਦੇ। ਹਰਮੋਨੀਅਮ ਤੇ ਤਬਲੇ ਵਾਲ਼ੇ ਮੇਚਵੀਆਂ ਸੁਰਾਂ ਨਾਲ਼ ਮਿਊਜ਼ਿਕ ਦੇਂਦੇ। ਉਨ੍ਹਾਂ ਦੇ ਦਿਨ ਦੇ ਪ੍ਰੋਗਰਾਮ ਨੂੰ ‘ਨਕਲਾਂ’ ਕਿਹਾ ਜਾਂਦਾ ਸੀ। ਨਕਲਾਂ ‘ਚ ਉਹ ਗਾਉਣ-ਨੱਚਣ ਦੇ ਨਾਲ਼-ਨਾਲ਼ ਪੇਂਡੂ ਜ਼ਿੰਦਗੀ ਨਾਲ਼ ਸੰਬੰਧਿਤ ਟਿੱਚਰਾਂ-ਟੋਟਕੇ ਤੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੂਬ ਹਸਾਉਂਦੇ। ਰਹਿਮੇ ਮਰਾਸੀ ਦਾ ਪੁੱਤਰ ਨਜ਼ੀਰ ਆਮ ਜਿਹੀਆਂ ਗੱਲਾਂ ਵਿਚੋਂ ਹਾਸਰਸ ਪੈਦਾ ਕਰ ਲੈਂਦਾ ਸੀ।
ਰਾਤ ਦੇ ਸ਼ੋਅ ਨੂੰ ਰਾਸ ਕਿਹਾ ਜਾਂਦਾ ਸੀ। ਕਰਮੇ ਹੁਰਾਂ ਦੀ ਰਾਸ ਮੰਡਲੀ ਦਾ ਇੰਚਾਰਜ ਪੰਡਤ ਮੋਹਣ ਲਾਲ ਹੰਢਿਆ ਹੋਇਆ ਕਲਾਕਾਰ ਸੀ। ਰਾਸ ਦੇ ਆਰੰਭ ਵਿਚ ਜਦੋਂ ਉਹ ਸੁਰੀਲੀ ਤੇ ਵੈਰਾਗਮਈ ਆਵਾਜ਼ ਵਿਚ ਭਗਤ ਸਿੰਘ ਦੀ ਘੋੜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਪੇਸ਼ ਕਰਦਾ ਤਾਂ ਜੋਸ਼ ਅਤੇ ਵੈਰਾਗ ਦੀਆਂ ਭਾਵਨਾਵਾਂ ਵਿਚ ਗੜੁੱਚ ਹੋਏ ਲੋਕ ਆਪ ਮੁਹਾਰੇ ਕਹਿ ਉੱਠਦੇ, “ਵਾਹ ਓਏ ਮੋਹਣ ਲਾਲਾ”, “ਜਿਉਂਦਾ ਰਹਿ ਓਏ ਸੁਹਣਿਆਂ।”
ਫਿਰ ਨਚਾਰਾਂ ਦਾ ਗਾਉਣ-ਨੱਚਣ ਆਰੰਭ ਹੋ ਜਾਂਦਾ ਤੇ ਜਦੋਂ ਰਾਤ ਟਿਕ ਜਾਂਦੀ, ਡਰਾਮਾ ਸ਼ੁਰੂ ਹੋ ਜਾਂਦਾ। ਪੰਡਤ ਮੋਹਣ ਲਾਲ, ਸ਼ੇਰਾ ਮਰਾਸੀ, ਕਰਮਾ ਨਚਾਰ ਤੇ ਖਾਨਪੁਰੀਆ ਨਸੀਬਾ ਡਰਾਮਿਆਂ ਦੇ ਮੰਝੇ ਹੋਏ ਕਲਾਕਾਰ ਸਨ। ਰਾਜਾ ਹਰੀਸ਼ ਚੰਦਰ, ਪੂਰਨ ਭਗਤ, ਰਾਜਾ ਭਰਥਰੀ ਆਦਿ ਡਰਾਮਿਆਂ ਦੇ ਹਿਰਦੇ ਵੇਧਕ ਸੀਨ ਵੇਖਦਿਆਂ ਲੋਕੀਂ ਹੰਝੂ ਕੇਰਨ ਲਗ ਜਾਂਦੇ। ਮੇਰੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਸਨ। ਹੋਲੇ ਦੇ ਤਿਉਹਾਰ ‘ਤੇ ਪਿੰਡ ਵਿਚ ਪੰਜ-ਛੇ ਦਿਨ ਲਗਾਤਾਰ ਰਾਸਾਂ ਦਾ ਪ੍ਰੋਗਰਾਮ ਚੱਲਦਾ ਸੀ। ਪ੍ਰੋਗਰਾਮ ਪਿੰਡ ਦੇ ਵਿਚਕਾਰ ਖੁਲ੍ਹੇ ਥਾਂ ‘ਤੇ ਹੁੰਦੇ ਸਨ। ਕੋਈ ਸਟੇਜ ਨਹੀਂ ਸੀ ਹੁੰਦੀ। ਰਾਸਧਾਰੀਏ ਆਪਣੇ ਲਈ ਦਰੀਆਂ ਵਿਛਾ ਲੈਂਦੇ ਤੇ ਦਰਸ਼ਕ ਘੰਟਿਆਂ-ਬੱਧੀ ਭੁੰਜੇ ਬੈਠ ਕੇ ਰਾਸਾਂ ਦੇਖਦੇ।
ਔਰਤਾਂ ਲਾਗਲੇ ਘਰਾਂ ਦੇ ਬਨੇਰਿਆਂ ‘ਤੇ ਬਹਿ ਕੇ ਦੇਖਦੀਆਂ। ਲਾਗਲੇ ਪਿੰਡਾਂ ਦੇ ਲੋਕ ਵੀ ਆਇਆ ਕਰਦੇ ਸਨ। ਵੇਲ ਕਰਵਾਉਣ ਵਾਲ਼ੇ ਇਕ ਰੁਪਏ ਦਾ ਨੋਟ ਉਂਗਲਾਂ ‘ਚ ਫੜ ਕੇ ਹੱਥ ਉਤਾਂਹ ਚੁੱਕਦੇ। ਨਚਾਰ ਉਸ ਬੰਦੇ ਕੋਲ਼ ਪਹੁੰਚ ਕੇ ਉਸ ਦਾ ਨਾਂ ਪੁੱਛਦਾ ਤੇ ਬਾਂਹ ਉੱਚੀ ਕਰ ਕੇ ਆਖਦਾ, “ਵੇਲ, ਫਲਾਣੇ ਦੀ ਵੇਲ, ਇਕ ਰੁਪਈਏ ਦੀ ਵੇਲ, ਰੱਬ ਇਹਦੀ ਵੇਲ ਵਧਾਵੇ।” ਦੂਰ-ਨੇੜੇ ਦੇ ਹੋਰ ਪਿੰਡਾਂ ਵਿਚ ਵੀ ਇਸ ਮੰਡਲੀ ਦੀਆਂ ਰਾਸਾਂ ਪੈਂਦੀਆਂ ਰਹਿੰਦੀਆਂ। ਰਾਸਾਂ ਦੇ ਪ੍ਰੋਗਰਾਮਾਂ ਦੀ ਖ਼ਬਰ ਕੰਨੋ-ਕੰਨੀ ਲਾਗਲੇ ਪਿੰਡਾਂ ‘ਚ ਪਹੁੰਚ ਜਾਂਦੀ। ਰਾਸ ਦੇ ਸ਼ੌਕੀਨਾਂ ਲਈ ਤਿੰਨ-ਚਾਰ ਮੀਲ ਦੀ ਪੈਦਲ ਵਾਟ ਮਾਮੂਲੀ ਗੱਲ ਸੀ।
ਮੇਰਾ ਹਾਣੀ ਸੋਹਣ ਰਾਸਾਂ ਬਾਰੇ ਪੂਰੀ ਸੂਹ ਰੱਖਦਾ। ਉਸ ਤੋਂ ਖ਼ਬਰ ਮਿਲਣ ‘ਤੇ ਮੈਂ ਤੇ ਭਰਾ ਕੁਲਦੀਪ ਬਾਪੂ ਜੀ ਨੂੰ ਦੱਸ ਕੇ ਆਪਣੀ ਟੋਲੀ ਦੇ ਕਰਤਾਰ, ਜੀਤ, ਮੋਹਣ ਤੇ ਸੋਹਣ ਨਾਲ਼ ਰਾਸ ਦੇਖਣ ਚਲੇ ਜਾਂਦੇ। ਮੈਨੂੰ ਨਾਚ-ਗਾਣਿਆਂ ਨਾਲ਼ੋਂ ਡਰਾਮੇ ਵਧੇਰੇ ਪਸੰਦ ਸਨ। ਭਾਵੇਂ ਪਿੰਡੋਂ ਹੋਰ ਨਿਆਣਿਆਂ ਦਾ ਸਾਥ ਵੀ ਮਿਲ ਜਾਂਦਾ ਪਰ ਉਦੋਂ ਨਿਆਣਿਆਂ ਦੀ ਟੋਲੀ ਨੂੰ ਰਾਤਾਂ ਸਮੇਂ ਵੀ ਰਾਹਾਂ ‘ਚ ਕੋਈ ਖ਼ਤਰਾ ਨਹੀਂ ਸੀ ਹੁੰਦਾ।
ਕਮਿਊਨਿਸਟ ਪਾਰਟੀ ਦੇ ਡਰਾਮੇ ਰਾਸਾਂ ਨਾਲੋਂ ਵੱਧ ਦਿਲਚਸਪ ਹੁੰਦੇ ਸਨ। ਡਰਾਮਾ ਟੀਮ ਦਾ ਪ੍ਰਸਿੱਧ ਕਲਾਕਾਰ ‘ਜੋਗਿੰਦਰ ਬਾਹਰਲਾ’ ਸਾਡੇ ਪਿੰਡਾਂ ਦਾ ਸੀ। ਮਨੋਰੰਜਨ ਤੇ ਰਾਜਨੀਤਕ ਚੇਤਨਾ ਵਾਲ਼ੇ ਉਨ੍ਹਾਂ ਦੇ ਡਰਾਮੇ ਪਿੰਡਾਂ ਵਿਚ ਹੁੰਦੇ ਰਹਿੰਦੇ। ਉਹ ਡਰਾਮੇ ਲੋਕੀਂ ਰਾਸਾਂ ਨਾਲ਼ੋਂ ਵੀ ਵੱਧ ਸ਼ੌਂਕ ਨਾਲ਼ ਦੇਖਦੇ, ਕਈ-ਕਈ ਮੀਲ ਦੀ ਵਾਟ ਗਾਹ ਕੇ। ਸਾਡੇ ਪਿੰਡ ਦਾ ਦਲੀਪ ਸਿੰਘ ਕਮਿਊਨਿਸਟ ਪਾਰਟੀ, ਜ਼ਿਲ੍ਹਾ ਹੁਸ਼ਿਆਰਪੁਰ ਦਾ ਸੈਕਟਰੀ ਸੀ। 1959 ਵਿਚ ਉਸਨੇ ਪਿੰਡ ਦੇ ਅੰਬਾਂ ਦੇ ਬਾਗਾਂ ‘ਚ ਪਾਰਟੀ ਦੀ ਵੱਡੀ ਕਾਨਫਰੰਸ ਕਰਵਾਈ। ਦੂਰੋਂ-ਨੇੜਿਓਂ ਅਨੇਕਾਂ ਲੋਕ ਹੁਮ-ਹੁਮਾ ਕੇ ਪਹੁੰਚੇ ਸਨ। ਰਾਤ ਨੂੰ ਜੋਗਿੰਦਰ ਬਾਹਰਲੇ ਤੇ ਉਸਦੇ ਸਾਥੀਆਂ ਦਾ ਡਰਾਮਾ ਦੇਖ ਕੇ ਲੋਕ ਅਸ਼-ਅਸ਼ ਕਰ ਉੱਠੇ ਸਨ।
ਸਾਡੇ ਪਿੰਡ ਗੂਗਾ ਪੀਰ ਦੀ ਛਿੰਝ ਪੈਂਦੀ ਸੀ। ਗੂਗਾ ਨੌਮੀ ਦੀ ਸਾਰੀ ਰਾਤ ਟਮਕ (ਵੱਡਾ ਢੋਲ) ਵੱਜਦਾ। ਟਮਕ ਦੀ ਉੱਚੀ ਆਵਾਜ਼ ਨਾਲ਼ ਨੇੜਲੇ ਪਿੰਡਾਂ ਨੂੰ ਛਿੰਝ ਬਾਰੇ ਪਤਾ ਲੱਗ ਜਾਂਦਾ। ਅਗਲੇ ਦਿਨ ਲੌਢੇ ਕੁ ਵੇਲੇ ਛਿੰਝ ਸ਼ੁਰੂ ਹੋ ਜਾਂਦੀ। ਲਾਗਲੇ ਪਿੰਡਾਂ ਦੇ ਲੋਕ ਦੇਖਣ ਆਉਂਦੇ। ਗਰਮ-ਗਰਮ ਪਕੌੜਿਆਂ ਤੇ ਜਲੇਬੀਆਂ ਦੀਆਂ ਦੁਕਾਨਾਂ ‘ਤੇ ਭੀੜ ਲੱਗੀ ਹੁੰਦੀ। ਇਲਾਕੇ ਦੇ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਪ੍ਰਬੰਧਕਾਂ ਵੱਲੋਂ ਹਰ ਜੇਤੂ ਨੂੰ ਇਨਾਮ ਵਜੋਂ ਪੰਜ-ਸੱਤ ਰੁਪਏ ਦਿੱਤੇ ਜਾਂਦੇ। ਅਖੀਰਲਾ ਘੋਲ਼ ਰੁਮਾਲੀ ਦਾ ਹੁੰਦਾ। ਰੁਮਾਲੀ-ਜੇਤੂ ਦਾ ਇਨਾਮ ਜ਼ਿਆਦਾ ਹੁੰਦਾ ਸੀ।
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …