ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਗਿ੍ਰਫ਼ਤਾਰ
ਸਕਿਲ ਡਿਵੈਲਪਮੈਂਟ ਘੁਟਾਲਾ ਮਾਮਲੇ ’ਚ ਸੀਆਈਡੀ ਨੇ ਲਿਆ ਹਿਰਾਸਤ ’ਚ
ਨੰਦਯਾਲ/ਬਿਊਰੋ ਨਿਊਜ਼ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਸਕਿੱਲ ਡਿਵੈਲਪਮੈਂਟ ਘੁਟਾਲਾ ਮਾਮਲੇ ’ਚ ਅੱਜ ਸ਼ਨੀਵਾਰ ਨੂੰ ਸਵੇਰੇ 6 ਵਜੇ ਸੂਬੇ ਦੇ ਨੰਦਯਾਲ ਸ਼ਹਿਰ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੇ ਉਨ੍ਹਾਂ ਖਿਲਾਫ਼ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਇਹ ਮਾਮਲਾ 250 ਕਰੋੜ ਰੁਪਏ ਤੋਂ ਜ਼ਿਆਦਾ ਹੈ। ਚੰਦਰ ਬਾਬੂ ਨਾਇਡੂ ਨੂੰ ਜਦੋਂ ਗਿ੍ਰਫ਼ਤਾਰ ਕੀਤਾ ਗਿਆ ਉਦੋਂ ਉਹ ਨੰਦਯਾਲ ਸ਼ਹਿਰ ’ਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਇਕ ਬੱਸ ਵਿਚ ਅਰਾਮ ਕਰ ਰਹੇ ਸਨ। ਸੀਆਈਡੀ ਅਧਿਕਾਰੀ ਅਤੇ ਨੰਦਯਾਲ ਜ਼ਿਲ੍ਹਾ ਪੁਲਿਸ, ਕੁਰਨੂਲ ਰੇਂਜ ਡੀਆਈਜੀ ਰਘੂਰਾਮੀ ਰੇਡੀ ਦੀ ਅਗਵਾਈ ’ਚ ਸਵੇਰੇ ਤਿੰਨ ਵਜੇ ਉਸ ਕੈਂਪ ਸਾਈਡ ’ਤੇ ਪਹੁੰਚੇ ਜਿੱਥੇ ਨਾਇਡੂ ਠਹਿਰੇ ਹੋਏ ਸਨ ਅਤੇ ਨਾਇਡੂ ਨੂੰ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਦੇ ਪਾਰਟੀ ਸਮਰਥਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਮੌਕੇ ਪੁਲਿਸ ਅਤੇ ਪਾਰਟੀ ਵਰਕਰਾਂ ਦਰਮਿਆਨ ਝੜਪ ਵੀ ਹੋਈ ਜਦੋਂ ਪਾਰਟੀ ਵਰਕਰ ਨਹੀਂ ਮੰਨੇ ਤਾਂ ਪੁਲਿਸ ਨੇ ਕੁੱਝ ਪਾਰਟੀ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਲਾਕੇ ’ਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਉਧਰ ਆਂਧਰਾ ਪ੍ਰਦੇਸ਼ ਪੁਲਿਸ ਨੇ ਚੰਦਰ ਬਾਬੂ ਨਾਇਡੂ ਦੇ ਪੁੱਤਰ ਪਾਰਾ ਲੋਕੇਸ਼ ਨੂੰ ਈਸਟ ਗੋਦਾਵਰੀ ਜ਼ਿਲ੍ਹੇ ਤੋਂ ਹਿਰਾਸਤ ਵਿਚ ਲੈ ਲਿਆ ਹੈ। ਲੋਕੇਸ਼ ਇਥੇ ਪੈਦਲ ਯਾਤਰਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਵਿਜੇਵਾੜਾ ਨਹੀਂ ਜਾਣ ਦਿੱਤਾ ਗਿਆ।