-4.5 C
Toronto
Wednesday, March 18, 2026
spot_img
Homeਪੰਜਾਬਆਪ' ਵਿਧਾਇਕ ਨੇ ਫਰਜ਼ੀ ਸਰਟੀਫਿਕੇਟ ਨਾਲ ਪੁੱਤ ਨੂੰ ਨੌਕਰੀ ਦਿਵਾਈ: ਮਜੀਠੀਆ

ਆਪ’ ਵਿਧਾਇਕ ਨੇ ਫਰਜ਼ੀ ਸਰਟੀਫਿਕੇਟ ਨਾਲ ਪੁੱਤ ਨੂੰ ਨੌਕਰੀ ਦਿਵਾਈ: ਮਜੀਠੀਆ

ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ‘ਤੇ ਲਾਇਆ ਫਰਜ਼ੀ ਅਪੰਗਤਾ ਸਰਟੀਫਿਕੇਟ ਬਣਾਉਣ ਦਾ ਆਰੋਪ
ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਆਰੋਪ ਲਾਇਆ ਕਿ ਕਰਤਾਰਪੁਰ ਹਲਕੇ ਤੋਂ ‘ਆਪ’ ਵਿਧਾਇਕ ਬਲਕਾਰ ਸਿੰਘ ਨੇ ਆਪਣੇ ਪੁੱਤਰ ਲਈ ਸਬ-ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਵਾਸਤੇ ਆਪਣੇ ਆਪ ਨੂੰ 50 ਫੀਸਦੀ ਅਪੰਗ ਹੋਣ ਦਾ ਦਾਅਵਾ ਕਰਦਿਆਂ ਕਥਿਤ ਤੌਰ ‘ਤੇ ਜਾਅਲੀ ਸਰਟੀਫਿਕੇਟ ਬਣਾਇਆ ਹੈ। ਉਨ੍ਹਾਂ ਮੰਗ ਕੀਤੀ ਵਿਧਾਇਕ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਉਸ ਦੇ ਪੁੱਤਰ ਸਮੇਤ ਉਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਇਹ ਗੈਰਕਾਨੂੰਨੀ ਕੰਮ ਕੀਤਾ ਹੈ।
ਅਕਾਲੀ ਆਗੂ ਮਜੀਠੀਆ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਦਾਅਵਾ ਵੀ ਕੀਤਾ ਕਿ ਆਮ ਆਦਮੀ ਪਾਰਟੀ ਕਥਿਤ ਤੌਰ ‘ਤੇ ਗੈਰ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਤਨਖਾਹਾਂ ‘ਤੇ ਨੌਕਰੀਆਂ ‘ਤੇ ਰੱਖ ਰਹੀ ਹੈ, ਜਦਕਿ ਉਹ ਪੰਜਾਬੀ ਦੀ ਪੜ੍ਹਾਈ ਕੀਤੀ ਹੋਣ ਦੀ ਸ਼ਰਤ ਵੀ ਪੂਰੀ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਇੱਕ ਵਿਅਕਤੀ ਨੂੰ ਮੁੱਖ ਮੰਤਰੀ ਦਾ ਓਐੱਸਡੀ (ਮੀਡੀਆ) ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਇਕ ਨੂੰ ਸੋਸ਼ਲ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੀਆਂ ਤਨਖਾਹਾਂ ਕ੍ਰਮਵਾਰ ਡੇਢ ਲੱਖ ਰੁਪਏ ਤੇ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਹਨ ਤੇ ਇਸ ਦੇ ਨਾਲ ਹੀ ਸਰਕਾਰੀ ਘਰ ਤੇ ਗੱਡੀਆਂ ਦੀ ਸਹੂਲਤ ਵੀ ਦਿੱਤੀ ਹੋਈ ਹੈ। ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਦੇ ਵਿਧਾਇਕ ਤੇ ਪੰਜਾਬ ਪੁਲਿਸ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਦੇ ਪੁੱਤਰ ਸੁਸ਼ੋਭਿਤਵੀਰ ਸਿੰਘ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਕਾਂਗਰਸ ਸਰਕਾਰ ਵੇਲੇ ਅਗਸਤ 2021 ‘ਚ ਸ਼ੁਰੂ ਹੋਈ ਸੀ ਤੇ ਉਦੋਂ ਉਹ ਫੇਲ੍ਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਵਿੱਚ ਪ੍ਰੀਖਿਆ ਵਿੱਚ ਫੇਲ੍ਹ ਹੋਣ ਮਗਰੋਂ ਸੁਸ਼ੋਭਿਤਵੀਰ ਨੇ ਆਪਣੀ ਕੈਟਾਗਿਰੀ ਬਦਲ ਲਈ। 20 ਅਕਤੂਬਰ 2022 ਨੂੰ ਸੂਬੇ ਦੇ ਡੀਜੀਪੀ ਨੇ ਸਾਬਕਾ ਡੀਸੀਪੀ ਨੂੰ ਪੱਤਰ ਦਿੱਤਾ ਜਿਸ ਵਿਚ ਦੱਸਿਆ ਕਿ ਉਨ੍ਹਾਂ ਦੀ ਬੇਨਤੀ ‘ਤੇ ਉਨ੍ਹਾਂ ਦਾ ਪੁੱਤਰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ 2 ਫੀਸਦ ਰਾਖਵੇਂਕਰਨ ਤਹਿਤ ਯੋਗ ਹੈ।
ਮਜੀਠੀਆ ਨੇ ਦਾਅਵਾ ਕੀਤਾ ਕਿ ਉਹ 50 ਫੀਸਦ ਅਪੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰੀ ਨੌਕਰੀ ਲਈ ਉਮੀਦਵਾਰ ਆਪਣੀ ਅਰਜ਼ੀ ਦੇਣ ਤੋਂ ਬਾਅਦ ਆਪਣਾ ਵਰਗ (ਕੈਟਾਗਿਰੀ) ਨਹੀਂ ਬਦਲ ਸਕਦਾ।

 

RELATED ARTICLES
POPULAR POSTS