Breaking News
Home / ਭਾਰਤ / ਭੁਪੇਂਦਰ ਪਟੇਲ ਨੇ ਗੁਜਰਾਤ ਦੇ 18ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਭੁਪੇਂਦਰ ਪਟੇਲ ਨੇ ਗੁਜਰਾਤ ਦੇ 18ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਣੇ ਭਾਜਪਾ ਦੇ ਵੱਡੇ ਆਗੂ ਰਹੇ ਹਾਜ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭੁਪੇਂਦਰ ਪਟੇਲ ਨੇ ਅੱਜ ਸੋਮਵਾਰ ਨੂੰ ਗੁਜਰਾਤ ਦੇ 18ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਹੈ। ਗਾਂਧੀਨਗਰ ਸਕੱਤਰੇਤ ਦੇ ਹੈਲੀਪੈਡ ਗਰਾਊਂਡ ਵਿਚ ਰਾਜਪਾਲ ਨੇ ਅੱਜ ਦੁਪਹਿਰੇ 2 ਵੱਜ ਕੇ 2 ਮਿੰਟ ’ਤੇ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭੁਪੇਂਦਰ ਪਟੇਲ ਤੋਂ ਬਾਅਦ 16 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ। ਸਮਾਗਮ ਲਈ ਬਣਾਏ ਗਏ ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਹੁੰ ਚੁੱਕ ਸਮਾਗਮ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਦੂਜੇ ਆਗੂ ਅਤੇ 200 ਸੰਤ ਵੀ ਹਾਜ਼ਰ ਸਨ। ਗੁਜਰਾਤ ਦੇ 18ਵੇਂ ਮੁੱਖ ਮੰਤਰੀ ਬਣਨ ਵਾਲੇ ਭੁਪੇਂਦਰ ਪਟੇਲ ਪਾਟੀਦਾਰ ਭਾਈਚਾਰੇ ਵਿਚੋਂ ਇਕਲੌਤੇ ਆਗੂ ਹਨ, ਜੋ ਲਗਾਤਾਰ ਦੂਜੀ ਵਾਰ ਸੀਐਮ ਬਣੇ ਹਨ। ਉਨ੍ਹਾਂ ਨੂੰ 15 ਮਹੀਨੇ ਪਹਿਲਾਂ ਵਿਜੇ ਰੂਪਾਨੀ ਦੀ ਜਗ੍ਹਾ ਗੁਜਰਾਤ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਹਿਮਾਚਲ ਪ੍ਰਦੇਸ਼ ਵਿਚ ਵੀ ਕਾਂਗਰਸ ਪਾਰਟੀ ਵਲੋਂ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੇ ਅੱਜ ਆਪਣਾ ਕਾਰਜਭਾਰ ਵੀ ਸੰਭਾਲ ਲਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਸੀ ਅਤੇ ਹਿਮਾਚਲ ਵਿਚ ਕਾਂਗਰਸ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …