ਓਪੀ ਸੋਨੀ, ਧਰਮਸੋਤ ਅਤੇ ਰਾਣਾ ਕੇਪੀ ਤੋਂ ਕੀਤਾ ਕਿਨਾਰਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਆਪਣੀ ਰਣਨੀਤੀ ਵਿਚ ਬਦਲਾਅ ਕੀਤਾ ਹੈ। ਭਾਜਪਾ ਹੁਣ ਭਿ੍ਰਸ਼ਟਾਚਾਰ ਦੇ ਆਰੋਪਾਂ ਵਿਚ ਘਿਰੇ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕਰੇਗੀ। ਇਸੇ ਕਾਰਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਕੇ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਵੀ ਭਾਜਪਾ ਵਿਚ ਰਲੇਵਾਂ ਕਰਕੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਦੀ ਸੂਚੀ ਵੀ ਦਿੱਤੀ ਤਾਂ ਭਾਜਪਾ ਨੇ ਇਸ ਸੂਚੀ ਵਿਚੋਂ ਕੁਝ ਨਾਮ ਕੱਟ ਦਿੱਤੇ। ਇਸ ਸੂਚੀ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਣੇ ਓਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਦਾ ਨਾਮ ਸ਼ਾਮਲ ਹੈ। ਧਰਮਸੋਤ ਦਾ ਨਾਮ ਪੋਸਟ ਮੈਟਰਿਕ ਸਕਾਲਰਸ਼ਿਪ ਅਤੇ ਜੰਗਲਾਤ ਵਿਭਾਗ ਵਿਚ ਹੋਏ ਘੁਟਾਲੇ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੰਤਰੀ ਓਪੀ ਸੋਨੀ ਦਾ ਨਾਮ ਕਰੋਨਾ ਕਾਲ ਦੌਰਾਨ ਸੈਨੇਟਾਈਜਰਾਂ ਦੀ ਖਰੀਦ ਸਬੰਧੀ ਹੋਈ ਹੇਰਾਫੇਰੀ ਨਾਲ ਜੁੜ ਗਿਆ ਸੀ। ਹਾਲਾਂਕਿ ਪੰਜਾਬ ਸਰਕਾਰ ਵਲੋਂ ਸੋਨੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦਾ ਨਾਮ ਸਿੱਧੇ ਤੌਰ ’ਤੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਾਹਮਣੇ ਨਹੀਂ ਆਇਆ, ਪਰ ਭਾਜਪਾ ਨੇ ਉਨ੍ਹਾਂ ਦਾ ਨਾਮ ਵੀ ਲਿਸਟ ਵਿਚੋਂ ਕੱਟ ਦਿੱਤਾ ਸੀ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਰਾਣਾ ਕੇਪੀ ਭਾਜਪਾ ਵਿਚ ਸ਼ਾਮਲ ਹੋਣ ਲਈ ਕੈਪਟਨ ਅਮਰਿੰਦਰ ਦੇ ਨਾਲ ਦਿੱਲੀ ਵੀ ਗਏ, ਪਰ ਕੈਪਟਨ ਦੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਸੋਨੀ ਅਤੇ ਧਰਮਸੋਤ ਦੇ ਨਾਲ ਹੀ ਰਾਣਾ ਕੇਪੀ ਦਾ ਨਾਮ ਵੀ ਲਿਸਟ ਵਿਚੋਂ ਹਟਾਉਣ ਲਈ ਕਿਹਾ ਗਿਆ ਸੀ। ਭਾਜਪਾ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ ਨੇ ਆਪਣੀ ਰਣਨੀਤੀ ਵਿਚ ਬਦਲਾਅ ਕਰਦੇ ਹੋਏ ਫੈਸਲਾ ਲਿਆ ਹੈ ਕਿ ਜਿਨ੍ਹਾਂ ਆਗੂਆਂ ’ਤੇ ਭਿ੍ਰਸ਼ਟਾਚਾਰ ਦਾ ਕੋਈ ਮਾਮਲਾ ਹੋਵੇ ਜਾਂ ਗੰਭੀਰ ਆਰੋਪ ਲੱਗੇ ਹਨ, ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।